Gee 98News

ਸਿੱਖਿਆ ਵਿਭਾਗ ਨੇ ਅਧਿਆਪਕਾਂ ਦੇ ਸਰਵਿਸ ਰੂਲ ਬਦਲੇ…ਕੈਬਨਿਟ ਨੇ ਦਿੱਤੀ ਮਨਜ਼ੂਰੀ

ਚੰਡੀਗੜ੍ਹ, 9 ਸਤੰਬਰ, Gee98 news service

-ਪੰਜਾਬ ਕੈਬਨਿਟ ਨੇ ਸੂਬੇ ਦੇ ਸਿੱਖਿਆ ਵਿਭਾਗ ਵਿੱਚ ਤਰੱਕੀ ਦੀ ਪ੍ਰਕਿਰਿਆ ਨੂੰ ਹੋਰ ਬਿਹਤਰ ਅਤੇ ਸੁਚਾਰੂ ਬਣਾਉਣ ਲਈ ਪੰਜਾਬ ਸਿੱਖਿਆ ਸੇਵਾ ਨਿਯਮ-2018 (Punjab Education Service Rules-2018) ਵਿੱਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਹੈ । ਸਰਕਾਰ ਦਾ ਕਹਿਣਾ ਹੈ ਕਿ ਇਸ ਫੈਸਲੇ ਨਾਲ ਲੱਗਭੱਗ 1500 ਅਧਿਆਪਕਾਂ ਨੂੰ ਸਿੱਧੇ ਤੌਰ ‘ਤੇ ਲਾਭ ਮਿਲੇਗਾ ਅਤੇ ਉਨ੍ਹਾਂ ਲਈ ਤਰੱਕੀ ਦੇ ਨਵੇਂ ਰਾਹ ਖੁੱਲ੍ਹਣਗੇ। 2018 ਦੇ ਮੌਜੂਦਾ ਨਿਯਮਾਂ ਵਿੱਚ ਕੁਝ ਅਜਿਹੇ ਕਾਡਰ ਸਨ, ਜਿਨ੍ਹਾਂ ਲਈ ਤਰੱਕੀ ਦਾ ਕੋਈ ਮੌਕਾ ਨਹੀਂ ਸੀ । ਪਰ ਹੁਣ ਇਨ੍ਹਾਂ ਨਿਯਮਾਂ ਵਿੱਚ ਸੋਧ ਤੋਂ ਬਾਅਦ ਹੇਠ ਲਿਖੇ ਅਧਿਆਪਕਾਂ ਨੂੰ ਤਰੱਕੀ ਦੇ ਨਵੇਂ ਮੌਕੇ ਮਿਲਣਗੇ, ਜਿਵੇਂ ਪੀ.ਟੀ.ਆਈ, ਐਲੀਮੈਂਟਰੀ),ਪ੍ਰੀ-ਪ੍ਰਾਇਮਰੀ ਅਧਿਆਪਕ,ਸਪੈਸ਼ਲ ਐਜੂਕੇਟਰ ਅਧਿਆਪਕ (ਸੈਕੰਡਰੀ ਅਤੇ ਐਲੀਮੈਂਟਰੀ),ਵੋਕੇਸ਼ਨਲ ਮਾਸਟਰ ਨੂੰ ਇਸ ਸੋਧ ਦਾ ਫਾਇਦਾ ਹੋਵੇਗਾ।

                            ਇਸ ਮਹੱਤਵਪੂਰਨ ਸੋਧ ਨਾਲ ਨਾ ਸਿਰਫ਼ ਮੌਜੂਦਾ ਅਧਿਆਪਕਾਂ ਨੂੰ ਫਾਇਦਾ ਹੋਵੇਗਾ, ਸਗੋਂ ਇਸ ਨਾਲ ਸਿੱਖਿਆ ਵਿਭਾਗ ਵਿੱਚ ਨਵੀਆਂ ਭਰਤੀਆਂ ਦਾ ਰਾਹ ਵੀ ਸਾਫ਼ ਹੋਵੇਗਾ। ਸਿੱਖਿਆ ਵਿਭਾਗ ਦਾ ਕਹਿਣਾ ਹੈ ਕਿ ਇਸ ਸੋਧ ਨਾਲ ਉਨ੍ਹਾਂ ਅਧਿਆਪਕਾਂ ਨੂੰ ਰਾਹਤ ਮਿਲੇਗੀ ਜੋ ਕਈ ਸਾਲਾਂ ਤੋਂ ਇੱਕੋ ਅਹੁਦੇ ‘ਤੇ ਕੰਮ ਕਰ ਰਹੇ ਸਨ ਅਤੇ ਉਨ੍ਹਾਂ ਕੋਲ ਤਰੱਕੀ ਦਾ ਕੋਈ ਬਦਲ ਨਹੀਂ ਸੀ। ਜਦੋਂ ਮੌਜੂਦਾ ਅਧਿਆਪਕ ਤਰੱਕੀ ਪਾ ਕੇ ਉਪਰਲੇ ਅਹੁਦਿਆਂ ‘ਤੇ ਜਾਣਗੇ, ਤਾਂ ਹੇਠਲੇ ਪੱਧਰ ‘ਤੇ ਅਸਾਮੀਆਂ ਖਾਲੀ ਹੋਣਗੀਆਂ, ਜਿਸ ਨਾਲ ਨਵੀਆਂ ਭਰਤੀਆਂ ਦਾ ਰਾਹ ਖੁੱਲ੍ਹੇਗਾ । ਇਸ ਨਾਲ ਸੂਬੇ ਦੇ ਚਾਹਵਾਨ ਉਮੀਦਵਾਰਾਂ ਲਈ ਨੌਕਰੀਆਂ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ। ਇਹ ਫੈਸਲਾ ਪੰਜਾਬ ਸਰਕਾਰ ਵੱਲੋਂ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਅਤੇ ਅਧਿਆਪਕਾਂ ਦੇ ਮਨੋਬਲ ਨੂੰ ਵਧਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।

Gee98 Ads
error: Content is protected !!