ਮਹਿਲ ਕਲਾਂ, 10 ਸਤੰਬਰ ( ਜਸਵੰਤ ਸਿੰਘ ਲਾਲੀ )-
ਮਹਿਲਕਲਾਂ ‘ਚ ਚੋਰਾਂ ਨੇ ਲੋਕਾਂ ਦੇ ਨੱਕ ‘ਚ ਦਮ ਕੀਤਾ ਹੋਇਆ ਹੈ। ਚੋਰ ਬੜੀ ਨਿਡਰਤਾ ਨਾਲ ਲੋਕਾਂ ਦੇ ਘਰਾਂ ਦੁਕਾਨਾਂ ਅਤੇ ਖੇਤਾਂ ‘ਚ ਮੋਟਰਾਂ ‘ਤੇ ਚੋਰੀਆਂ ਕਰਕੇ ਲੋਕਾਂ ਦਾ ਆਰਥਿਕ ਤੌਰ ‘ਤੇ ਨੁਕਸਾਨ ਕਰ ਰਹੇ ਹਨ ਪ੍ਰੰਤੂ ਸਥਾਨਕ ਪੁਲਿਸ ਇਹਨਾਂ ਚੋਰਾਂ ਨੂੰ ਨੱਥ ਪਾਉਣ ਵਿੱਚ ਕਾਮਯਾਬ ਨਹੀਂ ਹੋ ਰਹੀ। ਜੇਕਰ ਮਹਿਲ ਕਲਾਂ ਬੱਸ ਸਟੈਂਡ ਦੀ ਗੱਲ ਕੀਤੀ ਜਾਵੇ ਤਾਂ ਕਈ ਕਈ ਮਹੀਨੇ ਪਹਿਲਾਂ ਹੋਈਆਂ ਚੋਰੀਆਂ ਦਾ ਸੁਰਾਗ ਸਥਾਨਕ ਪੁਲਿਸ ਨੂੰ ਅਜੇ ਤੱਕ ਨਹੀਂ ਲੱਭਿਆ ਜਾਂ ਫਿਰ ਪੁਲਿਸ ਨੇ ਲੱਭਣ ਦਾ ਯਤਨ ਹੀ ਨਹੀਂ ਕੀਤਾ। ਘਰਾਂ ਤੇ ਦੁਕਾਨਾਂ ‘ਚ ਚੋਰੀਆਂ ਤੋਂ ਬਾਅਦ ਹੁਣ ਚੋਰਾਂ ਨੇ ਦੁਕਾਨਾਂ ਅੱਗੇ ਖੜੇ ਮੋਟਰਸਾਈਕਲ ਵੀ ਚੋਰੀ ਕਰਨੇ ਸ਼ੁਰੂ ਕਰ ਦਿੱਤੇ ਹਨ। ਮਹਿਲ ਕਲਾਂ ਖੇਤਰ ਵਿੱਚ ਸਰਗਰਮ ਮੋਟਰਸਾਈਕਲ ਚੋਰ ਗਿਰੋਹ ਨੇ ਲੋਕਾਂ ਦੀ ਚਿੰਤਾ ‘ਚ ਵਾਧਾ ਕੀਤਾ ਹੈ ਕਿਉਂਕਿ ਆਏ ਦਿਨ ਕਿਸੇ ਨਾ ਕਿਸੇ ਪਾਸੇ ਮੋਟਰਸਾਈਕਲ ਚੋਰੀ ਹੋ ਜਾਂਦਾ ਹੈ। ਬਹੁਤੇ ਲੋਕ ਅਜਿਹੇ ਹਨ ਜਿਹੜੇ ਮੋਟਰਸਾਈਕਲ ਚੋਰੀ ਹੋਣ ਦੀ ਥਾਣੇ ਰਿਪੋਰਟ ਵੀ ਦਰਜ ਨਹੀਂ ਕਰਵਾਉਂਦੇ ਕਿ ਪੁਲਿਸ ਨੇ ਲੱਭਣਾ ਤਾਂ ਹੈ ਨਹੀਂ।
ਕੁਝ ਦਿਨ ਪਹਿਲਾਂ ਸਥਾਨਕ ਬੀਡੀਪੀਓ ਕੰਪਲੈਕਸ ਵਿੱਚੋਂ ਬਸ ਸਟੈਂਡ ‘ਤੇ ਦੁਕਾਨ ਕਰਦੇ ਐਸ ਕੇ ਬੂਟ ਹਾਊਸ ਦੇ ਮਾਲਕ ਕੁਲਦੀਪ ਸਿੰਘ ਦਾ ਮੋਟਰਸਾਈਕਲ ਨੰਬਰ ਪੀ ਬੀ 10.ਐਫ ਕੇ 9402 ਚੋਰ ਬੜੀ ਆਸਾਨੀ ਨਾਲ ਚੋਰੀ ਕਰਕੇ ਲੈ ਗਏ। ਕੁਲਦੀਪ ਸਿੰਘ ਨੇ ਦੱਸਿਆ ਕਿ ਉਸਨੇ ਸਵੇਰੇ ਆਪਣਾ ਮੋਟਰਸਾਈਕਲ ਬੀਡੀਪੀਓ ਕੰਪਲੈਕਸ ਦੇ ਵਿੱਚ ਖੜਾ ਕੀਤਾ ਪ੍ਰੰਤੂ ਜਦ ਉਸ ਨੇ ਵੇਖਿਆ ਤਾਂ ਮੋਟਰਸਾਈਕਲ ਗਾਇਬ ਸੀ, ਜਿਸ ਦੀ ਚੋਰੀ ਦੀ ਰਿਪੋਰਟ ਥਾਣੇ ਦਰਜ ਕਰਵਾ ਦਿੱਤੀ ਹੈ। ਦੱਸ ਦੇਈਏ ਕਿ ਬੀਡੀਪੀਓ ਕੰਪਲੈਕਸ ਮਹਿਲ ਕਲਾਂ ਦੀ ਮੇਨ ਮਾਰਕੀਟ ‘ਚ ਬਣਿਆ ਹੋਇਆ ਹੈ ਜਿੱਥੇ ਹਰ ਦੁਕਾਨ ‘ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਪ੍ਰੰਤੂ ਦੋ ਦਿਨ ਬੀਤਣ ਦੇ ਬਾਵਜੂਦ ਵੀ ਸਥਾਨਕ ਪੁਲਿਸ ਨੇ ਸੀਸੀਟੀਵੀ ਫੁਟੇਜ ਵੇਖਣ ਦੀ ਖੇਚਲਾ ਨਹੀਂ ਕੀਤੀ। ਮਹਿਲਕਲਾਂ ਖੇਤਰ ਵਿੱਚ ਘਰਾਂ, ਦੁਕਾਨਾਂ ਅਤੇ ਮੋਟਰਸਾਈਕਲ ਚੋਰੀ ਕਰਨ ਵਾਲੇ ਚੋਰ ਲੰਮੇ ਸਮੇਂ ਤੋਂ ਪੁਲਿਸ ਤੋਂ ਬਚੇ ਹੋਏ ਹਨ ਜਿਸ ਕਰਕੇ ਚੋਰਾਂ ਦੇ ਹੌਸਲੇ ਬੁਲੰਦ ਹਨ ਅਤੇ ਲੋਕ ਸਹਿਮ ‘ਚ ਹਨ। ਇਹਨਾਂ ਚੋਰੀਆਂ ਕਾਰਨ ਆਰਥਿਕ ਨੁਕਸਾਨ ਝੱਲਣ ਵਾਲੇ ਲੋਕਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਤੋਂ ਮੰਗ ਕੀਤੀ ਹੈ ਕਿ ਮਹਿਲ ਕਲਾਂ ਖੇਤਰ ਵਿੱਚ ਚੋਰਾਂ ਨੂੰ ਨੱਥ ਪਾਈ ਜਾਵੇ।
ਫੋਟੋ ਕੈਪਸ਼ਨ-ਕੁਲਦੀਪ ਸਿੰਘ ਦੇ ਚੋਰੀ ਹੋਏ ਮੋਟਰਸਾਈਕਲ ਦੀ ਪੁਰਾਣੀ ਤਸਵੀਰ










