-ਮਹਿਲ ਕਲਾਂ 16 ਸਤੰਬਰ (ਜਸਵੰਤ ਸਿੰਘ ਲਾਲੀ)-
ਪਿਛਲੇਂ ਦਿਨੀ ਬਰਨਾਲਾ-ਲੁਧਿਆਣਾ ਮੁੱਖ ਮਾਰਗ ‘ਤੇ ਪਿੰਡ ਨਿਹਾਲੂਵਾਲ ਦੇ ਨੇੜੇ ਇੱਕ ਸੜਕ ਹਾਦਸੇ ਵਿੱਚ ਮਹਿਲ ਕਲਾਂ ਦੇ ਮਾਰੇ ਗਏ ਦੋ ਨੌਜਵਾਨਾਂ ਦੀ ਮੌਤ ਦੇ ਮਾਮਲੇ ‘ਚ ਸਥਾਨਕ ਪੁਲਿਸ ਨੇ ਇੱਕ ਭੱਠਾ ਮਾਲਕ ਤੇ ਇੱਕ ਟਰੈਕਟਰ ਚਾਲਕ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਦੱਸ ਦੇਈਏ ਕਿ ਸ਼ਨਿੱਚਰਵਾਰ ਤੇ ਐਤਵਾਰ ਦੇ ਦਰਮਿਆਨੀ ਰਾਤ ਛਪਾਰ ਦੇ ਮੇਲੇ ਤੋਂ ਗੱਡੀ ‘ਚ ਵਾਪਸ ਆ ਰਹੇ ਨੌਜਵਾਨਾਂ ਦੀ ਗੱਡੀ ਇੱਟਾਂ ਦੇ ਭੱਠੇ ਦੀ ਟਰੈਕਟਰ ਟਰਾਲੀ ਨਾਲ ਟਕਰਾ ਗਈ ਜਿਸ ਵਿੱਚ ਦੋ ਨੌਜਵਾਨਾਂ ਲਖਵਿੰਦਰ ਸਿੰਘ ਅਤੇ ਦਿਨੇਸ਼ ਕੁਮਾਰ ਦੀ ਮੌਤ ਹੋ ਗਈ ਸੀ ਅਤੇ ਇੱਕ ਜ਼ਖਮੀ ਹੋ ਗਿਆ ਸੀ। ਸਥਾਨਕ ਪੁਲਿਸ ਨੇ ਇਸ ਮਾਮਲੇ ‘ਚ ਪਹਿਲਾਂ ਮੁਢਲੀ ਕਾਰਵਾਈ ਕੀਤੀ ਸੀ ਪ੍ਰੰਤ ਮ੍ਰਿਤਕ ਨੌਜਵਾਨਾਂ ਦੇ ਵਾਰਸ ਪੁਲਿਸ ਵੱਲੋਂ ਕੀਤੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਸਨ ਜਿਸ ਤੋਂ ਬਾਅਦ ਦੋਵੇਂ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਿਕ ਮੈਂਬਰਾਂ ਨੇ ਜਨਤਕ ਜਥੇਬੰਦੀਆਂ ਨੂੰ ਨਾਲ ਲੈ ਕੇ ਮੰਗਲਵਾਰ ਸਵੇਰੇ ਬੱਸ ਸਟੈਂਡ ਮਹਿਲ ਕਲਾਂ ਚੌਂਕ ਵਿੱਚ ਧਰਨਾ ਦੇ ਕੇ ਟਰੈਫਿਕ ਜਾਮ ਕਰ ਦਿੱਤਾ।
ਪੀੜਤ ਪਰਿਵਾਰਾਂ ਦੀ ਮੰਗ ਸੀ ਕਿ ਪੁਲਿਸ ਇਸ ਮਾਮਲੇ ‘ਚ ਟਰੈਕਟਰ ਚਾਲਕ ਦੇ ਨਾਲ ਨਾਲ ਭੱਠਾ ਮਾਲਕ ਦੇ ਖ਼ਿਲਾਫ਼ ਵੀ ਮੁਕੱਦਮਾ ਦਰਜ ਕਰੇ। ਇਸ ਮਾਮਲੇ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਰਬਜੀਤ ਸਿੰਘ ਐਸਐਚਓ ਮਹਿਲ ਕਲਾਂ ਨੇ ਕਿਹਾ ਕਿ ਲੋਕਾਂ ਦੀ ਮੰਗ ਦੇ ਅਨੁਸਾਰ ਇਸ ਹਾਦਸੇ ‘ਚ ਮਾਰੇ ਗਏ ਨੌਜਵਾਨਾਂ ਦੀ ਮੌਤ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇਗੀ ਜਿਸ ਤੋਂ ਬਾਅਦ ਲੋਕਾਂ ਨੇ ਟਰੈਫਿਕ ਜਾਮ ਖੋਲਿਆ। ਐਸਐਚਓ ਸਰਬਜੀਤ ਸਿੰਘ ਨੇ ਦੱਸਿਆ ਕਿ ਹਾਦਸੇ ‘ਚ ਜ਼ਖਮੀ ਹੋਏ ਨੌਜਵਾਨ ਗੌਰਵ ਸਿੰਗਲਾ ਪੁੱਤਰ ਪ੍ਰਵੀਨ ਸਿੰਗਲਾ ਵਾਸੀ ਮਹਿਲ ਕਲਾਂ ਦੇ ਬਿਆਨਾਂ ਦੇ ਅਧਾਰ ‘ਤੇ ਟਰੈਕਟਰ ਚਾਲਕ ਸੋਹਣ ਕੁਮਾਰ ਰਿਸ਼ੀ ਪੁੱਤਰ ਪਿਰਥੀ ਰਿਸ਼ੀ ਵਾਸੀ ਬੇਗਮਪੁਰਾ ਥਾਣਾ ਜਲਾਲਗੜ੍ਹ ਜਿਲਾ ਪੂਰਨੀਆਂ ਬਿਹਾਰ ਹਾਲ ਆਬਾਦ ਬੀਬੀਕੇ ਭੱਠਾ ਹਮੀਦੀ ਅਤੇ ਭੱਠੇ ਦੇ ਮਾਲਕ ਪ੍ਰਵੀਨ ਕੁਮਾਰ ਪੁੱਤਰ ਚਮਨ ਲਾਲ ਵਾਸੀ ਬਰਨਾਲਾ ਦੇ ਖ਼ਿਲਾਫ਼ ਧਾਰਾ 281,106(1),324(4), 125 (A) 125 ( B ) 341(3)( 4 ) BNS ਅਤੇ ਮੋਟਰ ਵਹੀਕਲ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।










