ਬਰਨਾਲਾ 24, ਸਤੰਬਰ, (ਨਿਰਮਲ ਸਿੰਘ ਪੰਡੋਰੀ)-
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਲੋਕਾਂ ਨੂੰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਦੀ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀਂ ਪ੍ਰੈਸ ਕਾਨਫਰੰਸ ਦੇ ਨਾਲ ਐਲਾਨ ਕੀਤਾ ਸੀ ਕਿ ਮੁਢਲੇ ਤੌਰ ‘ਤੇ ਪੰਜਾਬ ਦੇ ਦੋ ਜ਼ਿਲਿਆਂ ਤਰਨਤਾਰਨ ਅਤੇ ਬਰਨਾਲਾ ਵਿੱਚ ਇਸ ਯੋਜਨਾ ਤਹਿਤ ਲਾਭਪਾਤਰੀ ਕਾਰਡ ਬਣਾਉਣ ਦੀ ਰਜਿਸਟਰੇਸ਼ਨ ਸ਼ੁਰੂ ਕੀਤੀ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਤਰਨਤਾਰਨ ਜ਼ਿਲ੍ਹੇ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਵਰਚੂਅਲੀ ਰਜਿਸਟਰੇਸ਼ਨ ਕੈਂਪਾਂ ਦਾ ਉਦਘਾਟਨ ਕੀਤਾ ਪ੍ਰੰਤੂ ਬਰਨਾਲਾ ਜ਼ਿਲ੍ਹੇ ਵਿੱਚ ਇਸ ਸਿਹਤ ਯੋਜਨਾ ਦੇ ਰਜਿਸਟਰੇਸ਼ਨ ਦੀ ਪਹਿਲੇ ਦਿਨ 23 ਸਤੰਬਰ ਨੂੰ ਕੋਈ ਗਤੀਵਿਧੀ ਸਾਹਮਣੇ ਨਹੀਂ ਆਈ।
ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਇਹ ਕਾਰਡ ਲੋਕਾਂ ਦੇ ਘਰਾਂ ਦੇ ਨਜ਼ਦੀਕ ਕੈਂਪ ਲਗਾ ਕੇ ਬਣਾਏ ਜਾਣਗੇ ਤਾਂ ਜੋ ਕਿਸੇ ਨੂੰ ਬਹੁਤੀ ਦੂਰ ਨਾ ਜਾਣਾ ਪਵੇ ਪ੍ਰੰਤੂ ਬਰਨਾਲਾ ਜ਼ਿਲ੍ਹੇ ਵਿੱਚ 23 ਸਤੰਬਰ ਵਾਲੇ ਦਿਨ ਕਿਧਰੇ ਵੀ ਕੋਈ ਅਜਿਹੇ ਕੈਂਪ ਲੱਗਣ ਦੀ ਸੂਚਨਾ ਨਹੀਂ ਹੈ ਅਤੇ ਨਾ ਹੀ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੀਡੀਆ ਨੂੰ ਕੋਈ ਜਾਣਕਾਰੀ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਸੀ ਕਿ ਜਿਲ੍ਹੇ ‘ਚ 128 ਥਾਵਾਂ ‘ਤੇ ਕੈਂਪ ਲਗਾਏ ਜਾਣਗੇ ਪਰੰਤੂ ਪ੍ਰਾਪਤ ਜਾਣਕਾਰੀ ਅਨੁਸਾਰ ਰਜਿਸਟਰੇਸ਼ਨ ਦੇ ਪਹਿਲੇ ਦਿਨ ਬਰਨਾਲਾ ਜ਼ਿਲ੍ਹੇ ਵਿੱਚ 128 ਤਾਂ ਦੂਰ ਸਗੋਂ 8 ਥਾਵਾਂ ‘ਤੇ ਵੀ ਕੈਂਪ ਲੱਗਣ ਦੀ ਜਾਣਕਾਰੀ ਨਹੀਂ ਹੈ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਲੋਕਾਂ ਨੂੰ ਇਸ ਯੋਜਨਾ ਦੇ ਕਾਰਡ ਬਣਾਉਣ ਸਬੰਧੀ ਪੂਰੀ ਤਰ੍ਹਾਂ ਜਾਗਰੂਕ ਵੀ ਨਹੀਂ ਕੀਤਾ ਜਾ ਰਿਹਾ। ਆਮ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਇੱਕ ਪਰਿਵਾਰ ਵਿੱਚ ਸਾਰੇ ਮੈਂਬਰਾਂ ਦੇ ਕਾਰਡ ਬਣਾਏ ਜਾਣਗੇ ਜਾਂ ਫਿਰ ਪਰਿਵਾਰ ਦੇ ਮੁਖੀ ਦਾ ਕਾਰਡ ਬਣਾਇਆ ਜਾਵੇਗਾ। ਲੋਕਾਂ ਨੂੰ ਇਹ ਵੀ ਜਾਣਕਾਰੀ ਨਹੀਂ ਕਿ ਕਾਰਡ ਬਣਾਉਣ ਲਈ ਕੈਂਪ ਵਾਲੀ ਥਾਂ ‘ਤੇ ਪਰਿਵਾਰ ਦੇ ਮੁਖੀ ਨੂੰ ਹੀ ਜਾਣਾ ਪਵੇਗਾ ਜਾਂ ਬਾਕੀ ਸਾਰੇ ਮੈਂਬਰਾਂ ਨੂੰ ਜਾਣਾ ਪਵੇਗਾ। ਇਹ ਜਾਣਕਾਰੀ ਵੀ ਲੋਕਾਂ ਨੂੰ ਨਹੀਂ ਦਿੱਤੀ ਗਈ ਕਿ ਇੱਕੋ ਕਾਰਡ ‘ਤੇ ਇਸ ਯੋਜਨਾ ਤਹਿਤ ਪਰਿਵਾਰ ਦੇ ਇੱਕ ਮੈਂਬਰ ਦਾ 10 ਲੱਖ ਰੁਪਏ ਤੱਕ ਦਾ ਇਲਾਜ ਹੋਵੇਗਾ ਜਾਂ ਫਿਰ ਸਾਰੇ ਮੈਂਬਰਾਂ ਦਾ ਇਲਾਜ 10 ਲੱਖ ਰੁਪਏ ਤੱਕ ਹੋਵੇਗਾ। ਜੇਕਰ ਸੋਸ਼ਲ ਮੀਡੀਆ ‘ਤੇ ਵੇਖਿਆ ਜਾਵੇ ਤਾਂ ਸੱਤਾਧਾਰੀ ਪਾਰਟੀ ਦੇ ਹੇਠਲੇ ਵਰਕਰ ਤੋਂ ਲੈ ਕੇ ਉੱਪਰਲੇ ਆਗੂਆਂ ਤੱਕ ਇਸ ਯੋਜਨਾ ਦਾ ਪ੍ਰਚਾਰ ਕਰਨ ਦੀ ਠੇਠ ਪੰਜਾਬੀ ਸ਼ਬਦਾਂ ਵਿੱਚ “ਧੁੱਕੀ” ਕੱਢ ਦਿੱਤੀ ਗਈ ਪ੍ਰੰਤੂ ਅਸਲ ਵਿੱਚ ਇਹ ਯੋਜਨਾ ਦਾ ਲਾਭ ਕਿਵੇਂ ਅਤੇ ਕਿੰਨਾ ਮਿਲੇਗਾ ਇਸ ਪ੍ਰਤੀ ਕਿਸੇ ਨੂੰ ਨਹੀਂ ਪਤਾ….!










