Skip to main content

Gee 98News

ਬੇਔਲਾਦ ਸ਼ਾਦੀਸ਼ੁਦਾ ਔਰਤ ਦੇ ਨਾਮ ਦੀ ਜਾਇਦਾਦ ‘ਤੇ ਸਹੁਰੇ ਪਰਿਵਾਰ ਦੇ ਪੱਖ ਦਾ ਹੱਕ-ਸੁਪਰੀਮ ਕੋਰਟ

ਚੰਡੀਗੜ੍ਹ, 25 ਸਤੰਬਰ, Gee98 news service-

-ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਨੇ ਇੱਕ ਬੇਔਲਾਦ ਔਰਤ ਦੇ ਨਾਮ ਦੀ ਜਾਇਦਾਦ ਸਬੰਧੀ ਮਹੱਤਵਪੂਰਨ ਫੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜੇਕਰ ਕੋਈ ਬੇਔਲਾਦ ਔਰਤ ਦੀ ਮੌਤ ਹੋ ਜਾਂਦੀ ਹੈ ਅਤੇ ਉਹ ਆਪਣੇ ਨਾਮ ਦੀ ਜਾਇਦਾਦ ਸਬੰਧੀ ਕੋਈ ਵਸੀਅਤ ਨਹੀਂ ਕਰਕੇ ਜਾਂਦੀ ਤਾਂ ਉਸ ਦੀ ਜਾਇਦਾਦ ਦੀ ਮਲਕੀਅਤ ਉਸਦੀ ਸਹੁਰੇ ਪਰਿਵਾਰ ਦੇ ਵਾਰਿਸਾਂ ਦੀ ਹੋਵੇਗੀ। ਸੁਪਰੀਮ ਕੋਰਟ ਨੇ ਕਿਹਾ ਕਿ ਨਿਯਮਾਂ ਅਨੁਸਾਰ ਬੇਔਲਾਦ ਮਰਨ ਵਾਲੀ ਕਿਸੇ ਔਰਤ ਦੇ ਨਾਮ ਦੀ ਜਾਇਦਾਦ ‘ਤੇ ਦਾਅਵਾ ਉਸ ਦੇ ਮਾਤਾ ਪਿਤਾ ਨਹੀਂ ਕਰ ਸਕਦੇ। ‌ ਦਰਅਸਲ, ਸੁਪਰੀਮ ਕੋਰਟ ਅਜਿਹੀਆਂ ਦੋ ਪਟੀਸ਼ਨਾਂ ਦੀ ਸੁਣਵਾਈ ਕਰ ਰਹੀ ਸੀ ਜਿਸ ਤਹਿਤ ਹਿੰਦੂ ਉੱਤਰਾਅਧਿਕਾਰ ਅਧੀਨਿਯਮ 1956 ਦੀ ਧਾਰਾ 15(1) B ਨੂੰ ਚੁਣੌਤੀ ਦਿੱਤੀ ਗਈ ਹੈ। ਇਸ ਅਧੀਨਿਯਮ ਦੇ ਤਹਿਤ ਜੇਕਰ ਕਿਸੇ ਵਿਧਵਾ ਅਤੇ ਨਿਰਸੰਤਾਨ ਹਿੰਦੂ ਔਰਤ ਦੀ ਬਿਨਾਂ ਵਸੀਅਤ ਮੌਤ ਹੋ ਜਾਂਦੀ ਹੈ ਤਾਂ ਉਸਦੀ ਜਾਇਦਾਦ ਉਸਦੇ ਸਹੁਰੇ ਪੱਖ ਵਾਲਿਆਂ ਨੂੰ ਮਿਲ ਜਾਂਦੀ ਹੈ।
ਇਸ ਸਬੰਧੀ ਦਾਇਰ ਪਟੀਸ਼ਨਾਂ ਦੀ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਦੀ ਮਹਿਲਾ ਜੱਜ ਬੀਵੀ ਨਾਗਰਤਨਾ ਨੇ ਕਿਹਾ ਕਿ ਸਾਡੇ ਹਿੰਦੂ ਸਮਾਜ ਦੀ ਜੋ ਰਵਾਇਤ ਪਹਿਲਾਂ ਤੋਂ ਚੱਲੀ ਆ ਰਹੀ ਹੈ ਉਸ ਨੂੰ ਨੀਵਾਂ ਨਾ ਦਿਖਾਓ, ਮਹਿਲਾਵਾਂ ਦੇ ਅਧਿਕਾਰ ਜ਼ਰੂਰੀ ਹਨ ਪ੍ਰੰਤੂ ਸਮਾਜਿਕ ਰਵਾਇਤ ਅਤੇ ਮਹਿਲਾਵਾਂ ਦੇ ਅਧਿਕਾਰਾਂ ਵਿਚਕਾਰ ਸੰਤੁਲਨ ਹੋਣਾ ਵੀ ਜ਼ਰੂਰੀ ਹੈ”। ‌                                   ਸੁਪਰੀਮ ਕੋਰਟ ਦੇ ਸਾਹਮਣੇ ਦੋ ਕੇਸ ਵਿਚਾਰਅਧੀਨ ਸਨ ਜਿਨਾਂ ਵਿੱਚੋਂ ਕੋਵਿਡ ਦੌਰਾਨ ਇੱਕ ਪਤੀ ਪਤਨੀ ਦੀ ਮੌਤ ਹੋ ਗਈ ਸੀ ਜਿਸ ਵਿੱਚ ਪਤੀ ਦੀ ਮਾਂ ਅਤੇ ਪਤਨੀ ਦੀ ਮਾਂ ਦੋਵੇਂ ਜਾਇਦਾਦ ‘ਤੇ ਹੱਕ ਜਤਾ ਰਹੀਆਂ ਸਨ। ਪਤੀ ਦੀ ਮਾਂ ਨੇ ਕਿਹਾ ਕਿ ਦੋਵਾਂ ਦੇ ਨਾਮ ਦੀ ਜਾਇਦਾਦ ਉਸਨੂੰ ਮਿਲਣੀ ਚਾਹੀਦੀ ਹੈ ਜਦਕਿ ਪਤਨੀ ਦੀ ਮਾਂ ਨੇ ਕਿਹਾ ਕਿ ਉਸ ਦੀ ਬੇਟੀ ਦੀ ਜਾਇਦਾਦ ‘ਤੇ ਉਸ ਦਾ ਹੱਕ ਹੈ। ਇਸੇ ਤਰ੍ਹਾਂ ਇੱਕ ਹੋਰ ਪਟੀਸ਼ਨ ਵਿੱਚ ਪਤੀ ਪਤਨੀ ਦੀ ਮੌਤ ਤੋਂ ਬਾਅਦ ਪਤੀ ਦੀ ਭੈਣ,ਭਰਾ ਦੀ ਜਾਇਦਾਦ ‘ਤੇ ਆਪਣਾ ਹੱਕ ਜਤਾ ਰਹੀ ਸੀ। ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਜਦੋਂ ਇੱਕ ਬੇਔਲਾਦ ਮਹਿਲਾ ਦੀ ਮੌਤ ਹੋ ਜਾਂਦੀ ਹੈ ਤੇ ਉਹ ਆਪਣੀ ਵਸੀਅਤ ਨਹੀਂ ਕਰਕੇ ਜਾਂਦੀ ਤਾਂ ਉਸ ਦੇ ਨਾਮ ਦੀ ਜਿੰਨੀ ਵੀ ਜਾਇਦਾਦ ਹੋਵੇਗੀ ਉਸ ‘ਤੇ ਪਹਿਲਾ ਹੱਕ ਸਹੁਰੇ ਪੱਖ ਵਾਲਿਆਂ ਦਾ ਹੋਵੇਗਾ। ਸੁਪਰੀਮ ਕੋਰਟ ਨੇ ਕਿਹਾ ਕਿ ਹਿੰਦੂ ਸਮਾਜ ਵਿੱਚ ਕੰਨਿਆਦਾਨ ਦੀ ਪਰੰਪਰਾ ਹੈ, ਜਿਸ ਦੇ ਤਹਿਤ ਜਦੋਂ ਇੱਕ ਔਰਤ ਸ਼ਾਦੀ ਕਰਦੀ ਹੈ ਤਾਂ ਉਸਦਾ ਗੋਤ, ਕੁੱਲ, ਵੰਸ਼ ਬਦਲ ਜਾਂਦਾ ਹੈ। ਇਸ ਲਈ ਕਿਸੇ ਵਿਧਵਾ ਅਤੇ ਬੇਔਲਾਦ ਹਿੰਦੂ ਔਰਤ ਦੀ ਮੌਤ ਤੋਂ ਬਾਅਦ ਉਸਦੇ ਨਾਮ ਦੀ ਜਾਇਦਾਦ ਉਸਦੇ ਪਤੀ ਪੱਖ ਵਾਲਿਆਂ ਨੂੰ ਮਿਲੇਗੀ।

error: Content is protected !!