ਬਰਨਾਲਾ, 29 ਸਤੰਬਰ (ਨਿਰਮਲ ਸਿੰਘ ਪੰਡੋਰੀ)-
-ਬਰਨਾਲਾ ਦੇ CIA ਸਟਾਫ਼ ਨੇ ਮਿਤੀ 10 ਅਗਸਤ 2025 ਨੂੰ ਮਿਉਂਸਪਲ ਕਮੇਟੀ ਦਫ਼ਤਰ ਦੇ ਨੇੜੇ ਗਲੀ ਨੰਬਰ 2 ਵਿੱਚ ਸੁਨੀਲ ਕੁਮਾਰ ਪੁੱਤਰ ਰਜਿੰਦਰ ਕੁਮਾਰ ਦੇ ਘਰ ਹੋਈ ਚੋਰੀ ਦੇ ਦੋਸ਼ੀਆਂ ਨੂੰ ਟਰੇਸ ਕਰਦੇ ਹੋਏ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸ ਦੇਈਏ ਕਿ ਚੋਰੀ ਦੀ ਇਸ ਘਟਨਾ ਵਿੱਚ ਚੋਰ ਦਿਨ ਦਿਹਾੜੇ 15 ਲੱਖ ਰੁਪਏ ਨਗਦ ਅਤੇ ਸੋਨੇ ਚਾਂਦੀ ਦੇ ਗਹਿਣੇ ਚੋਰੀ ਕਰਕੇ ਲੈ ਗਏ ਸਨ, ਜਿਨਾਂ ਦੇ ਖ਼ਿਲਾਫ਼ ਥਾਣਾ ਸਿਟੀ ਵਿਖੇ ਮਿਤੀ 11 ਅਗਸਤ ਨੂੰ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ। ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਬਰਨਾਲਾ ਦੇ ਐਸਪੀ (ਡੀ) ਸ੍ਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਦੌਰਾਨੇ ਤਫਤੀਸ਼ ਵਿਗਿਆਨਿਕ ਅਤੇ ਤਕਨੀਕੀ ਢੰਗਾਂ ਦੀ ਵਰਤੋਂ ਕਰਦੇ ਹੋਏ ਸੀਆਈਏ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਲਵਪ੍ਰੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਉਕਤ ਮਾਮਲੇ ‘ਚ ਮਿਤੀ 7 ਸਤੰਬਰ 2025 ਨੂੰ ਚਾਰ ਵਿਅਕਤੀਆਂ ਨੂੰ ਦੋਸ਼ੀ ਨਾਮਜ਼ਦ ਕੀਤਾ ਅਤੇ 18 ਸਤੰਬਰ 2025 ਨੂੰ ਨਾਮਜ਼ਦ ਦੋਸ਼ੀ ਸੁਖਮੰਦਰ ਸਿੰਘ ਉਰਫ ਮੰਦਰ ਵਾਸੀ ਖਾਪਿਆਂਵਾਲੀ ਜ਼ਿਲਾ ਮੁਕਤਸਰ, ਗੁਰਵਿੰਦਰ ਸਿੰਘ ਉਰਫ਼ ਗੁਰੀ ਵਾਸੀ ਲੈਡਰ ਕੀਮਾ, ਥਾਣਾ ਸਦਰ ਕੈਥਲ ਹਰਿਆਣਾ, ਗੁਰਵਿੰਦਰ ਸਿੰਘ ਉਰਫ ਸੁਨੀਲ ਉਰਫ ਸ਼ੀਲੂ ਸਰਪੰਚ ਵਾਸੀ ਥੇਹ ਖਰਕਾਂ ਥਾਣਾ ਸਦਰ ਗੂਹਲਾ ਜ਼ਿਲ੍ਹਾ ਕੈਥਲ ਹਰਿਆਣਾ ਅਤੇ ਹਰਵਿੰਦਰ ਸਿੰਘ ਉਰਫ ਪ੍ਰਿੰਸ ਵਾਸੀ ਖਰਕਾਂ ਥਾਣਾ ਸਦਰ ਗੂਹਲਾ ਜ਼ਿਲ੍ਹਾ ਕੈਥਲ ਨੂੰ ਗ੍ਰਿਫ਼ਤਾਰ ਕੀਤਾ।
ਉਹਨਾਂ ਦੱਸਿਆ ਕਿ ਇਹਨਾਂ ਗ੍ਰਿਫ਼ਤਾਰ ਕੀਤੇ ਦੋਸ਼ੀਆਂ ਕੋਲੋਂ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਗਈ ਅਤੇ ਇਹਨਾਂ ਤੋਂ 3 ਲੱਖ 77 ਹਜ਼ਾਰ ਰੁਪਏ ਦੀ ਨਗਦੀ, 484.10 ਗ੍ਰਾਮ ਚਾਂਦੀ, 32.95 ਗ੍ਰਾਮ ਸੋਨਾ, ਇੱਕ ਵਰਨਾ ਕਾਰ, ਛੋਟੀਆਂ ਸੱਬਲਾਂ, ਪੇਚਕਸ, ਦੋ ਵਾਕੀ ਟਾਕੀ ਸੈੱਟ, ਜਾਅਲੀ ਨੰਬਰ ਪਲੇਟਾਂ ਅਤੇ ਪਲਾਸਟਿਕ ਦੇ ਦੋ ਡੰਮੀ ਪਿਸਤੌਲ ਵੀ ਬਰਾਮਦ ਕੀਤੇ ਹਨ। ਐਸਪੀ ਡੀ ਸ੍ਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਦੋਸ਼ੀਆਂ ਵਿੱਚੋਂ ਗੁਰਵਿੰਦਰ ਸਿੰਘ ਉਰਫ ਗੁਰੀ ਕਨੇਡਾ ਤੋਂ ਡਿਪੋਰਟ ਹੋ ਕੇ ਆਇਆ ਹੈ ਜਦਕਿ ਹਰਵਿੰਦਰ ਸਿੰਘ ਉਰਫ ਪ੍ਰਿੰਸ ਮਲੇਸ਼ੀਆ ਤੋਂ ਵਾਪਸ ਆਇਆ ਹੈ ਅਤੇ ਦੋਸ਼ੀ ਸੁਖਮੰਦਰ ਸਿੰਘ ਉਰਫ ਮੰਦਰ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ ਅਤੇ ਦੋਸ਼ੀ ਗੁਰਵਿੰਦਰ ਸਿੰਘ ਉਰਫ ਸ਼ੀਲੂ ਸਰਪੰਚ ਖੇਤੀਬਾੜੀ ਦਾ ਕੰਮ ਕਰਦਾ ਹੈ। ਉਕਤ ਸਾਰੇ ਦੋਸਤੀ ਅਪਰਾਧਿਕ ਪਿਛੋਕੜ ਰੱਖਦੇ ਹਨ ਜਿਨਾਂ ਵਿੱਚੋਂ ਸੁਖਮੰਦਰ ਸਿੰਘ ਉਰਫ ਮੰਦਰ ਵਾਸੀ ਜ਼ਿਲ੍ਹਾ ਮੁਕਤਸਰ ਦੇ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ 9 ਮੁਕੱਦਮੇ ਦਰਜ ਹਨ। ਇਸੇ ਤਰ੍ਹਾਂ ਗੁਰਵਿੰਦਰ ਸਿੰਘ ਉਰਫ ਗੁਰੀ ਦੇ ਖ਼ਿਲਾਫ਼ ਜ਼ਿਲ੍ਹਾ ਸੰਗਰੂਰ ਦੇ ਥਾਣਾ ਖਨੌਰੀ ਵਿਖੇ ਇੱਕ ਮੁਕਦਮਾ ਦਰਜ ਹੈ ਅਤੇ ਗੁਰਵਿੰਦਰ ਸਿੰਘ ਉਰਫ ਸੁਨੀਲ ਸ਼ੀਲੂ ਸਰਪੰਚ ਦੇ ਖ਼ਿਲਾਫ਼ ਜ਼ਿਲ੍ਹਾ ਪਟਿਆਲਾ ‘ਚ ਇੱਕ ਮੁਕੱਦਮਾ ਦਰਜ ਹੈ ਜਦਕਿ ਹਰਵਿੰਦਰ ਸਿੰਘ ਉਰਫ ਪ੍ਰਿੰਸ ਦੇ ਖ਼ਿਲਾਫ਼ ਥਾਣਾ ਸਦਰ ਗੂਹਲਾ ਵਿਖੇ ਦੋ ਮੁਕੱਦਮੇ ਦਰਜ ਹਨ। ਐਸਪੀ ਡੀ ਨੇ ਦੱਸਿਆ ਕਿ ਦੋਸ਼ੀਆਂ ਵਿੱਚੋਂ ਗੁਰਵਿੰਦਰ ਸਿੰਘ ਉਰਫ ਗੁਰੀ ਦੇ ਖ਼ਿਲਾਫ਼ ਕੈਨੇਡਾ ਵਿੱਚ ਵੀ ਚਾਰ ਮੁਕਦਮੇ ਦਰਜ ਹਨ ਜਿਸ ਕਰਕੇ ਉਸ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਗਿਆ ਹੈ।
ਪ੍ਰੈਸ ਕਾਨਫਰੰਸ ਦੌਰਾਨ ਸੀਆਈਏ ਸਟਾਫ਼ ਦੇ ਇੰਚਾਰਜ ਬਲਜੀਤ ਸਿੰਘ ਨੇ ਦੱਸਿਆ ਕਿ ਇਹਨਾਂ ਚੋਰਾਂ ਨੂੰ ਫੜਨ ਲਈ ਪੁਲਿਸ ਨੂੰ ਕਾਫੀ ਮਿਹਨਤ ਕਰਨੀ ਪਈ ਕਿਉਂਕਿ ਇਹ ਚਲਾਕ ਚੋਰ ਮੋਬਾਇਲ ਫੋਨ ਦੀ ਵਰਤੋਂ ਕਰਨ ਦੀ ਬਜਾਏ ਵਾਕੀ ਟਾਕੀ ਸੈੱਟ ਦੀ ਵਰਤੋਂ ਕਰਦੇ ਸਨ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਵਿਚਕਾਰ ਦਿਨ ਦਿਹਾੜੇ ਹੋਈ ਵੱਡੀ ਚੋਰੀ ਬਰਨਾਲਾ ਪੁਲਿਸ ਦੀ ਮੁੱਛ ਦਾ ਸਵਾਲ ਬਣੀ ਹੋਈ ਸੀ ਅਤੇ ਸੀਆਈਏ ਸਟਾਫ਼ ਨੇ ਹਮੇਸ਼ਾ ਦੀ ਤਰ੍ਹਾਂ ਚੋਰੀ ਦੀ ਇਸ ਘਟਨਾ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਬਰਨਾਲਾ ਪੁਲਿਸ ਦੀ ਮੁੱਛ ਖੜੀ ਰੱਖੀ ਹੈ।










