Gee 98News

ਕੈਨੇਡਾ ਸਰਕਾਰ ਨੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਐਲਾਨਿਆ ‘ਅੱਤਵਾਦੀ ਸੰਗਠਨ’…..!

ਚੰਡੀਗੜ੍ਹ, 30 ਸਤੰਬਰ, Gee98 News service-

-ਭਾਰਤ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਸਰਗਰਮ ਲਾਰੈਂਸ ਬਿਸ਼ਨੋਈ ਗੈਂਗ ਦੇ ਖ਼ਿਲਾਫ਼ ਕੈਨੇਡਾ ਸਰਕਾਰ ਨੇ ਸਖਤ ਕਦਮ ਚੁੱਕਦੇ ਹੋਏ ਲਾਰੈਂਸ ਬਿਸ਼ਨੋਈ ਗੈਂਗ ਨੂੰ “ਅੱਤਵਾਦੀ ਸੰਗਠਨ” ਐਲਾਨ ਦਿੱਤਾ ਹੈ। ਕੈਨੇਡਾ ਦੇ ਪਬਲਿਕ ਸਿਕਿਉਰਟੀ ਮੰਤਰੀ ਗੈਰੀ ਆਨੰਦਸੰਗਰੀ ਨੇ ਕਿਹਾ ਕਿ ਲਾਰੈਂਸ ਗੈਂਗ ਨੂੰ ਕੈਨੇਡਾ ਦੇ ਕ੍ਰਿਮੀਨਲ ਕੋਡ ਦੇ ਤਹਿਤ ਅੱਤਵਾਦੀ ਸੰਗਠਨ ਕਰਾਰ ਦਿੱਤਾ ਜਾਂਦਾ ਹੈ। ਕੈਨੇਡਾ ਵੱਲੋਂ ਲਾਰੈਂਸ ਗੈਂਗ ਦੇ ਖ਼ਿਲਾਫ਼ ਕੀਤੀ ਇਸ ਕਾਰਵਾਈ ਤੋਂ ਬਾਅਦ ਹੁਣ ਕੈਨੇਡਾ ਵਿੱਚ ਮੌਜੂਦ ਗੈਂਗ ਦੀ ਕਿਸੇ ਵੀ ਸੰਪੱਤੀ, ਵਾਹਨ, ਧਨ ਦੌਲਤ ਨੂੰ ਜ਼ਬਤ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਲਾਰੈਂਸ ਬਿਸ਼ਨੋਈ ਗੈਂਗ ਨੂੰ ਵਿੱਤੀ ਮਦਦ ਕਰਨ ਵਾਲਿਆਂ ਦੇ ਖ਼ਿਲਾਫ਼ ਵੀ ਹੁਣ ਕੈਨੇਡਾ ਦੀਆਂ ਏਜੰਸੀਆਂ ਕਾਰਵਾਈ ਕਰ ਸਕਣਗੀਆਂ। ਜੇਕਰ ਕੋਈ ਵਿਅਕਤੀ ਜਾਂ ਜਥੇਬੰਦੀ ਸਿੱਧੇ ਜਾਂ ਅਸਿੱਧੇ ਤੌਰ ‘ਤੇ ਲਾਰੈਂਸ ਗੈਂਗ ਨੂੰ ਕੋਈ ਕਿਸੇ ਵੀ ਤਰ੍ਹਾਂ ਦੀ ਮਦਦ ਦਿੰਦਾ ਹੈ ਤਾਂ ਇਸ ਨੂੰ ਕੈਨੇਡਾ ਦੇ ਕਾਨੂੰਨ ਅਨੁਸਾਰ ਅਪਰਾਧ ਮੰਨਿਆ ਜਾਵੇਗਾ। ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧ ਰੱਖਣ ਵਾਲਿਆਂ ਦੀ ਹੁਣ ਕੈਨੇਡਾ ਵਿੱਚ ਐਂਟਰੀ ਵੀ ਮੁਸ਼ਕਿਲ ਹੋ ਜਾਵੇਗੀ। ਕੈਨੇਡਾ ਦੇ ਇਮੀਗਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਐਕਟ ਦੇ ਤਹਿਤ ਕਿਸੇ ਦੀ ਐਂਟਰੀ ਦੇ ਮਾਮਲੇ ‘ਚ ਅਧਿਕਾਰੀ ਨੂੰ ਫੈਸਲਾ ਲੈਣ ਵੇਲੇ ਲਾਰੈਂਸ ਗੈਂਗ ਦੇ ਖ਼ਿਲਾਫ਼ ਚੁੱਕੇ ਗਏ ਕਦਮਾਂ ਨੂੰ ਧਿਆਨ ਵਿੱਚ ਰੱਖਣਾ ਹੋਵੇਗਾ। ਜਿਕਰਯੋਗ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਪਿਛਲੇ ਕਈ ਸਾਲਾਂ ਤੋਂ ਅਪਰਾਧਿਕ ਗਤੀਵਿਧੀਆਂ ਨਾਲ ਜੁੜਿਆ ਹੋਇਆ ਹੈ ਤੇ ਉਸ ਦੀਆਂ ਸਰਗਰਮੀਆਂ ਕੈਨੇਡਾ, ਅਮਰੀਕਾ, ਪਾਕਿਸਤਾਨ ਅਤੇ ਦੁਬਈ ਤੱਕ ਵੀ ਵਧੀਆਂ ਹੋਈਆਂ ਹਨ। ਜੇਕਰ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਵਿੱਚ ਵੀ ਲਾਰੈਂਸ ਗੈਂਗ ਦਾ ਇੱਕ ਵਿਸ਼ਾਲ ਨੈੱਟਵਰਕ ਹੈ ਜਿਸ ਤਹਿਤ ਪੰਜਾਬ ਚੰਡੀਗੜ੍ਹ ਤੋਂ ਇਲਾਵਾ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਦਿੱਲੀ, ਬਿਹਾਰ, ਯੂਪੀ, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਝਾਰਖੰਡ ਰਾਜਾਂ ਵਿੱਚ ਵੀ ਗੈਂਗ ਦੀਆਂ ਸਰਗਰਮੀਆਂ ਸਾਹਮਣੇ ਆਈਆਂ ਹਨ। ‌ ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਲਾਰੈਂਸ ਗੈਂਗ ਭਾਵੇਂ ਮੁੱਖ ਤੌਰ ‘ਤੇ ਭਾਰਤ ਵਿੱਚ ਸਰਗਰਮ ਹੈ ਪ੍ਰੰਤੂ ਇਸ ਦੀ ਕੈਨੇਡਾ ਵਿੱਚ ਵੀ ਮੌਜੂਦਗੀ ਦਰਜ ਕੀਤੀ ਗਈ ਹੈ।

ਕੌਣ ਹੈ ਗੈਂਗਸਟਰ ਲਾਰੈਂਸ ਬਿਸ਼ਨੋਈ…!

Gee98 Ads

ਲਾਰੈਂਸ ਬਿਸ਼ਨੋਈ ਦਾ ਅਸਲ ਨਾਮ ਸਤਵਿੰਦਰ ਸਿੰਘ ਹੈ ਅਤੇ ਉਸਦੀ ਉਮਰ ਲੱਗਭੱਗ 33 ਸਾਲ ਹੈ। ਉਹ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੀ ਤਹਿਸੀਲ ਅਬੋਹਰ ਦੇ ਪਿੰਡ ਦਤਰਾਂਵਾਲੀ ਦਾ ਜੰਮਪਲ ਹੈ। ਲਾਰੈਂਸ ਬਿਸ਼ਨੋਈ ਦੇ ਖ਼ਿਲਾਫ਼ ਪਹਿਲੀ ਐਫਆਈਆਰ 2011-12 ਵਿੱਚ ਦਰਜ ਹੋਈ। NIA ਦੀ ਰਿਪੋਰਟ ਦੇ ਅਨੁਸਾਰ ਹੁਣ ਤੱਕ ਉਸਦੇ ਖਿਲਾਫ਼ 84 ਮੁਕੱਦਮੇ ਦਰਜ ਹਨ। ਲਾਰੈਂਸ ਬਿਸ਼ਨੋਈ 2014 ‘ਚ ਪਹਿਲੀ ਵਾਰ ਜੇਲ੍ਹ ਗਿਆ ਸੀ। 2021 ‘ਚ ਉਸ ਦੇ ਖਿਲਾਫ ਮਕੋਕਾ ਲਗਾਇਆ ਗਿਆ ਅਤੇ ਉਸਨੂੰ ਤਿਹਾੜ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਅਤੇ ਅੱਜਕੱਲ੍ਹ ਲਾਰੈਂਸ ਬਿਸ਼ਨੋਈ ਅਹਿਮਦਾਬਾਦ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਹੈ। ਜੇਕਰ ਅਪਰਾਧਿਕ ਗਤੀਵਿਧੀਆਂ ਦੀ ਗੱਲ ਕੀਤੀ ਜਾਵੇ ਤਾਂ ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ, ਕਰਨੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੜੀ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿਦੀਕੀ ਦੇ ਕਤਲ ਵਿੱਚ ਲਾਰੈਂਸ ਦਾ ਨਾਮ ਬੋਲਦਾ ਹੈ। ਇਸ ਤੋਂ ਇਲਾਵਾ ਪ੍ਰਸਿੱਧ ਫਿਲਮ ਅਭਿਨੇਤਾ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਤੋਂ ਬਾਅਦ ਵੀ ਲਾਰੈਂਸ ਬਿਸ਼ਨੋਈ ਚਰਚਾ ਵਿੱਚ ਹੈ। ਲਾਰੈਂਸ ਬਿਸ਼ਨੋਈ ਭਾਵੇਂ ਕਈ ਵਰ੍ਹਿਆਂ ਤੋਂ ਅਪਰਾਧਿਕ ਗਤੀਵਿਧੀਆਂ ਨਾਲ ਜੁੜਿਆ ਹੋਇਆ ਹੈ ਪ੍ਰੰਤੂ ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਉਹ ਵੱਧ ਚਰਚਾ ਵਿੱਚ ਆਇਆ ਕਿਉਂਕਿ ਉਸਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਿੱਧੇ ਤੌਰ ‘ਤੇ ਜਿੰਮੇਵਾਰੀ ਲਈ ਸੀ। ਭਾਰਤ ਸਰਕਾਰ ਦਾ ਮੰਨਣਾ ਹੈ ਕਿ ਲਾਰੈਂਸ ਬਿਸ਼ਨੋਈ ਦਾ ਗੈਂਗ ਕੈਨੇਡਾ ਅਤੇ ਅਮਰੀਕਾ ਤੋਂ ਆਸਾਨੀ ਨਾਲ ਪੰਜਾਬ ਦੇ ਵਿੱਚ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਹੈ ਅਤੇ ਸਮੇਂ ਸਮੇਂ ‘ਤੇ ਭਾਰਤ ਸਰਕਾਰ ਵੱਲੋਂ ਕੈਨੇਡਾ ਦੀ ਧਰਤੀ ਤੋਂ ਭਾਰਤ ਦੇ ਖ਼ਿਲਾਫ਼ ਹੋ ਰਹੀਆਂ ਅਪਰਾਧਿਕ ਗਤੀਵਿਧੀਆਂ ਦੇ ਸੰਬੰਧ ਵਿੱਚ ਕੈਨੇਡਾ ਕੋਲ ਇਤਰਾਜ਼ ਵੀ ਦਰਜ ਕਰਵਾਇਆ ਗਿਆ ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਕੈਨੇਡਾ ਸਰਕਾਰ ਨੇ ਲਾਰੈਂਸ ਗੈਂਗ ਦੇ ਖ਼ਿਲਾਫ਼ ਉਕਤ ਸਖ਼ਤ ਕਦਮ ਚੁੱਕੇ ਹਨ।

error: Content is protected !!