Gee 98News

…ਤੇ ਆਖ਼ਰ ਉਹ ਕੂਕਦਾ ਕੂਕਦਾ ਸੂਲੀ ‘ਤੇ ਟੰਗਿਆ ਗਿਆ

ਬਰਨਾਲਾ, 5 ਅਕਤੂਬਰ (ਨਿਰਮਲ ਸਿੰਘ ਪੰਡੋਰੀ)-

-ਬਰਨਾਲਾ ਜ਼ਿਲ੍ਹੇ ਦੇ ਕਸਬਾ ਸ਼ਹਿਣਾ ਦੇ ਜੰਪਪਲ ਨੌਜਵਾਨ ਆਗੂ ਸੁਖਵਿੰਦਰ ਸਿੰਘ ਕਲਕੱਤਾ ਦੇ ਬੀਤੇ ਕੱਲ੍ਹ ਹੋਏ ਕਤਲ ਤੋਂ ਬਾਅਦ ਸਮੁੱਚੇ ਜ਼ਿਲ੍ਹੇ ਦਾ ਮਾਹੌਲ ਤਨਾਣਪੂਰਨ ਬਣਿਆ ਹੋਇਆ ਹੈ। ਇੱਕ ਪਾਸੇ ਪੁਲਿਸ ਇਸ ਵੱਡੀ ਘਟਨਾ ਨੂੰ ਨਿੱਜੀ ਰੰਜਿਸ਼ ਦਾ ਨਤੀਜਾ ਦੱਸ ਰਹੀ ਹੈ ਪ੍ਰੰਤੂ ਦੂਜੇ ਪਾਸੇ ‌ ਲੋਕ ਸ਼ਰੇਆਮ ਸੁਖਵਿੰਦਰ ਕਲਕੱਤੇ ਦੇ ਕਤਲ ਨੂੰ ਸਿਆਸੀ ਕਤਲ ਆਖ ਰਹੇ ਹਨ। ਘਟਨਾ ਸਥਾਨ ਦੇ ਬਾਹਰ ਧਰਨੇ ‘ਤੇ ਬੈਠੇ ਵੱਡੀ ਗਿਣਤੀ ਵਿੱਚ ਲੋਕ ਪੱਤਰਕਾਰਾਂ ਦੇ ਕੈਮਰਿਆਂ ਦੇ ਸਾਹਮਣੇ ਸ਼ਰੇਆਮ ਹਲਕਾ ਵਿਧਾਇਕ ਦਾ ਨਾਮ ਲੈ ਰਹੇ ਹਨ। ਧਰਨੇ ‘ਤੇ ਬੈਠੇ ਲੋਕ ਇਹ ਵੀ ਸ਼ਰੇਆਮ ਆਖ ਰਹੇ ਹਨ ਕਿ ਕੁਝ ਸਮਾਂ ਪਹਿਲਾਂ ਹਲਕਾ ਵਿਧਾਇਕ ਨੇ ਕਲਕੱਤਾ ਨੂੰ ਸਿੱਧੀ ਧਮਕੀ ਵੀ ਦਿੱਤੀ ਸੀ। ਲੋਕ ਇਹ ਵੀ ਦੱਸ ਰਹੇ ਹਨ ਕਿ ਸੁਖਵਿੰਦਰ ਕਲਕੱਤਾ ਕਈ ਵਾਰ ਆਪਣੀ ਜਾਨ ਨੂੰ ਖ਼ਤਰੇ ਸੰਬੰਧੀ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲਿਆ ਅਤੇ ਸੁਰੱਖਿਆ ਦੀ ਮੰਗ ਦੇ ਨਾਲ ਨਾਲ ਆਪਣਾ ਅਸਲਾ ਵੀ ਵਾਪਸ ਦੇਣ ਦੀ ਮੰਗ ਕੀਤੀ।

                        ਦੱਸ ਦੇਈਏ ਕਿ ਬਰਨਾਲਾ ਪੁਲਿਸ ਨੇ ਕੁਝ ਸਮਾਂ ਪਹਿਲਾਂ ਸੁਖਵਿੰਦਰ ਕਲਕੱਤਾ ਦਾ ਲਾਇਸੈਂਸੀ ਅਸਲਾ ਜਮ੍ਹਾਂ ਕਰਵਾ ਲਿਆ ਸੀ। ਇਹ ਸਪੱਸ਼ਟ ਹੋ ਚੁੱਕਾ ਹੈ ਕਿ ਸੁਖਵਿੰਦਰ ਕਲਕੱਤਾ ਦਾ ਕਤਲ ਉਸ ਦੇ ਇੱਕ ਪੁਰਾਣੇ ਸਾਥੀ ਜਿੰਦਰ ਸਿੰਘ ਗਿੱਲ ਨਾਮ ਦੇ ਨੌਜਵਾਨ ਨੇ ਕੀਤਾ ਜੋ ਸ਼ਹਿਣੇ ਦਾ ਹੀ ਰਹਿਣ ਵਾਲਾ ਹੈ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਕਾਤਲ ਆਪਣੇ ਆਪ ਦੇ ਵਿੱਚ ਇੰਨੇ ਜੋਗਾ ਨਹੀਂ ਸੀ ਕਿ ਉਹ ਇੰਨੀ ਵੱਡੀ ਘਟਨਾ ਨੂੰ ਅੰਜਾਮ ਦੇ ਸਕਦਾ ਹੋਵੇ। ਧਰਨੇ ‘ਤੇ ਬੈਠੇ ਪੱਤਰਕਾਰਾਂ ਦੇ ਕੈਮਰਿਆਂ ਸਾਹਮਣੇ ਸੁਖਵਿੰਦਰ ਕਲਕੱਤਾ ਦੇ ਇੱਕ ਪੁਰਾਣੇ ਸਾਥੀ ਨੇ ਇਹ ਵੀ ਦੱਸਿਆ ਕਿ ਕੁਝ ਸਮਾਂ ਪਹਿਲਾਂ ਸੀਆਈਏ ਸਟਾਫ਼ ਵਿੱਚ ਕੁਝ ਬੰਦੇ ਫੜੇ ਗਏ ਸੀ ਜਿਨਾਂ ਤੋਂ ਅਸਲਾ ਵੀ ਫੜਿਆ ਗਿਆ ਸੀ ਅਤੇ ਉਹ ਮੰਨੇ ਸੀ ਕਿ ਇਹ ਅਸਲਾ ਸੁਖਵਿੰਦਰ ਕਲਕੱਤੇ ਨੂੰ ਮਾਰਨ ਲਈ ਵਰਤਣਾ ਸੀ, ਜਿਸ ਤੋਂ ਬਾਅਦ ਉਹ ਉੱਚ ਪੁਲਿਸ ਅਧਿਕਾਰੀਆਂ ਨੂੰ ਮਿਲੇ ਅਤੇ ਕਲਕੱਤੇ ਨੂੰ ਸੁਰੱਖਿਆ ਦੇਣ ਜਾਂ ਉਸ ਦਾ ਅਸਲਾ ਵਾਪਸ ਦੇਣ ਦੀ ਮੰਗ ਕੀਤੀ ਪਰੰਤੂ ਪੁਲਿਸ ਨੇ ਕੋਈ ਗੱਲ ਨਹੀਂ ਸੁਣੀ। ਸੁਖਵਿੰਦਰ ਕਲਕੱਤਾ ਦਾ ਜਿਸ ਵੇਲੇ ਕਤਲ ਹੋਇਆ ਉਹ ਸ਼ਹਿਣਾ ਦੇ ਬੱਸ ਅੱਡੇ ‘ਤੇ ਭਾਈ ਮੂਲ ਚੰਦ ਪ੍ਰੋਪਰਟੀ ਡੀਲਰ ਦੀ ਦੁਕਾਨ ‘ਤੇ ਬੈਠਾ ਸੀ, ਜਿੱਥੇ ਕਾਤਲ ਆਇਆ ਆਪਣਾ ਹਥਿਆਰ ਲੋਡ ਕੀਤਾ ਅਤੇ ਪਿੱਛੇ ਤੋਂ ਸੁਖਵਿੰਦਰ ਕਲਕੱਤਾ ਦੇ ਗੋਲੀ ਮਾਰੀ, ਜਿਸ ਨਾਲ ਸੁਖਵਿੰਦਰ ਕਲਕੱਤਾ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।

Gee98 Ads

                                  ਕਤਲ ਕਰਨ ਤੋਂ ਬਾਅਦ ਕਾਤਲ ਆਪਣੀ ਕਾਰ ਵਿੱਚ ਹੀ ਫਰਾਰ ਹੋ ਗਿਆ ਅਤੇ ਉਸ ਨੇ ਰਸਤੇ ਵਿੱਚ ਜਾਂਦੇ ਹੋਏ ਇੱਕ ਮਿੰਟ ਤੋਂ ਘੱਟ ਸਮੇਂ ਦੀ ਇੱਕ ਵੀਡੀਓ ਵੀ ਵਾਇਰਲ ਕੀਤੀ ਜਿਸ ਵਿੱਚ ਉਹ ਸੁਖਵਿੰਦਰ ਕਲਕੱਤਾ ਦੇ ਕਤਲ ਦੀ ਗੱਲ ਕਰ ਰਿਹਾ ਹੈ ਅਤੇ ਇਹ ਵੀ ਆਖ ਰਿਹਾ ਹੈ ਕਿ “ਬਹੁਤ ਸਮੇਂ ਤੋਂ ਮੈਂ ਇਹਨੂੰ ਸਮਝਾਉਂਦਾ ਆ ਰਿਹਾ ਸੀ, ਇਹਨੇ ਮੇਰੇ ਹੱਥ ਵਿੱਚ ਠੂਠਾ ਫੜਾ ਦਿੱਤਾ ਜਿਸ ਕਰਕੇ ਮੈਨੂੰ ਇਹ ਕਰਨਾ ਪਿਆ”। ਪੁਲਿਸ ਅਧਿਕਾਰੀਆਂ ਅਨੁਸਾਰ ਕਾਤਲ ਮੰਨੇ ਜਾ ਰਹੇ ਨੌਜਵਾਨ ਦੀ ਆਖਰੀ ਮੋਬਾਈਲ ਲੋਕੇਸ਼ਨ ਪੱਖੋਂ ਕਲਾਂ ਦੀ ਆਈ ਸੀ। ਪੁਲਿਸ ਭਾਵੇਂ ਕਾਤਲ ਨੂੰ ਜਲਦੀ ਗ੍ਰਿਫ਼ਤਾਰ ਕਰ ਲਵੇਗੀ ਪ੍ਰੰਤੁ ਇਨਾਂ ਵੱਡੇ ਸਵਾਲਾਂ ਦਾ ਜਵਾਬ ਕੌਣ ਦੇਵੇਗਾ ਕਿ ਉਹ ਕੂਕ ਕੂਕ ਕੇ ਆਖਦਾ ਰਿਹਾ ਕਿ ਮੇਰੀ ਜਾਨ ਨੂੰ ਖ਼ਤਰਾ ਹੈ ਮੈਨੂੰ ਸੁਰੱਖਿਆ ਦੇ ਦੇਵੋ ਜਾਂ ਮੇਰਾ ਅਸਲਾ ਵਾਪਸ ਦੇ ਦਿਓ ਪ੍ਰੰਤੂ ਉਸ ਦੀ ਕਿਸੇ ਨੇ ਗੱਲ ਨਹੀਂ ਸੁਣੀ…ਤੇ ਆਖ਼ਰ ਉਹ ਕੂਕਦਾ ਕੂਕਦਾ ਸੂਲੀ ‘ਤੇ ਟੰਗਿਆ ਗਿਆ…ਤੇ ਦੂਜਾ ਸਿੱਧੂ ਮੂਸੇਵਾਲਾ ਬਣ ਗਿਆ ਜਿਸ ਦਾ ਅਸਲਾ ਜਮ੍ਹਾਂ ਕਰਵਾ ਕੇ ਉਸ ਨੂੰ ਨਿਹੱਥਾ ਕੀਤਾ ਗਿਆ।

error: Content is protected !!