ਬਰਨਾਲਾ,5 ਅਕਤੂਬਰ (ਨਿਰਮਲ ਸਿੰਘ ਪੰਡੋਰੀ)-
ਜ਼ਿਲ੍ਹੇ ਦੇ ਕਸਬਾ ਸ਼ਹਿਣਾ ਵਿਖੇ ਬੀਤੇ ਕੱਲ੍ਹ ਹੋਏ ਨੌਜਵਾਨ ਆਗੂ ਸੁਖਵਿੰਦਰ ਸਿੰਘ ਕਲਕੱਤਾ ਕਤਲ ਕਾਂਡ ਵਿੱਚ ਇੱਕ ਅਹਿਮ ਮੋੜ ਆਇਆ ਹੈ। ਅੱਜ ਬਰਨਾਲਾ ਵਿਖੇ ਪਟਿਆਲਾ ਰੇਂਜ ਦੇ ਡੀਆਈਜੀ ਕੁਲਦੀਪ ਸਿੰਘ ਚਾਹਲ ਨੇ ਇਸ ਮਾਮਲੇ ਵਿੱਚ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਪੁਲਿਸ ਨੇ ਵਾਰਦਾਤ ਤੋਂ ਕੁਝ ਸਮੇਂ ਬਾਅਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਡੀਆਈਜੀ ਚਾਹਲ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਦੇ ਮੁੱਖ ਦੋਸ਼ੀ ਹਰਜਿੰਦਰ ਸਿੰਘ ਉਰਫ ਜਿੰਦਰ ਸਮੇਤ ਗੁਰਦੀਪ ਦਾਸ ਉਰਫ ਦੀਪੀ ਬਾਵਾ ਅਤੇ ਜਗਵਿੰਦਰ ਸਿੰਘ ਉਰਫ ਪਪਲੂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਤਿੰਨੋ ਦੋਸ਼ੀ ਸ਼ਹਿਣਾ ਦੇ ਰਹਿਣ ਵਾਲੇ ਹਨ। ਪੁਲਿਸ ਨੇ ਘਟਨਾ ਸਮੇਂ ਵਰਤਿਆ ਗਿਆ ਪਿਸਤੌਲ ਵੀ ਬਰਾਮਦ ਕੀਤਾ ਹੈ। ਇਸ ਮਾਮਲੇ ਵਿੱਚ ਅਹਿਮ ਮੋੜ ਉਸ ਵੇਲੇ ਆਇਆ ਜਦੋਂ ਪ੍ਰੈਸ ਕਾਨਫਰੰਸ ਦੌਰਾਨ ਡੀਆਈਜੀ ਕੁਲਦੀਪ ਸਿੰਘ ਚਾਹਲ ਨੇ ਸੁਖਵਿੰਦਰ ਸਿੰਘ ਕਲਕੱਤਾ ਦੇ ਅਸਲਾ ਲਾਈਸੈਂਸ ਨੂੰ ਰੱਦ ਕਰਨ ਜਾਂ ਉਸ ਦਾ ਹਥਿਆਰ ਜਮ੍ਹਾਂ ਕਰਵਾਉਣ ਸਬੰਧੀ ਦੋਸ਼ਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਬਰਨਾਲਾ ਪੁਲਿਸ ਨੇ ਕਲਕੱਤਾ ਦਾ ਅਸਲਾ ਲਾਈਸੈਂਸ ਨਾ ਤਾਂ ਰੱਦ ਕੀਤਾ ਹੈ ਅਤੇ ਨਾ ਹੀ ਉਸ ਦਾ ਕੋਈ ਹਥਿਆਰ ਜਮ੍ਹਾਂ ਕਰਵਾਇਆ ਹੈ। ਡੀਆਈਜੀ ਚਾਹਲ ਨੇ ਦੱਸਿਆ ਕਿ ਸੁਖਵਿੰਦਰ ਕਲਕੱਤਾ ਦਾ ਨਾਮ ‘ਤੇ ਅਸਲਾ ਲਾਇਸੰਸ ਅਜੇ ਵੀ ਬਣਿਆ ਹੋਇਆ ਹੈ ਅਤੇ ਉਹ 2029 ਤੱਕ ਮਿਆਦ ਰੱਖਦਾ ਹੈ। DIG ਨੇ ਦੱਸਿਆ ਕਿ ਮਈ 2025 ਵਿੱਚ ਸੁਖਵਿੰਦਰ ਸਿੰਘ ਕਲਕੱਤਾ ਨੇ ਆਪਣਾ ਹਥਿਆਰ ਵੇਚਣ ਲਈ ਬਰਨਾਲਾ ਪ੍ਰਸ਼ਾਸਨ ਤੋਂ ਐਨਓਸੀ ਲਈ ਸੀ ਜਿਸ ਤੋਂ ਬਾਅਦ ਉਸ ਨੇ ਆਪਣਾ ਹਥਿਆਰ ਕਿਸੇ ਨੂੰ ਵੇਚ ਦਿੱਤਾ ਸੀ। ਦੱਸ ਦੇਈਏ ਕਿ ਸੁਖਵਿੰਦਰ ਕਲਕੱਤਾ ਦੇ ਕਤਲ ਤੋਂ ਬਾਅਦ ਹੀ ਪਰਿਵਾਰ ਅਤੇ ਉਨਾਂ ਦੇ ਹੋਰ ਦੋਸਤਾਂ ਵੱਲੋਂ ਧਰਨੇ ਵਿੱਚ ਭਾਸ਼ਣ ਦਿੰਦੇ ਹੋਏ ਅਤੇ ਕੁਝ ਚੈਨਲਾਂ ‘ਤੇ ਪੱਤਰਕਾਰਾਂ ਦੇ ਰੂਬਰੂ ਵੀ ਇਹ ਦੋਸ਼ ਲਗਾਏ ਜਾ ਰਹੇ ਹਨ ਕਿ ਪੁਲਿਸ ਨੇ ਸੁਖਵਿੰਦਰ ਸਿੰਘ ਕਲਕੱਤਾ ਦਾ ਅਸਲਾ ਲਾਇਸੰਸ ਰੱਦ ਕਰ ਦਿੱਤਾ ਸੀ ਅਤੇ ਉਹਨਾਂ ਦਾ ਹਥਿਆਰ ਜਮ੍ਹਾਂ ਕਰਵਾ ਲਿਆ ਸੀ। ਸੁਖਵਿੰਦਰ ਸਿੰਘ ਕਲਕੱਤਾ ਦੀ ਆਪਣੀ ਵੀ ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਆਖ ਰਿਹਾ ਹੈ ਕਿ ਡੇਢ ਸਾਲ ਪਹਿਲਾਂ ਪੁਲਿਸ ਨੇ ਉਸ ਦਾ ਅਸਲਾ ਲਾਈਸੈਂਸ ਜਮ੍ਹਾਂ ਕਰਵਾ ਲਿਆ ਸੀ ਪਰੰਤੂ ਡੀਆਈਜੀ ਨੇ ਪ੍ਰੈਸ ਕਾਨਫਰੰਸ ‘ਚ ਤੱਥਾਂ ਸਮੇਤ ਇਹਨਾਂ ਦੋਸ਼ਾਂ ਦਾ ਖੰਡਨ ਕਰਦੇ ਹੋਏ ਦੱਸਿਆ ਕਿ ਕਲਕੱਤਾ ਦੇ ਨਾਮ ‘ਤੇ ਅਜੇ ਵੀ ਅਸਲਾ ਲਾਈਸੈਂਸ ਬਣਿਆ ਹੋਇਆ ਹੈ ਪ੍ਰੰਤੂ ਉਸਨੇ ਆਪਣਾ ਪਹਿਲਾ ਹਥਿਆਰ ਵੇਚਣ ਤੋਂ ਬਾਅਦ ਇਸ ਉੱਪਰ ਕੋਈ ਨਵਾਂ ਹਥਿਆਰ ਨਹੀਂ ਚੜਾਇਆ। ਇਸ ਮਾਮਲੇ ਨਾਲ ਜੁੜਿਆ ਇੱਕ ਹੋਰ ਅਹਿਮ ਪੱਖ ਸਾਹਮਣੇ ਆ ਰਿਹਾ ਹੈ ਕਿ ਪੁਲਿਸ ਵੱਲੋਂ ਜਾਰੀ ਕੀਤੇ ਪ੍ਰੈਸ ਨੋਟ ਵਿੱਚ ਲਿਖਿਆ ਗਿਆ ਹੈ ਕਿ ਮੁੱਖ ਦੋਸ਼ੀ ਹਰਜਿੰਦਰ ਸਿੰਘ ਨੇ ਸੁਖਵਿੰਦਰ ਸਿੰਘ ਦਾ ਕਤਲ ਕਰਨ ਤੋਂ ਬਾਅਦ ਭੱਜਦੇ ਸਮੇਂ ਆਪਣਾ ਮੋਬਾਈਲ ਫੋਨ ਕਿਸੇ ਅਣਪਛਾਤੀ ਜਗ੍ਹਾ ‘ਤੇ ਸੁੱਟ ਦਿੱਤਾ ਸੀ ਜਿਸ ਨੂੰ ਅਜੇ ਬਰਾਮਦ ਕਰਵਾਉਣਾ ਬਾਕੀ ਹੈ। ਦਰਅਸਲ ਸੁਖਵਿੰਦਰ ਸਿੰਘ ਕਲਕੱਤਾ ਦੇ ਪਰਿਵਾਰ ਅਤੇ ਉਨਾਂ ਦੇ ਦੋਸਤਾਂ ਵੱਲੋਂ ਉਸ ਦੇ ਕਤਲ ਸਬੰਧੀ ਹਲਕਾ ਵਿਧਾਇਕ ‘ਤੇ ਸਿੱਧੇ ਤੌਰ ‘ਤੇ ਦੋਸ਼ ਲਗਾਏ ਜਾ ਰਹੇ ਹਨ ਅਤੇ ਉਸ ਦੇ ਕਤਲ ਨੂੰ ਇੱਕ ਸਿਆਸੀ ਕਤਲ ਦੱਸਿਆ ਜਾ ਰਿਹਾ ਹੈ। ਇਹਨਾਂ ਦੋਸ਼ਾਂ ਦੀ ਅਸਲ ਸੱਚਾਈ ਮੁੱਖ ਦੋਸ਼ੀ ਜਿੰਦਰ ਦੇ ਮੋਬਾਈਲ ਫੋਨ ਦੇ ਡਾਟਾ ਤੋਂ ਹੀ ਸਾਹਮਣੇ ਆਉਣੀ ਹੈ ਪ੍ਰੰਤੂ ਪੁਲਿਸ ਦੀ ਕਹਾਣੀ ਦੇ ਅਨੁਸਾਰ ਦੋਸ਼ੀ ਜਿੰਦਰ ਨੇ ਆਪਣਾ ਮੋਬਾਈਲ ਫੋਨ ਕਿਤੇ ਸੁੱਟ ਦਿੱਤਾ ਹੈ। ਕਾਨਫਰੰਸ ਦੌਰਾਨ ਡੀਆਈਜੀ ਨੇ ਇਹ ਵੀ ਦੱਸਿਆ ਕਿ ਹਰਜਿੰਦਰ ਸਿੰਘ ਉਰਫ ਜਿੰਦਰ ਨੇ ਘਟਨਾ ਸਮੇਂ ਵਰਤਿਆ ਹਥਿਆਰ ਲੁਧਿਆਣਾ ਤੋਂ ਖਰੀਦਿਆ ਸੀ ਅਤੇ ਉਹ ਗ਼ੈਰ ਕਾਨੂੰਨੀ ਹੈ। ਪੱਤਰਕਾਰਾਂ ਨੇ ਜਦ ਡੀਆਈਜੀ ਨੂੰ ਸਵਾਲ ਕੀਤਾ ਕਿ ਕਲਕੱਤਾ ਦੇ ਕਤਲ ਸਬੰਧੀ ਸਿਆਸੀ ਕਤਲ ਦੇ ਦੋਸ਼ ਲੱਗ ਰਹੇ ਹਨ ਤਾਂ ਡੀਆਈਜੀ ਨੇ ਕਿਹਾ ਕਿ ਦੋਸ਼ੀ ਅਜੇ ਉਹਨਾਂ ਕੋਲ ਰਿਮਾਂਡ ‘ਤੇ ਹਨ ਅਤੇ ਰਿਮਾਂਡ ਦੌਰਾਨ ਇਸ ਪਾਸੇ ਵੀ ਪੜ੍ਹਤਾਲ ਕੀਤੀ ਜਾਵੇਗੀ।










