ਬਰਨਾਲਾ,6 ਅਕਤੂਬਰ (ਨਿਰਮਲ ਸਿੰਘ ਪੰਡੋਰੀ)-
-ਬਰਨਾਲਾ ਵਿਖੇ ਦੁਸਹਿਰੇ ਵਾਲੇ ਦਿਨ ਗੀਤਾ ਭਵਨ ਦੇ ਨੇੜੇ ਇੱਕ ਘਰ ਵਿੱਚੋਂ ਵੱਡੀ ਮਾਤਰਾ ‘ਚ ਸੋਨੇ ਚਾਂਦੀ ਦੇ ਗਹਿਣੇ ਚੋਰੀ ਹੋਣ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਬਰਨਾਲਾ ਦੀ ਪੁਲਿਸ ਨੇ ਇੱਕ ਚੋਰ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਬਰਨਾਲਾ ਸਤਬੀਰ ਸਿੰਘ ਬੈਂਸ ਨੇ ਦੱਸਿਆ ਕਿ 2 ਅਕਤੂਬਰ ਨੂੰ ਪੂਨਮ ਰਾਣੀ ਪਤਨੀ ਰਕੇਸ਼ ਕੁਮਾਰ ਵਾਸੀ ਨੇੜੇ ਗੀਤਾ ਭਵਨ ਬਰਨਾਲਾ ਨੇ ਬਿਆਨ ਦਾ ਦਰਜ ਕਰਵਾਏ ਸਨ ਕਿ ਉਹਨਾਂ ਦੇ ਘਰ ਅੰਦਰ ਦਾਖਲ ਹੋ ਕੇ ਕਿਸੇ ਨੇ 30 ਤੋਲੇ ਸੋਨੇ ਦੇ ਗਹਿਣੇ ਅਤੇ 50,000 ਨਕਦੀ ਚੋਰੀ ਕਰ ਲਏ ਹਨ, ਜਿਸ ਸਬੰਧੀ ਪੂਨਮ ਰਾਣੀ ਦੇ ਬਿਆਨਾਂ ਦੇ ਅਧਾਰ ‘ਤੇ ਥਾਣਾ ਸਿਟੀ ‘ਚ ਮੁਕੱਦਮਾ ਦਰਜ ਕਰਕੇ ਪੁਲਿਸ ਨੇ ਦੌਰਾਨੇ ਪੜ੍ਹਤਾਲ ਉਕਤ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਪ੍ਰਦੀਪ ਸਿੰਘ ਉਰਫ ਪਿੰਦੂ ਪੁੱਤਰ ਚਰਨਜੀਤ ਸਿੰਘ ਵਾਸੀ ਧਨੌਲਾ ਖੁਰਦ ਜ਼ਿਲਾ ਬਰਨਾਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਐਸਪੀ ਬੈਂਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਦੋਸ਼ੀ ਪ੍ਰਦੀਪ ਸਿੰਘ ਕੋਲੋਂ ਇੱਕ ਸੋਨੇ ਦਾ ਹਾਰ, ਇੱਕ ਮੰਗਲ ਸੂਤਰ, ਇੱਕ ਟੋਪਸ ਸੋਨੇ ਦੇ, ਚਾਰ ਚੂੜੀਆਂ ਸੋਨੇ ਦੀਆਂ ਕੁੱਲ ਵਜ਼ਨੀ 114 ਗ੍ਰਾਮ ਅਤੇ ਤਿੰਨ ਜੋੜੇ ਸਗਲੇ ਚਾਂਦੀ ਦੇ, ਇੱਕ ਜੋੜਾ ਝਾਂਜਰਾਂ ਚਾਂਦੀ ਦੀਆਂ, ਕੁੱਲ ਵਜ਼ਨੀ 110 ਗ੍ਰਾਮ ਬਰਾਮਦ ਕਰਵਾਇਆ ਹੈ।
ਜਦੋਂ ਪੱਤਰਕਾਰਾਂ ਨੇ ਡੀਐਸਪੀ ਨੂੰ ਸਵਾਲ ਕੀਤਾ ਕਿ ਮੁਦਈ ਪਰਿਵਾਰ ਨੇ 30 ਤੋਲੇ ਸੋਨੇ ਦੇ ਚੋਰੀ ਹੋਏ ਲਿਖਵਾਏ ਹਨ ਪਰ ਬਰਾਮਦਗੀ ਘੱਟ ਹੋਈ ਹੈ ਤਾਂ ਡੀਐਸਪੀ ਨੇ ਦੱਸਿਆ ਕਿ ਦੋਸ਼ੀ ਨੂੰ ਅੱਜ ਅਦਾਲਤ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਜਾਵੇਗਾ ਤੇ ਰਿਮਾਂਡ ਦੌਰਾਨ ਇਸ ਸਬੰਧੀ ਅਗਲੇਰੀ ਪੁੱਛਗਿੱਛ ਕੀਤੀ ਜਾਵੇਗੀ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਜਿਸ ਦਿਨ ਇਹ ਚੋਰੀ ਹੋਈ ਉਸੇ ਦਿਨ ਪੀੜ੍ਹਤ ਪਰਿਵਾਰ ਪਤੀ ਪਤਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੈਮਰਿਆਂ ਦੇ ਸਾਹਮਣੇ ਕਿਹਾ ਸੀ ਕਿ ਉਹਨਾਂ ਦੇ ਘਰੋਂ ਲੱਗਭੱਗ 60 ਤੋਲੇ ਸੋਨਾ ਚੋਰੀ ਹੋਇਆ ਹੈ ਪ੍ਰੰਤੂ ਬਾਅਦ ਵਿੱਚ ਪੁਲਿਸ ਨੂੰ ਬਿਆਨ ਲਿਖਵਾਉਂਦੇ ਸਮੇਂ ਪਰਿਵਾਰ ਨੇ 30 ਤੋਲੇ ਲਿਖਵਾਏ ਹਨ ਜਦਕਿ ਬਰਾਮਦਗੀ 30 ਤੋਲਿਆਂ ਤੋਂ ਵੀ ਅੱਧੀ ਹੋਈ ਹੈ, ਜਿਸ ਕਰਕੇ ਇਹ ਭੰਬਲਭੂਸੇ ਵਾਲੀ ਚੋਰੀ ਬਣ ਗਈ ਕਿ ਅਸਲ ਵਿੱਚ ਸੋਨਾ ਚੋਰੀ ਹੋਇਆ ਕਿੰਨਾ ਸੀ। ਪ੍ਰੈਸ ਕਾਨਫਰੰਸ ਦੌਰਾਨ ਥਾਣਾ ਸਿਟੀ-1 ਦੇ ਐਸਐਚਓ ਇੰਸਪੈਕਟਰ ਲਖਵਿੰਦਰ ਸਿੰਘ ਵੀ ਹਾਜ਼ਰ ਸਨ।










