ਚੰਡੀਗੜ੍ਹ ,7 ਅਕਤੂਬਰ, (ਨਿਰਮਲ ਸਿੰਘ ਪੰਡੋਰੀ)-
ਪੰਜਾਬ ਦੇ ਸਰਕਾਰੀ ਹਸਪਤਾਲਾਂ ‘ਚ ਡਾਕਟਰਾਂ ਤੇ ਹੋਰ ਮੈਡੀਕਲ ਸਟਾਫ਼ ਦੇ ਕਰਮਚਾਰੀਆਂ ਨਾਲ ਕੁੱਟਮਾਰ ਦੀਆਂ ਕਦਰਾਂ ਘਟਨਾਵਾਂ ‘ਚ ਵਾਧੇ ਦੇ ਮੱਦੇਨਜ਼ਰ ਸਰਕਾਰ ਨੇ ਸੂਬੇ ਦੇ 23 ਸਰਕਾਰੀ ਹਸਪਤਾਲਾਂ ਵਿੱਚ ਪਾਇਲਟ ਪ੍ਰੋਜੈਕਟ ਦੇ ਤੌਰ ‘ਤੇ 200 ਸੁਰੱਖਿਆ ਗਾਰਡ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ। ਸਰਕਾਰ ਵੱਲੋਂ ਇਹਨਾਂ ਸੁਰੱਖਿਆ ਗਾਰਡਾਂ ਦੀ ਤਾਇਨਾਤੀ ਪੰਜਾਬ ਐਕਸ ਸਰਵਿਸਮੈਨ ਕਾਰਪੋਰੇਸ਼ਨ (PESCO) ਦੇ ਤਹਿਤ ਕੀਤੀ ਜਾਵੇਗੀ। ਦੱਸ ਦੇਈਏ ਕਿ ਪਿਛਲੇ ਕੁਝ ਸਮੇਂ ਤੋਂ ਸੂਬੇ ਦੇ ਹਸਪਤਾਲਾਂ ਵਿੱਚ ਡਾਕਟਰਾਂ ਨਾਲ ਕੁੱਟਮਾਰ ਦੇ ਮਾਮਲੇ ਵਧੇ ਹਨ ਜਿਸ ਕਰਕੇ ਡਾਕਟਰਾਂ ਵੱਲੋਂ ਲਗਾਤਾਰ ਹਸਪਤਾਲਾਂ ਦੇ ਅੰਦਰ ਸੁਰੱਖਿਆ ਇੰਤਜ਼ਾਮ ਵਧਾਉਣ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਸੀ ਅਤੇ ਕਈ ਵਾਰ ਡਾਕਟਰਾਂ ਨੇ ਆਪਣੀ ਇਸ ਮੰਗ ਦੇ ਮੱਦੇਨਜ਼ਰ ਹੜ੍ਹਤਾਲ ਵੀ ਕੀਤੀ ਸੀ, ਹੁਣ ਇਹਨਾਂ ਸੁਰੱਖਿਆ ਗਾਰਡਾਂ ਦੀ ਤਾਇਨਾਤੀ ਨਾਲ ਪੰਜਾਬ ‘ਚ 24 ਘੰਟੇ ਖੁੱਲੇ ਰਹਿਣ ਵਾਲੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਨਾਲ ਹੋਣ ਬਾਰੇ ਕੁੱਟਮਾਰ ਦੇ ਕੇਸਾਂ ‘ਤੇ ਰੋਕ ਲੱਗੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹਨਾਂ ਗਾਰਡਾਂ ਦੀ ਤਾਇਨਾਤੀ ਦੀ ਪ੍ਰਕਿਰਿਆ ਇਸੇ ਮਹੀਨੇ ਦੇ ਅੰਤ ਤੱਕ ਪੂਰੀ ਕਰ ਲਈ ਜਾਵੇਗੀ ਜੇਕਰ ਇਹ ਪ੍ਰੋਜੈਕਟ ਸਫਲ ਰਹਿੰਦਾ ਹੈ ਤਾਂ ਹੋਰ ਹਸਪਤਾਲਾਂ ਵਿੱਚ ਵੀ ਇਹ ਜਲਦੀ ਹੀ ਲਾਗੂ ਕਰ ਦਿੱਤਾ ਜਾਵੇਗਾ। ਇਹਨਾਂ ਸੁਰੱਖਿਆ ਗਾਰਡਾਂ ਦੀ ਨਿਯੁਕਤੀ 31 ਮਾਰਚ 2026 ਤੱਕ ਆਊਟਸੋਰਸ ਦੇ ਜ਼ਰੀਏ ਕੀਤੀ ਜਾਵੇਗੀ ਅਤੇ ਇਹਨਾਂ ਦੀ ਨਿਯੁਕਤੀ ਵਿੱਚ ਪੰਜਾਬ ਸਰਕਾਰ ਦੀ ਰਿਜ਼ਰਵੇਸ਼ਨ ਪਾਲਿਸੀ ਵੀ ਲਾਗੂ ਰਹੇਗੀ ਅਤੇ ਇਹਨਾਂ ਸੁਰੱਖਿਆਂ ਗਾਰਡਾਂ ਨੂੰ ਭੁਗਤਾਨ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਤਹਿਤ ਚੱਲ ਰਹੀ ਸਕੀਮ ਅਨੁਸਾਰ ਕੀਤਾ ਜਾਵੇਗਾ।
ਕਿਹੜੇ ਹਸਪਤਾਲ ਨੂੰ ਮਿਲਣਗੇ ਕਿੰਨੇ ਸੁਰੱਖਿਆ ਗਾਰਡ
ਸੂਬੇ ਦੇ 23 ਹਸਪਤਾਲਾਂ ‘ਚ ਪਾਇਲਟ ਪ੍ਰੋਜੈਕਟ ਦੇ ਤੌਰ ‘ਤੇ ਤਾਇਨਾਤ ਕੀਤੇ ਜਾਣ ਵਾਲੇ ਇਹਨਾਂ ਸੁਰੱਖਿਆ ਗਾਰੜਾ ਦੀ ਗਿਣਤੀ ਹੇਠ ਲਿਖੇ ਅਨੁਸਾਰ ਹੋਵੇਗੀ ਜਿਵੇਂ ਕਿ ਜ਼ਿਲ੍ਹਾ ਹਸਪਤਾਲ (ਡੀਐਚ) ਅੰਮ੍ਰਿਤਸਰ ਵਿੱਚ 11, ਡੀਐਚ ਬਰਨਾਲਾ ਵਿੱਚ 7, ਡੀਐਚ ਬਠਿੰਡਾ ਵਿੱਚ 11, ਡੀਐਚ ਫਰੀਦਕੋਟ ਵਿੱਚ 7, ਡੀਐਚ ਫਤਿਹਗੜ੍ਹ ਸਾਹਿਬ ਵਿੱਚ 7, ਡੀਐਚ ਫਾਜ਼ਿਲਕਾ ਵਿੱਚ 9, ਡੀਐਚ ਫਿਰੋਜ਼ਪੁਰ ਵਿੱਚ 9, ਡੀਐਚ ਗੁਰਦਾਸਪੁਰ ਵਿੱਚ 9, ਡੀਐਚ ਹੁਸ਼ਿਆਰਪੁਰ ਵਿੱਚ 9, ਡੀਐਚ ਜਲੰਧਰ ਵਿੱਚ 11, ਡੀਐਚ ਕਪੂਰਥਲਾ ਵਿੱਚ 9, ਡੀਐਚ ਲੁਧਿਆਣਾ ਵਿੱਚ 12, ਡੀਐਚ ਮਾਲੇਰਕੋਟਲਾ ਵਿੱਚ 7, ਡੀਐਚ ਮਾਨਸਾ ਵਿੱਚ 7, ਡੀਐਚ ਮੋਗਾ ਵਿੱਚ 9, ਡੀਐਚ ਮੁਕਤਸਰ ਸਾਹਿਬ ਵਿੱਚ 9, ਡੀਐਚ ਪਠਾਨਕੋਟ ਵਿੱਚ 7, ਡੀਐਚ ਐਮਕੇਐਚ ਪਟਿਆਲਾ ਵਿੱਚ 11, ਡੀਐਚ ਰੂਪਨਗਰ ਵਿੱਚ 7, ਡੀਐਚ ਸੰਗਰੂਰ ਵਿੱਚ 9, ਡੀਐਚ ਮੋਹਾਲੀ ਵਿੱਚ 9, ਡੀਐਚ ਐਸਬੀਐਸ ਨਗਰ ਵਿੱਚ 7 ਅਤੇ ਡੀਐਚ ਤਰਨਤਾਰਨ ਵਿੱਚ 7 ਗਾਰਡ ਤਾਇਨਾਤ ਕੀਤੇ ਜਾਣਗੇ।










