Skip to main content

Gee 98News

…ਹੁਣ ਪੰਜਾਬ ਪੁਲਿਸ ਕੱਢੇਗੀ ਨਵੀਨ ਚਤੁਰਵੇਦੀ ਦੀ ਚਤੁਰਾਈ…!

ਚੰਡੀਗੜ੍ਹ ,16 ਅਕਤੂਬਰ, Gee98 news service-

-ਪੰਜਾਬ ਦੀ ਇੱਕ ਰਾਜ ਸਭਾ ਸੀਟ ਲਈ ਆਪਣੇ ਨਾਮਜ਼ਦਗੀ ਪੱਤਰਾਂ ‘ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਦਸਤਖ਼ਤ ਕਰਵਾਉਣ ਸਬੰਧੀ ਵਿਵਾਦਾਂ ‘ਚ ਆਏ ਨਵੀਨ ਚਤੁਰਵੇਦੀ ਨੂੰ ਆਖਰ ਪੰਜਾਬ ਪੁਲਿਸ ਨੇ ਚੱਕ ਈ ਲਿਆ। ਪੰਜਾਬ ਪੁਲਿਸ ਅਦਾਲਤੀ ਹੁਕਮਾਂ ਤੋਂ ਬਾਅਦ ਹੀ ਨਵੀਨ ਚਤੁਰਵੇਦੀ ਨੂੰ ਗ੍ਰਿਫ਼ਤਾਰ ਕਰ ਸਕੀ, ਬਿਨਾਂ ਅਦਾਲਤੀ ਵਾਰੰਟ ਤੋਂ ਸਿੱਧੇ ਤੌਰ ‘ਤੇ ਨਵੀਨ ਨੂੰ ਗ੍ਰਿਫ਼ਤਾਰ ਪੁੱਜੀ ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਦੀ ਝੜਪ ਵੀ ਹੋਈ ਸੀ ਜਿਸ ਤੋਂ ਬਾਅਦ ਪੰਜਾਬ ਪੁਲਿਸ ਨੂੰ ਖਾਲੀ ਹੱਥ ਮੁੜਨਾ ਪਿਆ ਸੀ ਇਸ ਤੋਂ ਬਾਅਦ ਪੁਲਿਸ ਨੇ ਅਦਾਲਤ ਦੀ ਪ੍ਰਕਿਰਿਆ ਦਾ ਸਹਾਰਾ ਲੈ ਕੇ ਨਵੀਨ ਦੇ ਵਾਰੰਟ ਪ੍ਰਾਪਤ ਕੀਤੇ ਤਾਂ ਕਿਤੇ ਜਾ ਕੇ ਚੰਡੀਗੜ੍ਹ ਪੁਲਿਸ ਦੀ ਧੌਣ ਝੁਕੀ। ਹੁਣ ਪੰਜਾਬ ਪੁਲਿਸ ਨਵੀਨ ਚਤੁਰਵੇਦੀ ਦੀ ਚਤੁਰਾਈ ਦਾ ਪਤਾ ਲਗਾਏਗੀ ਕਿ ਉਸ ਦੇ ਨਾਮਜ਼ਦਗੀ ਪੱਤਰਾਂ ਉੱਪਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਦਸਤਖ਼ਤ ਕਿਵੇਂ ਹੋਏ ? ਇਸ ਮਾਮਲੇ ਵਿੱਚ ਇਹ ਵੀ ਚਰਚਾ ਜ਼ੋਰਾਂ ‘ਤੇ ਹੈ ਕਿ ਨਵੀਨ ਨੇ ਆਪਣੇ ਪਹਿਲੇ ਨਾਮਜ਼ਦਗੀ ਪੱਤਰ ‘ਤੇ ਜਿਹੜੇ 10 ਵਿਧਾਇਕਾਂ ਦੇ ਦਸਤਖ਼ਤ ਕੀਤੇ ਸਨ ਉਹ ਅਸਲੀ ਹਨ ਪ੍ਰੰਤੂ ਨਵੀਨ ਦੇ ਦੂਜੇ ਨਾਮਜ਼ਦਗੀ ਪੱਤਰ ‘ਤੇ ਆਮ ਆਦਮੀ ਵਿਧਾਇਕਾਂ ਦੇ ਦਸਤਖ਼ਤ ਜਾਅਲੀ ਹਨ ਭਾਵੇਂ ਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਨਵੀਨ ਦੇ ਦੋਵੇਂ ਨਾਮਜ਼ਦਗੀ ਪੱਤਰਾਂ ‘ਤੇ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਦੇ ਦਸਤਖ਼ਤ ਅਸਲੀ ਹੀ ਹਨ ਜੋ ਨਵੀਨ ਨੇ ਚਤੁਰਾਈ ਨਾਲ ਕਰਵਾਏ। ਸੂਤਰਾਂ ਅਨੁਸਾਰ ਨਵੀਨ ਚਤੁਰਵੇਦੀ ਦੀ ਕਾਨੂੰਨੀ ਟੀਮ ਨੇ ਪਿਛਲੇ ਦੋ ਦਿਨਾਂ ਵਿੱਚ ਸਾਰੇ ਸਬੂਤ ਤਿਆਰ ਕੀਤੇ ਹਨ ਜਿਹੜੇ ਅਦਾਲਤ ਵਿੱਚ ਰੱਖੇ ਜਾਣਗੇ। ਹੁਣ ਭਾਵੇਂ ਪੰਜਾਬ ਪੁਲਿਸ ਨਵੀਨ ਚਤੁਰਵੇਦੀ ਦੀ ਚਤੁਰਾਈ ਕੱਢੇਗੀ ਪ੍ਰੰਤੂ ਦੂਜੇ ਪਾਸੇ ਜਿਹੜੇ ਵਿਧਾਇਕਾਂ ਦੇ ਦਸਤਖ਼ਤ ਨਵੀਨ ਚਤੁਰਵੇਦੀ ਦੇ ਨਾਮਜ਼ਦਗੀ ਪੱਤਰਾਂ ਉਪਰ ਹੋਏ ਹਨ ਉਹਨਾਂ ਦਾ ਕਾਲਜਾ ਵੀ ਧੱਕ ਧੱਕ ਕਰਦਾ ਸੁਣੀਂਦੈ… ਕੀ ਪਤਾ ਚਤੁਰਵੇਦੀ ਆਪਣੀ ਚਤੁਰਾਈ ਵਿੱਚ ਹੋਰ ਕੀ-ਕੀ ਲੁਕੋਈ ਬੈਠਾ। ਨਵੀਨ ਚਤੁਰਵੇਦੀ ਦੇ ਪੁਲਿਸ ਹਿਰਾਸਤ ਦੇ ਵਿੱਚ ਆਉਣ ਤੋਂ ਬਾਅਦ ਇਹ ਮਾਮਲਾ ਹੋਰ ਦਿਲਚਸਪ ਬਣ ਗਿਆ ਤੇ ਹੁਣ ਇਸ ਦਿਲਚਸਪੀ ‘ਤੇ ਰਾਜਨੀਤੀ ਦੀ ਖੇਡ ਵੀ ਖੇਡੀ ਜਾਵੇਗੀ, ਇਸ ਖੇਡ ਦੇ ਇੱਕ ਪਾਸੇ “ਆਪ” ਹੋਵੇਗੀ ਅਤੇ ਦੂਜੇ ਪਾਸੇ ਭਾਜਪਾ, ਕਿਉਂਕਿ “ਆਪ” ਪਹਿਲਾਂ ਹੀ ਇਹ ਦੋਸ਼ ਲਗਾ ਚੁੱਕੀ ਹੈ ਕਿ ਨਵੀਨ ਦੀ ਚਤੁਰਾਈ ਪਿੱਛੇ ਭਾਜਪਾ ਹੀ ਹੈ।

error: Content is protected !!