ਚੰਡੀਗੜ੍ਹ ,22 ਅਕਤੂਬਰ , Gee98 News service-
-ਪੰਜਾਬ ‘ਚ ਵਧ ਰਹੇ ਫਿਰੌਤੀ ਦੇ ਮਾਮਲਿਆਂ ਨੂੰ ਸੰਜੀਦਗੀ ਨਾਲ ਲੈਂਦੇ ਹੋਏ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੂਬੇ ਦੇ ਪੁਲਿਸ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ। ਡੀਜੀਪੀ ਸ੍ਰੀ ਯਾਦਵ ਨੇ ਕਿਹਾ ਕਿ ਸੂਬੇ ਵਿੱਚ 80 ਫੀਸਦੀ ਤੋਂ ਵੱਧ ਫਿਰੌਤੀ ਦੀਆਂ ਕਾਲਾਂ ਸਥਾਨਕ ਅਪਰਾਧੀਆਂ ਵੱਲੋਂ ਕੀਤੀਆਂ ਜਾਂਦੀਆਂ ਹਨ ਜੋ ਗੈਂਗਸਟਰ ਬਣਨ ਦਾ ਨਾਟਕ ਕਰਦੇ ਹਨ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਕੋਲੇ ਇਸ ਬਾਰੇ ਪੁਖਤਾ ਸੂਚਨਾ ਮੌਜੂਦ ਹੈ ਕਿ ਸਥਾਨਕ ਅਪਰਾਧੀ ਹੀ ਵੱਡੇ ਗੈਂਗਸਟਰਾਂ ਦਾ ਨਾਮ ਵਰਤ ਕੇ ਫਿਰੌਤੀ ਦੀਆਂ ਕਾਲਾਂ ਕਰਦੇ ਹਨ। ਡੀਜੀਪੀ ਯਾਦਵ ਨੇ ਸੂਬੇ ਦੇ ਸਾਰੇ ਪੁਲਿਸ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਸਖ਼ਤ ਹਦਾਇਤ ਦਿੱਤੀ ਹੈ ਕਿ ਹਰ ਫਿਰੌਤੀ ਦੀ ਹਰ ਕਾਲ ਨੂੰ ਐਫਆਈਆਰ ਵਜੋਂ ਦਰਜ ਕਰਕੇ ਉਸਦੀ ਪੂਰੀ ਜਾਂਚ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ‘ਚ ਫਿਰੌਤੀ ਵਸੂਲਣ ਸਬੰਧੀ ਕੁਝ ਚੋਣਵੇਂ ਕਾਰੋਬਾਰੀਆਂ, ਕਲਾਕਾਰਾਂ ਅਤੇ ਹੋਰ ਮਸ਼ਹੂਰ ਹਸਤੀਆਂ ਨੂੰ ਫੋਨ ਕਰਕੇ ਲੱਖਾਂ ਕਰੋੜਾਂ ਰੁਪਏ ਦੀ ਮੰਗ ਕੀਤੀ ਜਾਂਦੀ ਹੈ ਅਤੇ ਨਾ ਦੇਣ ਦੀ ਸੂਰਤ ਵਿੱਚ ਨੁਕਸਾਨ ਕਰਨ ਦੀ ਧਮਕੀ ਦਿੱਤੀ ਜਾਂਦੀ ਹੈ, ਜਿਸ ਤੋਂ ਬਾਅਦ ਪੰਜਾਬ ‘ਚ ਸਹਿਮ ਦਾ ਮਾਹੌਲ ਹੈ ਤੇ ਇਸ ਮਾਮਲੇ ਨੂੰ ਡੀਜੀਪੀ ਨੇ ਸੰਜੀਦਗੀ ਨਾਲ ਲੈਂਦੇ ਹੋਏ ਸੂਬੇ ਦੇ ਕਿਸੇ ਵੀ ਨਾਗਰਿਕ ਨੂੰ ਫਿਰੌਤੀ ਸਬੰਧੀ ਆਈ ਕਾਲ ਨੂੰ ਤੁਰੰਤ ਐਫਆਈਆਰ ਵਜੋਂ ਦਰਜ ਕਰਨ ਦੀ ਹਦਾਇਤ ਕੀਤੀ ਹੈ।










