Gee 98News

ਪੁਲਿਸ ਦੇ ਵੱਡੇ ਅਫ਼ਸਰਾਂ ਦੇ ਗ੍ਰਹਿ ਮਾੜੇ ਚੱਲ ਰਹੇ ਨੇ…ਇੱਕ ਹੋਰ ਵੱਡੇ ਅਫ਼ਸਰ ਦੇ ਖ਼ਿਲਾਫ਼ ਪੈ ਗਈ ਹਾਈਕੋਰਟ ਚ ਪਟੀਸ਼ਨ…!

ਚੰਡੀਗੜ੍ਹ ,22 ਅਕਤੂਬਰ , Gee98 news service-

-ਅੱਜਕੱਲ੍ਹ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਗ੍ਰਹਿ ਚੱਕਰ ਪੁੱਠੇ ਚੱਲ ਰਹੇ ਜਾਪਦੇ ਹਨ, ਪਹਿਲਾਂ DIG ਭੁੱਲਰ ਦੀ ਗ੍ਰਿਫ਼ਤਾਰੀ, ਫਿਰ ਸਾਬਕਾ DGP ਮਹੁੰਮਦ ਮੁਸਤਫ਼ਾ ‘ਤੇ ਐਫਆਈਆਰ ਦਰਜ ਤੇ ਹੁਣ ਇੱਕ ਹੋਰ ਉੱਚ ਪੁਲਿਸ ਅਧਿਕਾਰੀ ਦੇ ਖ਼ਿਲਾਫ਼ ਇੱਕ ਪੀੜ੍ਹਤ ਔਰਤ ਸੀਬੀਆਈ ਜਾਂਚ ਦੀ ਮੰਗ ਲੈ ਕੇ ਹਾਈਕੋਰਟ ਪੁੱਜੀ ਹੈ। ਦੱਸ ਦੇਈਏ ਕਿ ਇਹ ਉੱਚ ਪੁਲਿਸ ਅਧਿਕਾਰੀ ਇਸੇ ਔਰਤ ਦੇ ਇੱਕ ਵਿੱਚ ਮਾਮਲੇ ‘ਚ ਪਹਿਲਾਂ ਹੀ ਮੁਅੱਤਲ ਕੀਤਾ ਹੋਇਆ ਹੈ। ਪੰਜਾਬ ਪੁਲਿਸ ਦੇ ਮੁਅੱਤਲ ਕੀਤੇ AIG ਅਸ਼ੀਸ਼ ਕਪੂਰ ਵੱਲੋਂ ਥਾਣੇ ‘ਚ ਔਰਤ ਨਾਲ ਕੀਤੀ ਗਈ ਕੁੱਟਮਾਰ ਦੇ ਮਾਮਲੇ ਵਿਚ ਹੁਣ ਪੀੜਤ ਔਰਤ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਆਪਣੀ ਪਟੀਸ਼ਨ ਵਿੱਚ ਔਰਤ ਨੇ ਪੂਰੀ ਘਟਨਾ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਉਸ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਪੁਲਿਸ ਨਿਰਪੱਖ ਜਾਂਚ ਨਹੀਂ ਕਰ ਰਹੀ ਹੈ ਅਤੇ ਕਈ ਦੋਸ਼ੀ ਅਧਿਕਾਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।

                                 ਪੀੜਤਾ ਦਾ ਦਾਅਵਾ ਹੈ ਕਿ FIR ਵਿੱਚ ਸਿਰਫ਼ AIG ਅਸ਼ੀਸ਼ ਕਪੂਰ ਦਾ ਨਾਮ ਹੀ ਸ਼ਾਮਲ ਹੈ, ਜਦੋਂ ਕਿ ਵੀਡੀਓ ਅਤੇ ਫੋਰੈਂਸਿਕ ਸਬੂਤ ਸਪੱਸ਼ਟ ਤੌਰ ‘ਤੇ ਦਰਸਾਉਂਦੇ ਹਨ ਕਿ ਘਟਨਾ ਵਾਲੀ ਥਾਂ ‘ਤੇ ਘੱਟੋ-ਘੱਟ ਚਾਰ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ, ਨਾ ਸਿਰਫ਼ ਮੌਕੇ ‘ਤੇ ਮੌਜੂਦ ਸਨ ਬਲਕਿ ਉਸ ‘ਤੇ ਪੈਸੇ ਦੇਣ ਲਈ ਦਬਾਅ ਵੀ ਪਾ ਰਹੇ ਸਨ। ਔਰਤ ਦਾ ਦੋਸ਼ ਹੈ ਕਿ ਉਸ ਨੂੰ ਝੂਠੇ ਮਾਮਲੇ ਵਿੱਚ ਫਸਾਇਆ ਗਿਆ ਅਤੇ ਰਿਸ਼ਵਤ ਮੰਗੀ ਗਈ। ਜਦੋਂ ਉਸ ਨੇ ਇਨਕਾਰ ਕਰ ਦਿੱਤਾ, ਤਾਂ ਉਸ ਨੂੰ ਪੁਲਿਸ ਸਟੇਸ਼ਨ ਲਿਜਾਇਆ ਗਿਆ ਅਤੇ ਏਆਈਜੀ ਕਪੂਰ ਨੇ ਕਈ ਹੋਰ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਉਸ ਨਾਲ ਕੁੱਟਮਾਰ ਕੀਤੀ। ਪੀੜ੍ਹਤ ਦਾ ਦਾਅਵਾ ਹੈ ਕਿ ਫੋਰੈਂਸਿਕ ਰਿਪੋਰਟ ਦੇ ਬਾਵਜੂਦ ਹੋਰ ਪੁਲਿਸ ਅਧਿਕਾਰੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਸਿੱਟੇ ਵਜੋਂ ਉਸ ਨੇ ਹੁਣ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਕੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਇਸ ਮਾਮਲੇ ਵਿੱਚ ਜਾਂਚ ਰਿਪੋਰਟ ਅਤੇ ਕੀਤੀ ਗਈ ਕਾਰਵਾਈ ਬਾਰੇ ਸਟੇਟਸ ਰਿਪੋਰਟ 20 ਜਨਵਰੀ ਤੱਕ ਅਦਾਲਤ ਵਿੱਚ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।

Gee98 Ads
error: Content is protected !!