ਬਰਨਾਲਾ, 28 ਨਵੰਬਰ ( Gee98 news service) :-
ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੀ ਚੌਥੀ ਸੂਬਾਈ ਕਾਨਫਰੰਸ 29 ਨਵੰਬਰ 2025 ਦਿਨ ਸ਼ਨੀਵਾਰ ਨੂੰ ਸ੍ਰੀ ਮਹਾਂ ਸ਼ਕਤੀ ਕਲਾ ਮੰਦਰ ਬਰਨਾਲਾ ਵਿਖੇ ਹੋ ਰਹੀ ਹੈ। ਇਸ ਸਮਾਗਮ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਪੁਹੰਚੇ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਸੂਬਾਈ ਜਥੇਬੰਦਕ ਸਕੱਤਰ ਸੰਤੋਖ ਗਿੱਲ ਨੇ ਕਿਹਾ ਕਿ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਪੱਤਰਕਾਰਾਂ ਦੀ ਇੱਕੋ ਇੱਕ ਵੱਡੀ ਸੂਬਾਈ ਜਥੇਬੰਦੀ ਹੈ, ਜਿਸ ਦੇ ਪੰਜਾਬ ਸਾਰੇ 23 ਜ਼ਿਲਿਆਂ ਵਿਚ ਯੂਨਿਟ ਕਾਇਮ ਹਨ। ਉਹਨਾਂ ਕਿਹਾ ਕਿ ਯੂਨੀਅਨ ਦੇ ਪਹਿਲੇ ਇਜਲਾਸ ਮਾਝਾ ਅਤੇ ਦੁਆਬਾ ਵਿਚ ਹੋ ਚੁੱਕੇ ਹਨ। ਇਸ ਵਾਰ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦਾ ਚੌਥਾ ਸੂਬਾਈ ਇਜਲਾਸ ਬਰਨਾਲਾ ਵਿਖੇ ਹੋ ਰਿਹਾ ਹੈ। ਜਿਸ ਵਿਚ ਸਮੁੱਚੇ ਪੰਜਾਬ ਦੇ 23 ਜ਼ਿਲਿਆਂ ਦੇ ਡੈਲੀਗੇਟ ਭਾਗ ਲੈਣ ਆ ਰਹੇ ਹਨ, ਜਿਹਨਾਂ ਵੱਲੋਂ ਸੂਬਾਈ ਜਥੇਬੰਦੀ ਦੀ ਚੋਣ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਬਰਨਾਲਾ ਦੇ ਸ੍ਰੀ ਮਹਾਂਸ਼ਕਤੀ ਕਲਾ ਮੰਦਰ ਵਿੱਚ 29 ਨਵੰਬਰ ਨੂੰ ਹੋ ਰਹੇ ਆਪਣੇ ਇਸ ਸਮਾਗਮ ਦੇ 2 ਸੈਸ਼ਨ ਹੋਣਗੇ, ਪਹਿਲੇ ਸੈਸ਼ਨ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਜਨਰਲ ਕਾਨਫਰੰਸ ਹੋਵੇਗੀ। ਜਿਸ ਵਿਚ ਇੰਡੀਅਨ ਜਰਨਲਿਸਟ ਯੂਨੀਅਨ ਦੇ ਕੌਮੀ ਪ੍ਰਧਾਨ ਕੇ ਸ੍ਰੀਨਿਵਾਸ ਰੈਡੀ, ਜਨਰਲ ਸਕੱਤਰ ਬਲਵਿੰਦਰ ਜੰਮੂ ਅਤੇ ਸੰਚਾਲਨ ਕਮੇਟੀ ਦੇ ਮੈਂਬਰ ਐੱਸ ਐਨ ਸਿਹਨਾ ਸਮੇਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਸਮੇਤ ਲੋਕਲ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਸ਼ਿਰਕਤ ਕਰਨਗੇ। ਉਹਨਾਂ ਦੱਸਿਆ ਕਿ ਸਮਾਗਮ ਦੇ ਦੂਜੇ ਸੈਸ਼ਨ ਦੌਰਾਨ ਜਥੇਬੰਦੀ ਦੀ ਸੂਬਾਈ ਕਾਰਜਕਾਰਨੀ ਆਪਣੇ ਕਾਰਜਕਾਲ ਦਾ ਰਿਪੋਰਟ ਕਾਰਡ ਪੇਸ਼ ਕਰੇਗੀ ਅਤੇ ਫਿਰ ਪੰਜਾਬ ਭਰ ਦੇ ਡੈਲੀਗੇਟਾਂ ਵੱਲੋਂ ਅਗਲੇ ਤਿੰਨ ਸਾਲ ਲਈ ਨਵੀਂ ਸੂਬਾਈ ਕਾਰਜਕਾਰਨੀ ਚੁਣੀ ਜਾਵੇਗੀ। ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਬਰਨਾਲਾ ਯੂਨਿਟ ਦੇ ਪ੍ਰਧਾਨ ਜਗਸੀਰ ਸਿੰਘ ਸੰਧੂ ਨੇ ਦੱਸਿਆ ਕਿ ਸਮਾਗਮ ਦੇ ਪਹਿਲੇ ਸੈਸ਼ਨ ਦੌਰਾਨ ਪੱਤਰਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਚਰਚਾਵਾਂ ਹੋਣਗੀਆਂ। ਇਸ ਉਪਰੰਤ ਲੰਚ ਹੋਵੇਗਾ ਅਤੇ ਫਿਰ 2 ਵਜੇ ਤੋਂ 4 ਵਜੇ ਤੱਕ ਪੱਤਰਕਾਰਾਂ ਦਾ ਡੈਲੀਗੇਟ ਇਜਲਾਸ ਹੋਵੇਗਾ। ਬਰਨਾਲਾ ਯੂਨਿਟ ਦੇ ਜ਼ਿਲ੍ਹਾ ਜਨਰਲ ਸਕੱਤਰ ਨਿਰਮਲ ਸਿੰਘ ਪੰਡੋਰੀ ਨੇ ਦੱਸਿਆ ਕਿ ਇਸ ਸਮਾਗਮ ਵਿਚ ਰਾਜ ਸਭਾ ਮੈਂਬਰ ਪਦਮ ਸ੍ਰੀ ਰਾਜਿੰਦਰ ਗੁਪਤਾ, ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ, ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ, ਐਸਐਸਪੀ ਸ੍ਰੀ ਮਹੁੰਮਦ ਸਰਫ਼ਰਾਜ਼ ਆਲਮ,ਸਾਬਕਾ ਐਮ.ਪੀ ਰਾਜਦੇਵ ਸਿੰਘ ਖਾਲਸਾ, ਸਾਬਕਾ ਵਿਧਾਇਕ ਕੇਵਲ ਸਿੰਘ ਢਿਲੋਂ, ਸਾਬਕਾ ਵਿਧਾਇਕ ਬਲਵੀਰ ਸਿੰਘ ਘੁੰਨਸ ਸਮੇਤ ਸਾਰੀਆਂ ਰਾਜਸੀ, ਧਾਰਮਿਕ ਅਤੇ ਜਨਤਕ ਜਥੇਬੰਦੀਆਂ ਦੇ ਨਮਾਇੰਦੇ ਸ਼ਿਰਕਤ ਕਰਨਗੇ।










