ਬਰਨਾਲਾ,30 ਨਵੰਬਰ, Gee98 news service-
-ਪੰਜਾਬ ‘ਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦਾ ਐਲਾਨ ਹੁੰਦੇ ਹੀ ਸਰਗਰਮੀਆਂ ਸ਼ੁਰੂ ਹੋ ਚੁੱਕੀਆਂ ਹਨ। ਜੇਕਰ ਬਰਨਾਲਾ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਭਾਵੇਂ ਕਿ ਕਿਸੇ ਵੀ ਪਾਰਟੀ ਨੇ ਅੱਜ ਤੱਕ ਅਧਿਕਾਰਤ ਤੌਰ ‘ਤੇ ਕਿਸੇ ਵੀ ਜੋਨ ਤੋਂ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਪਰੰਤੂ ਸੱਤਾਧਾਰੀ ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ ਨੇ ਲੱਗਭੱਗ ਆਪਣੇ ਉਮੀਦਵਾਰਾਂ ਦੀ ਲਿਸਟ ਫਾਈਨਲ ਕਰ ਲਈ ਹੈ। ਇਸ ਦੌਰਾਨ ਸੱਤਾਧਾਰੀ ਪਾਰਟੀ ਦੇ ਖ਼ਿਲਾਫ਼ ਬਗਾਵਤ ਦੀਆਂ ਸੁਰਾਂ ਵੀ ਉੱਠ ਰਹੀਆਂ ਹਨ। ਵਿਧਾਨ ਸਭਾ ਹਲਕਾ ਮਹਿਲ ਕਲਾਂ ਨਾਲ ਸੰਬੰਧਿਤ ਆਮ ਆਦਮੀ ਪਾਰਟੀ ਦੇ ਗਠਨ ਤੋਂ ਲੈ ਕੇ ਪਾਰਟੀ ਨਾਲ ਜੁੜੇ ਹਲਕੇ ‘ਚ ਚੰਗਾ ਜਨ ਆਧਾਰ ਰੱਖਣ ਵਾਲੇ ਨੌਜਵਾਨ ਆਗੂ ਸੁਖਪਾਲ ਸਿੰਘ ਬਖਤਗੜ੍ਹ ਨੇ ਠੀਕਰੀਵਾਲ ਦੇ ਜ਼ਿਲ੍ਹਾ ਪਰਿਸ਼ਦ ਜੋਨ ਤੋਂ ਆਜ਼ਾਦ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਦੱਸ ਦੇਈਏ ਕਿ ਸੁਖਪਾਲ ਸਿੰਘ ਬਖਤਗੜ੍ਹ ਨੇ 2013 ਤੋਂ ਲੈ ਕੇ ਆਮ ਆਦਮੀ ਪਾਰਟੀ ਲਈ ਉਹਨਾਂ ਹਾਲਾਤਾਂ ਵਿੱਚ ਵੀ ਕੰਮ ਕੀਤਾ ਹੈ ਜਦੋਂ ਕਾਂਗਰਸੀ ਅਤੇ ਅਕਾਲੀ ਪਿੰਡਾਂ ਵਿੱਚ ਝਾੜੂ ਵਾਲਿਆਂ ਨੂੰ ਕੰਧਾਂ ‘ਤੇ ਪੋਸਟਰ ਅਤੇ ਘਰਾਂ ‘ਤੇ ਝੰਡੇ ਵੀ ਨਹੀਂ ਲਗਾਉਣ ਦਿੰਦੇ ਸਨ। ਸੁਖਪਾਲ ਸਿੰਘ ਬਖਤਗੜ੍ਹ ਦੀ ਮਿਹਨਤ ਨੂੰ ਵੇਖਦੇ ਹੋਏ ਪਾਰਟੀ ਨੇ ਉਹਨਾਂ ਨੂੰ ਹਲਕਾ ਸੰਗਠਨ ਇੰਚਾਰਜ, ਕੋਆਰਡੀਨੇਟਰ ਸਮੇਤ ਹੋਰ ਵੱਡੇ ਅਹੁਦਿਆਂ ਨਾਲ ਵੀ ਨਿਵਾਜਿਆ ਪ੍ਰੰਤੂ ਪਿਛਲੇ ਕੁਝ ਸਮੇਂ ਤੋਂ ਹਲਕਾ ਵਿਧਾਇਕ ਵੱਲੋਂ ਪਾਰਟੀ ਗਤੀਵਿਧੀਆਂ ਵਿੱਚ ਸੁਖਪਾਲ ਸਿੰਘ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਜਿਸ ਸਬੰਧੀ ਸਮੇਂ ਸਮੇਂ ‘ਤੇ ਮੀਡੀਆ ਪਲੇਟਫਾਰਮ ‘ਤੇ ਚਰਚਾ ਵੀ ਹੁੰਦੀ ਰਹੀ ਹੈ। ਹਲਕਾ ਵਿਧਾਇਕ ਵੱਲੋਂ ਕੁਝ ਦਲ ਬਦਲੂ ਆਗੂਆਂ ਨੂੰ ਪਹਿਲ ਦਿੱਤੇ ਜਾਣ ਅਤੇ ਵੱਡੇ ਅਹੁਦਿਆਂ ਨਾਲ ਨਿਵਾਜੇ ਜਾਣ ਦੇ ਖ਼ਿਲਾਫ਼ ਵੀ ਸੁਖਪਾਲ ਸਿੰਘ ਪਾਰਟੀ ਦੇ ਹੋਰ ਟਕਸਾਲੀ ਆਗੂਆਂ ਨਾਲ ਮਿਲ ਕੇ ਆਵਾਜ਼ ਚੁੱਕਦਾ ਰਿਹਾ ਹੈ, ਜਿਸ ਦੀ ਹਲਕਾ ਵਿਧਾਇਕ ਨੇ ਤਕਲੀਫ ਮੰਨਦੇ ਹੋਏ ਸੁਖਪਾਲ ਸਿੰਘ ਸਮੇਤ ਪਾਰਟੀ ਦੇ ਹੋਰ ਬਹੁਤੇ ਟਕਸਾਲੀ ਆਗੂਆਂ ਨੂੰ ਅੱਜ ਕੱਲ ਖੁੱਡੇ ਲਾਈਨ ਲਗਾ ਕੇ ਰੱਖਿਆ ਹੋਇਆ ਹੈ। ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸੁਖਪਾਲ ਸਿੰਘ ਵੱਲੋਂ ਚੋਣ ਲੜਨ ਦਾ ਐਲਾਨ ਸਿਰਫ਼ ਉਸ ਦਾ ਇਕੱਲੇ ਦਾ ਹੀ ਨਹੀਂ ਬਲਕਿ ਹਲਕਾ ਵਿਧਾਇਕ ਵੱਲੋਂ ਪਿਛਲੇ ਸਮੇਂ ਦੌਰਾਨ ਅੱਖੋਂ ਪਰੋਖੇ ਕੀਤੇ ਗਏ ਟਕਸਾਲੀ ਆਗੂਆਂ ਨੇ ਇਕੱਠੇ ਹੋ ਕੇ ਹਲਕਾ ਵਿਧਾਇਕ ਦੀਆਂ ਨਿਜਪ੍ਰਸਤ ਨੀਤੀਆਂ ਨੂੰ ਚੁਣੌਤੀ ਦਿੱਤੀ ਹੈ। ਬਹਰਰਾਲ ! ਜੇਕਰ ਨੌਜਵਾਨ ਆਗੂ ਸੁਖਪਾਲ ਸਿੰਘ ਆਪਣੇ ਐਲਾਨ ਮੁਤਾਬਕ ਮੈਦਾਨ ਵਿੱਚ ਡਟਿਆ ਰਹਿੰਦਾ ਹੈ ਤਾਂ ਇਸਦਾ ਸਿਰਫ਼ ਠੀਕਰੀਵਾਲ ਜੋਨ ਹੀ ਨਹੀਂ ਸਗੋਂ ਆਸ ਪਾਸ ਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਅਤੇ ਪੰਚਾਇਤ ਸੰਮਤੀ ਜੋਨ ਦੀਆਂ ਚੋਣਾਂ ‘ਤੇ ਵੀ ਅਸਰ ਪੈ ਸਕਦਾ ਹੈ।










