ਚੰਡੀਗੜ੍ਹ ,9 ਦਸੰਬਰ , Gee98 news service
-ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਚੋਣਾਂ ਲਈ ਨਾਮਜ਼ਦਗੀ ਪੱਤਰਾਂ ਲਈ ਸਮੇਂ ਸਿਰ ਐਨਓਸੀ ਨਾ ਦੇਣ ਦੇ ਦੋਸ਼ਾਂ ਦਾ ਸਾਹਮਣਾ ਕਰਨ ਵਾਲੀ ਬਲਾਕ ਨਾਭਾ ਦੀ ਬੀਡੀਪੀਓ ਬੀਬੀ ਬਲਜੀਤ ਕੌਰ ਖਾਲਸਾ ਨੂੰ ਚੋਣ ਕਮਿਸ਼ਨ ਦੇ ਹੁਕਮਾਂ ਤੋਂ ਬਾਅਦ ਪੰਚਾਇਤ ਵਿਭਾਗ ਨੇ ਤੁਰੰਤ ਪ੍ਰਭਾਵ ਨਾਲ ਬਦਲ ਦਿੱਤਾ ਹੈ। ਬੀਡੀਪੀਓ ਨਾਭਾ ਬੀਬੀ ਬਲਜੀਤ ਕੌਰ ਦੀ ਬਦਲੀ ਨਾਭਾ ਤੋਂ ਵਿਭਾਗ ਦੇ ਹੈੱਡਕੁਆਰਟਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿਖੇ ਕੀਤੀ ਗਈ ਹੈ। ਇਸ ਸਬੰਧੀ ਇੱਕ ਪੱਤਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਪ੍ਰਬੰਧਕੀ ਸਕੱਤਰ ਸ੍ਰੀ ਅਜਿੱਤ ਬਾਲਾਜੀ ਜੋਸ਼ੀ ਤੇ ਦਸਤਖ਼ਤਾਂ ਹੇਠ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਬੀਬੀ ਬਲਜੀਤ ਕੌਰ ਨੂੰ ਤੁਰੰਤ ਪ੍ਰਭਾਵ ਨਾਲ ਆਪਣੀ ਹਾਜ਼ਰੀ ਵਿਭਾਗ ਦੇ ਹੈਡਕੁਆਰਟਰ ਐਸਏਐਸ ਨਗਰ ਵਿਖੇ ਦੇਣ ਦੇ ਹੁਕਮ ਜਾਰੀ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਦੀ ਪ੍ਰਕਿਰਿਆ ਦੌਰਾਨ ਕਾਂਗਰਸ ਅਤੇ ਅਕਾਲੀ ਦਲ ਦੇ ਆਗੂਆਂ ਨੇ ਦੋਸ਼ ਲਗਾਏ ਸਨ ਕਿ ਨਾਭਾ ਬਲਾਕ ਦੇ ਵਿੱਚ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਐਨਓਸੀ ਨਹੀਂ ਦਿੱਤੇ ਜਾ ਰਹੇ ਇਸ ਸਬੰਧੀ ਬੀਡੀਪੀਓ ਦਫ਼ਤਰ ਵਿੱਚ ਅਕਾਲੀ ਆਗੂਆਂ ਅਤੇ ਬੀਬੀ ਬਲਜੀਤ ਕੌਰ ਦੀ ਬਹਿਸਬਾਜ਼ੀ ਵੀ ਇੱਕ ਵੀਡੀਓ ਵੀ ਵਾਇਰਲ ਹੋਈ ਜਿਸ ਵਿੱਚ ਬੀਬੀ ਬਲਜੀਤ ਕੌਰ ਨੂੰ ਇਹ ਕਹਿੰਦੇ ਸੁਣਿਆ ਗਿਆ ਕਿ “ਵਿਰੋਧੀ ਪਾਰਟੀਆਂ ਨੂੰ ਉਮੀਦਵਾਰ ਨਹੀਂ ਮਿਲ ਰਹੇ ਉਹ ਤਾਂ ਰੌਲਾ ਪਾਉਂਦੇ ਹਨ”। ਆਪਣੇ ਇਹਨਾਂ ਸ਼ਬਦਾਂ ਕਾਰਨ ਬੀਬੀ ਬਲਜੀਤ ਕੌਰ ਵਿਰੋਧੀ ਪਾਰਟੀਆਂ ਦੇ ਕਾਫੀ ਨਿਸ਼ਾਨੇ ‘ਚ ਰਹੇ ਅਤੇ ਹੁਣ ਸ਼ਾਇਦ ਇਹੀ ਸ਼ਬਦ ਬੀਬੀ ਬਲਜੀਤ ਕੌਰ ਦੀ ਬਦਲੀ ਦਾ ਕਾਰਨ ਬਣੇ ਹਨ।








