ਬਰਨਾਲਾ ,10 ਦਸੰਬਰ, Gee98 News service
ਪਿਛਲੇ ਦਿਨੀਂ ਬਰਨਾਲਾ ਦੇ ਬੱਸ ਸਟੈਂਡ ਦੇ ਸਾਹਮਣੇ ਇੱਕ ਗਲੀ ਵਿੱਚ ਬਣੇ ਹੋਟਲ B TOWN ਦੇ ਇੱਕ ਕਮਰੇ ‘ਚ ਇੱਕ ਨਬਾਲਿਗ ਲੜਕੀ ਨਾਲ ਰੇਪ ਦੇ ਸ਼ਰਮਨਾਕ ਮਾਮਲੇ ਵਿੱਚ ਆਖ਼ਰ ਬਰਨਾਲਾ ਪੁਲਿਸ ਨੇ ਹੋਟਲ ਦੇ ਮਾਲਕ ਨੂੰ ਵੀ ਨਾਮਜ਼ਦ ਕਰ ਲਿਆ ਹੈ। ਇਹ ਜਾਣਕਾਰੀ ਬਰਨਾਲਾ ਦੇ ਡੀਐਸਪੀ ਸਤਬੀਰ ਸਿੰਘ ਬੈਂਸ ਨੇ ਦਿੱਤੀ। ਦੱਸ ਦੇਈਏ ਕਿ ਹੋਟਲ ਦੇ ਕਮਰੇ ‘ਚ ਇਹ ਘਟਨਾ 1-2 ਦਸੰਬਰ ਦੀ ਰਾਤ ਨੂੰ ਵਾਪਰੀ ਜਿਸ ਤੋਂ ਬਾਅਦ ਨਾਬਾਲਿਗ ਕੁੜੀ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਅਤੇ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਨੌਜਵਾਨਾਂ ਦੇ ਖ਼ਿਲਾਫ਼ ਵੱਖ-ਵੱਖ ਧਰਾਵਾਂ ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ ਪ੍ਰੰਤੂ ਪੁਲਿਸ ਦੀ ਇਹ ਕਾਰਵਾਈ ਇਸ ਕਰਕੇ ਸਵਾਲਾਂ ਦੇ ਘੇਰੇ ਵਿੱਚ ਆ ਗਈ ਸੀ ਕਿ ਜ਼ਰੂਰੀ ਪੜ੍ਹਤਾਲ ਤੋਂ ਬਿਨਾਂ ਨਾਬਾਲਿਗ ਕੁੜੀ ਨੂੰ ਹੋਟਲ ਦੇ ਕਮਰੇ ‘ਚ ਰਾਤ ਸਮੇਂ ਕਮਰਾ ਕਿਰਾਏ ‘ਤੇ ਦੇਣ ਸਮੇਂ ਪੁਲਿਸ ਨੇ ਹੋਟਲ ਮਾਲਕ ਨੂੰ ਕਾਰਵਾਈ ‘ਚ ਸ਼ਾਮਿਲ ਨਹੀਂ ਕੀਤਾ ਸੀ। ਦੋਸ਼ੀ ਨੌਜਵਾਨਾਂ ਦੇ ਖ਼ਿਲਾਫ਼ ਪਰਚਾ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਇਸ ਕਾਰਵਾਈ ਨੂੰ ਪੱਤਰਕਾਰਾਂ ਤੋਂ ਲੁਕੋ ਕੇ ਰੱਖਿਆ ਅਤੇ ਪੱਤਰਕਾਰਾਂ ਨੂੰ ਜਾਰੀ ਕੀਤੇ ਜਾਂਦੀ ਕ੍ਰਾਈਮ ਰਿਪੋਰਟ ਵਿੱਚ ਵੀ ਨਹੀਂ ਦਿੱਤਾ ਜਿਸ ਕਰਕੇ ਪੁਲਿਸ ‘ਤੇ ਉਂਗਲਾਂ ਉਠਣੀਆਂ ਸੁਭਾਵਿਕ ਹੀ ਸਨ। ਇਸ ਮਾਮਲੇ ਦੀ ਭਿਣਕ ਲੱਗਣ ਤੋਂ ਬਾਅਦ ਕੁਝ ਪੱਤਰਕਾਰਾਂ ਅਤੇ ਸ਼ਹਿਰ ਦੀਆਂ ਕੁਝ ਜਥੇਬੰਦੀਆਂ ਨੇ ਇਸ ਮੁੱਦੇ ਨੂੰ ਚੁੱਕਿਆ ਜਿਸ ਤੋਂ ਬਾਅਦ ਪੁਲਿਸ ਨੇ ਹੋਟਲ B TOWN ਦੇ ਮਾਲਕ ਅੰਮ੍ਰਿਤਪਾਲ ਸਿੰਘ ਵਾਸੀ ਰਾਏਕੋਟ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਹੈ। ਦੱਸ ਦੇਈਏ ਕਿ ਬਰਨਾਲਾ ਸ਼ਹਿਰ ਦੇ ਕੁਝ ਹੋਟਲਾਂ ਵਿੱਚ ਹੋ ਰਹੇ ਗ਼ਲਤ ਕੰਮ ਸਬੰਧੀ ਸ਼ਹਿਰ ਦੀਆਂ ਜਥੇਬੰਦੀਆਂ ਵੱਲੋਂ ਪਿਛਲੇ ਸਮੇਂ ਤੋਂ ਇਹ ਮੁੱਦਾ ਚੁੱਕਿਆ ਜਾ ਰਿਹਾ ਪ੍ਰੰਤੂ ਇਹ ਇਸ ਮਾਮਲੇ ਵਿੱਚ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਹੁਣ ਹੋਟਲ ਦੇ ਕਮਰੇ ‘ਚ ਰੇਪ ਵਰਗੀ ਸ਼ਰਮਨਾਕ ਘਟਨਾ ਸਾਹਮਣੇ ਆਉਣ ਤੋਂ ਬਾਅਦ ਲੋਕ ਉਮੀਦ ਕਰ ਸਕਦੇ ਹਨ ਕਿ ਪੁਲਿਸ ਦੀ ਜਾਗ ਖੁੱਲੇਗੀ ਤਾਂ ਜੋ “ਫੂਡ ਸਰਵਿਸ” ਦਾ ਲਾਇਸੈਂਸ ਲੈ ਕੇ ਲੋਕਾਂ ਦੀਆਂ ਅੱਖਾਂ ‘ਚ ਘੱਟਾ ਪਾ ਰਹੇ ਪੈਸੇ ਦੇ ਲਾਲਚੀ ਲੋਕਾਂ ਨੂੰ ਕਾਨੂੰਨੀ ਕਾਰਵਾਈ ਦਾ ਸੇਕ ਲੱਗੇ।
ਫੋਟੋ ਕੈਪਸ਼ਨ-ਜਾਣਕਾਰੀ ਦਿੰਦੇ ਹੋਏ ਡੀਐਸਪੀ ਬਰਨਾਲਾ ਸਤਬੀਰ ਸਿੰਘ ਬੈਂਸ









