Gee 98News

350 ਕਿਲੋ ਵਜ਼ਨ ਚੁੱਕ ਕੇ ਪ੍ਰਤੀਯੋਗਤਾ ਜਿੱਤਣ ਦਾ ਇਨਾਮ….ਮੌਤ…!

ਚੰਡੀਗੜ੍ਹ ,24 ਦਸੰਬਰ , Gee98 News service-

-ਪਿਛਲੇ ਦਿਨੀਂ ਲੁਧਿਆਣਾ ਵਿਖੇ ਇੱਕ ਵੇਟ ਲਿਫਟਿੰਗ ਦੇ ਮੁਕਾਬਲੇ ‘ਚ 350 ਕਿਲੋ ਵਜ਼ਨ ਉਠਾ ਕੇ ਮੁਕਾਬਲਾ ਜਿੱਤਣ ਤੋਂ ਬਾਅਦ ਇੱਕ ਵੇਟ ਲਿਫਟਰ ਦੀ ਮੌਤ ਦੇ ਮਾਮਲੇ ਨੇ ਧਿਆਨ ਖਿੱਚਿਆ ਹੈ। ਮ੍ਰਿਤਕ ਵੇਟ ਲਿਫਟਰ ਸੁਖਬੀਰ ਸਿੰਘ ਨਵਾਂ ਸ਼ਹਿਰ ਦੇ ਕਸਬਾ ਬਲਾਚੌਰ ਦਾ ਰਹਿਣ ਵਾਲਾ ਸੀ ਜੋ ਲੁਧਿਆਣਾ ਵਿਖੇ ਐਤਵਾਰ ਨੂੰ ਸਲੇਮਟਾਬਰੀ ਇਲਾਕੇ ‘ਚ ਡਾਕਟਰ ਅੰਬੇਡਕਰ ਭਵਨ ਵਿੱਚ ਹੋਏ ਇੱਕ ਪਾਵਰਲਿਫਟਿੰਗ ਮੁਕਾਬਲੇ ‘ਚ ਭਾਗ ਲੈਣਾ ਆਇਆ ਸੀ। ਸੂਤਰਾਂ ਅਨੁਸਾਰ ਸੁਖਬੀਰ ਨੇ ਪਹਿਲੀ ਕੋਸ਼ਿਸ਼ ਵਿੱਚ 150 ਕਿਲੋ ਦੀ ਬੈਂਚ ਪ੍ਰੈਸ ਸਫਲਤਾ ਪੂਰਵਕ ਲਗਾਈ ਅਤੇ ਉਸ ਤੋਂ ਬਾਅਦ ਉਸਨੇ 350 ਕਿਲੋ ਦਾ ਵਜ਼ਨ ਉਠਾ ਕੇ ਡੈਡਲਿਫਟ ਰਾਉਂਡ ਵੀ ਜਿੱਤ ਲਿਆ‌ ਪ੍ਰੰਤੂ ਇਸ ਤੋਂ ਕੁਝ ਸਮਾਂ ਬਾਅਦ ਹੀ ਉਸ ਦੇ ਸੀਨੇ ਵਿੱਚ ਤੇਜ਼ ਦਰਦ ਹੋਇਆ ਅਤੇ ਕੁਝ ਹੀ ਪਲਾਂ ‘ਚ ਉਹ ਬੇਹੋਸ਼ ਹੋ ਕੇ ਡਿੱਗ ਪਿਆ।‌ ਸੁਖਬੀਰ ਦੇ ਸਾਥੀ ਉਸ ਨੂੰ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਵੇਟ ਲਿਫਟਿੰਗ ਵਿੱਚ ਕਈ ਮੁਕਾਬਲੇ ਜਿੱਤਣ ਵਾਲੇ ਸੁਖਬੀਰ ਸਿੰਘ ਦੀ ‌ 350 ਕਿਲੋ ਵਜ਼ਨ ਉਠਾ ਕੇ ਇੱਕ ਵੱਡਾ ਮੁਕਾਬਲਾ ਜਿੱਤਣ ਤੋਂ ਤੁਰੰਤ ਬਾਅਦ ਹੋਈ ਮੌਤ ਦੀ ਘਟਨਾ ਜਿੰਮ ਟਰੇਨੀ ਅਤੇ ਵੇਟ ਲਿਫਟਿੰਗ ਦੇ ਪ੍ਰਤੀਯੋਗੀਆਂ ਦਾ ਧਿਆਨ ਮੰਗਦੀ ਹੈ ਅਤੇ ਇਹ ਘਟਨਾ ਵੱਧ ਵਜ਼ਨ ਚੁੱਕਣ ਦੇ ਅਜਿਹੇ ਮੁਕਾਬਲੇ ਕਰਵਾਉਣ ਵਾਲੇ ਪ੍ਰਬੰਧਕਾਂ ਲਈ ਵੀ ਇੱਕ ਸੰਦੇਸ਼ ਹੈ।
ਫੋਟੋ ਕੈਪਸ਼ਨ-ਮ੍ਰਿਤਕ ਸੁਖਬੀਰ ਸਿੰਘ ਦੀ ਫਾਈਲ ਫੋਟੋ

error: Content is protected !!