Skip to main content

Gee 98News

ਮੁਲਾਜ਼ਮ ਦੇ ਗੋਦ ਲਏ ਪੁੱਤਰ ਨੂੰ ਵੀ ਮਿਲਣਗੇ ਸੇਵਾਮੁਕਤੀ ਦੇ ਲਾਭ ਅਤੇ ਪਰਿਵਾਰਿਕ ਪੈਨਸ਼ਨ

ਚੰਡੀਗੜ੍ਹ ,24 ਦਸੰਬਰ , Gee98 news service-

-ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਲੱਗਭੱਗ 19 ਸਾਲਾਂ ਤੋਂ ਚੱਲ ਰਹੇ ਕਾਨੂੰਨੀ ਵਿਵਾਦ ਨੂੰ ਖਤਮ ਕਰਦੇ ਹੋਏ ਪਾਵਰਕਾਮ ਨੂੰ ਮ੍ਰਿਤਕ ਮੁਲਾਜ਼ਮ ਦੇ ਗੋਦ ਲਏ ਪੁੱਤਰ ਨੂੰ ਪਰਿਵਾਰਕ ਪੈਨਸ਼ਨ ਅਤੇ ਹੋਰ ਸੇਵਾਮੁਕਤੀ ਲਾਭ 9 ਪ੍ਰਤੀਸ਼ਤ ਸਾਲਾਨਾ ਵਿਆਜ ਸਮੇਤ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਨੇ ਸਪੱਸ਼ਟ ਕੀਤਾ ਕਿ ਗੋਦ ਲਏ ਪੁੱਤਰ ਦੇ ਵੀ ਜੈਵਿਕ ਪੁੱਤਰ ਦੇ ਸਮਾਨ ਅਧਿਕਾਰ ਹਨ ਅਤੇ ਸਿਰਫ਼ ਗੋਦ ਲੈਣ ਦੇ ਆਧਾਰ ‘ਤੇ ਉਸ ਨੂੰ ਉਸ ਦੇ ਜਾਇਜ਼ ਅਧਿਕਾਰਾਂ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ।ਜਸਟਿਸ ਸੁਦੀਪਤੀ ਸ਼ਰਮਾ ਨੇ ਪਾਵਰਕਾਮ ਅਤੇ ਹੋਰਨਾਂ ਵੱਲੋਂ ਦਾਇਰ ਦੂਜੀ ਅਪੀਲ ਨੂੰ ਖਾਰਜ ਕਰਦੇ ਹੋਏ ਹੇਠਲੀ ਅਦਾਲਤ ਅਤੇ ਪਹਿਲੀ ਅਪੀਲੀ ਅਦਾਲਤ ਦੇ ਇਕਸਾਰ ਨਤੀਜਿਆਂ ਨੂੰ ਬਰਕਰਾਰ ਰੱਖਿਆ। ਇਹ ਮਾਮਲਾ ਜੋਖੂ ਰਾਮ ਸਬੰਧਤ ਹੈ ਜੋ ਲੱਗਭੱਗ 30 ਸਾਲਾਂ ਤੱਕ ਪਾਵਰਕਾਮ ਵਿੱਚ ਚੌਕੀਦਾਰ ਵਜੋਂ ਸੇਵਾ ਨਿਭਾਉਂਦਾ ਰਿਹਾ ਸੀ ਅਤੇ ਉਸ ਨੇ ਵਿਆਹ ਨਹੀਂ ਕਰਵਾਇਆ ਸੀ। ਜੋਖੂ ਰਾਮ ਦੀ ਮੌਤ ਤੋਂ ਬਾਅਦ ਜਗਨ ਨਾਥ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਜੋਖੂ ਰਾਮ ਨੇ 1990 ਵਿੱਚ ਉਸ ਦੇ ਜੈਵਿਕ ਮਾਪਿਆਂ ਦੀ ਸਹਿਮਤੀ ਨਾਲ ਕਾਨੂੰਨੀ ਤੌਰ ‘ਤੇ ਗੋਦ ਲਿਆ ਸੀ। ਪਾਵਰਕਾਮ ਨੇ ਗੋਦ ਲੈਣ ਦੀ ਵੈਧਤਾ ਨੂੰ ਚੁਣੌਤੀ ਦਿੱਤੀ, ਪਰ ਹਾਈ ਕੋਰਟ ਨੇ ਇਸ ਦਲੀਲ ਨੂੰ ਰੱਦ ਕਰ ਦਿੱਤਾ। ਸੁਣਵਾਈ ਦੌਰਾਨ ਰਿਕਾਰਡ ਦੇ ਆਧਾਰ ‘ਤੇ ਅਦਾਲਤ ਨੇ ਕਿਹਾ ਕਿ ਗੋਦ ਲੈਣਾ ਪੂਰੀ ਤਰ੍ਹਾਂ ਜਾਇਜ਼ ਸੀ। ਜੈਵਿਕ ਮਾਪਿਆਂ ਨੇ ਗਵਾਹੀ ਦਿੱਤੀ ਸੀ ਅਤੇ ਗੋਦ ਲੈਣ ਦੀ ਪੁਸ਼ਟੀ ਕੀਤੀ ਸੀ ਅਤੇ ਦਸਤਾਵੇਜ਼ਾਂ ਤੋਂ ਸਪੱਸ਼ਟ ਤੌਰ ‘ਤੇ ਪਤਾ ਚੱਲਦਾ ਹੈ ਕਿ ਜੋਖੂ ਰਾਮ ਨੇ ਜਗਨ ਨਾਥ ਨੂੰ ਆਪਣੇ ਪੁੱਤਰ ਵਜੋਂ ਦਰਜ ਕਰਵਾਇਆ ਸੀ, ਜਿਸ ਦੇ ਆਧਾਰ ਤੇ ਹਾਈਕੋਰਟ ਨੇ ਜੋਖੂ ਰਾਮ ਦੇ ਗੋਦ ਲਏ ਪੁੱਤਰ ਨੂੰ ਪਰਿਵਾਰਕ ਪੈਨਸ਼ਨ ਅਤੇ ਹੋਰ ਸੇਵਾਮੁਕਤੀ ਲਾਭ 9 ਪ੍ਰਤੀਸ਼ਤ ਸਾਲਾਨਾ ਵਿਆਜ ਸਮੇਤ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ।

error: Content is protected !!