ਚੰਡੀਗੜ੍ਹ ,31 ਦਸੰਬਰ , Gee98 news service
-ਕਈ ਵਰ੍ਹਿਆਂ ਤੋਂ ਨੌਕਰੀ ਦੀ ਮੰਗ ਕਰ ਰਹੇ ਪੰਜਾਬ ਦੇ ਬੇਰੁਜ਼ਗਾਰ ਨੌਜਵਾਨ ਮੁੰਡੇ ਕੁੜੀਆਂ ਇਸ ਵਾਰ ਲੋਹੜੀ ਦੇ ਤਿਉਹਾਰ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਦੇ ਅੱਗੇ ਰੁਜ਼ਗਾਰ ਦੀ ਅਲਖ ਜਗਾ ਕੇ ਲੋਹੜੀ ਮੰਗਣਗੇ। ਸਥਾਨਕ ਡੀਸੀ ਦਫ਼ਤਰ ਦੇ ਗੇਟ ਉੱਤੇ ਚੱਲ ਰਹੇ ਬੇਰੁਜ਼ਗਾਰਾਂ ਦੇ ਪੱਕੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ ਅਤੇ ਅਮਨ ਸੇਖਾ ਨੇ ਦੱਸਿਆ ਕਿ ਮੋਰਚੇ ‘ਤੇ ਭਰਾਤਰੀ ਜਥੇਬੰਦੀਆਂ ਦੀ ਮੀਟਿੰਗ ਵਿੱਚ ਫੈਸਲਾ ਹੋਇਆ ਕਿ ਪੰਜਾਬ ਸਰਕਾਰ ਦੇ ਭਰਤੀ ਕੈਲੰਡਰ ਲਾਗੂ ਕਰਨ ਦੇ ਵਾਅਦੇ ਨੂੰ ਪੂਰਾ ਕਰਵਾਉਣ ਲਈ ਲੋਹੜੀ ਮੌਕੇ ਸੰਘਰਸ਼ੀ ਲੋਹੜੀ ਮਨਾ ਕੇ ਰੁਜ਼ਗਾਰ ਦੀ ਲੋਹੜੀ ਮੰਗੀ ਜਾਵੇਗੀ।ਇਸ ਮੌਕੇ ਡੇਮੋਕ੍ਰੇਟਿਕ ਟੀਚਰਜ਼ ਫਰੰਟ ਤੋ ਸੂਬਾ ਪ੍ਰਧਾਨ ਵਿਕਰਮ ਦੇਵ, ਡੇਮੋਕ੍ਰੇਟਿਕ ਟੀਚਰਜ਼ ਫਰੰਟ (ਦਿਗਵਿਜੇ) ਤੋ ਦਾਤਾ ਸਿੰਘ, ਮਜ਼ਦੂਰ ਆਗੂ ਲਖਵੀਰ ਲੌਂਗੋਵਾਲ, 1158 ਸਹਾਇਕ ਪ੍ਰੋਫ਼ੈਸਰ ਯੂਨੀਅਨ ਤੋਂ ਨਿਰਭੈ ਸਿੰਘ, ਨਵਜੀਤ ਸਿੰਘ ਨੌਜਵਾਨ ਭਾਰਤ ਸਭਾ, 4161ਮਾਸਟਰ ਕੇਡਰ ਅਧਿਆਪਕ ਯੂਨੀਅਨ ਤੋਂ ਸੂਬਾ ਪ੍ਰਧਾਨ ਸੰਦੀਪ ਗਿੱਲ, 3704 ਮਾਸਟਰ ਕੇਡਰ ਅਧਿਆਪਕ ਯੂਨੀਅਨ ਪੰਜਾਬ, ਮਜ਼ਦੂਰ ਆਗੂ ਬਹਾਲ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਕੁਲਵਿੰਦਰ ਮਦੇਵੀ ਅਤੇ ਭੁਪਿੰਦਰ ਸਿੰਘ ਨੇ ਬੇਰੁਜ਼ਗਾਰਾਂ ਦੇ ਹੱਕੀ ਸੰਘਰਸ਼ ਦੀ ਹਮਾਇਤ ਕੀਤੀ ਅਤੇ 11 ਜਨਵਰੀ 2026 ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਜਾਕੇ ਰੁਜ਼ਗਾਰ ਮੰਗਣ ਦੇ ਐਲਾਨ ਦੀ ਪ੍ਰੋੜਤਾ ਕੀਤੀ। ਬੇਰੁਜ਼ਗਾਰ ਮੋਰਚੇ ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨਾਲ ਇਸ ਸਬੰਧੀ ਮੀਟਿੰਗ ਵੀ ਕੀਤੀ ਹੈ ਤੇ ਆਪਣਾ ਮੰਗ ਪੱਤਰ ਵੀ ਦਿੱਤਾ। ਬੇਰੁਜ਼ਗਾਰ ਮੋਰਚੇ ਦੇ ਆਗੂਆਂ ਨੇ ਐਲਾਨ ਕੀਤਾ ਕਿ 11 ਜਨਵਰੀ ਦੇ ਪ੍ਰਦਰਸ਼ਨ ਦੀ ਸਫ਼ਲਤਾ ਲਈ ਜਨਤਕ ਲਾਮਬੰਦੀ ਵਿੱਢੀ ਜਾਵੇਗੀ।ਜਿਸ ਤਹਿਤ ਨੇੜਲੇ ਪਿੰਡਾਂ ਅਤੇ ਸਥਾਨਕ ਸ਼ਹਿਰ ਅੰਦਰ ਨਾਅਰੇ ਲਿਖਣ ਅਤੇ ਅਰਥੀਆਂ ਫੂਕਣ ਦੀ ਮੁਹਿੰਮ ਤੇਜ਼ ਕੀਤੀ ਜਾਵੇਗੀ। ਦੱਸ ਦੇਈਏ ਕਿ ਬੇਰੁਜ਼ਗਾਰ ਮੋਰਚੇ ਦੇ ਆਗੂਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਅਨੇਕਾਂ ਵਾਰ ਮੀਟਿੰਗ ਦਾ ਸਮਾਂ ਦਿੱਤਾ ਪ੍ਰੰਤੂ ਆਪ ਸਰਕਾਰ ਦੇ ਚਾਰ ਸਾਲ ਬੀਤਣ ਦੇ ਬਾਵਜੂਦ ਵੀ ਇੱਕ ਮੀਟਿੰਗ ਵੀ ਨਹੀਂ ਕੀਤੀ ਜਿਸ ਤੋਂ ਰੋਸ ਵਿੱਚ ਆ ਕੇ ਬੇਰੁਜ਼ਗਾਰ ਨੌਜਵਾਨ ਮੁੰਡੇ ਕੁੜੀਆਂ ਨੇ 25 ਦਸੰਬਰ ਤੋਂ ਸੰਗਰੂਰ ਵਿਖੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਪੱਕਾ ਮੋਰਚਾ ਲਗਾ ਕੇ ਆਪਣੇ ਰੁਜ਼ਗਾਰ ਪ੍ਰਾਪਤੀ ਦੀ ਆਰ ਪਾਰ ਦੀ ਲੜਾਈ ਲੜਨ ਦਾ ਐਲਾਨ ਕਰ ਦਿੱਤਾ ਹੈ।










