ਚੰਡੀਗੜ੍ਹ 3 ਜਨਵਰੀ, Gee98 News service-
-ਨਗਰ ਨਿਗਮ ਚੰਡੀਗੜ੍ਹ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਲਈ ਤਾਰੀਕ ਦਾ ਐਲਾਨ ਹੋ ਗਿਆ ਹੈ। ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਕਿਹਾ ਕਿ 29 ਜਨਵਰੀ ਨੂੰ ਚੰਡੀਗੜ੍ਹ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਹੋਵੇਗੀ ਜਿਸ ਲਈ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ। ਇੱਕ ਪਾਸੇ ਭਾਰਤੀ ਜਨਤਾ ਪਾਰਟੀ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠਜੋੜ ਹੈ। ਚੰਡੀਗੜ੍ਹ ਦੇ ਮੇਅਰ ਦੀ ਚੋਣ ਵਿੱਚ ਇਸ ਵਾਰ ਦਿਲਚਸਪ ਸਥਿਤੀ ਬਣੀ ਹੋਈ ਹੈ ਕਿਉਂਕਿ ਦੋਵੇਂ ਧਿਰਾਂ ਕੋਲ 18-18 ਕੌਂਸਲਰ ਹਨ। ਭਾਜਪਾ ਕੋਲ ਪਹਿਲਾਂ 16 ਕੌਂਸਲਰ ਸਨ ਪ੍ਰੰਤੂ ਕੁਝ ਤੁਹਾਨੂੰ ਪਹਿਲਾਂ ਆਮ ਆਦਮੀ ਪਾਰਟੀ ਦੀਆਂ ਦੋ ਕੌਂਸਲਰ ਮਹਿਲਾਵਾਂ ਪੂਨਮ ਅਤੇ ਸੁਮਨ ਭਾਜਪਾ ਵਿੱਚ ਸ਼ਾਮਿਲ ਹੋ ਗਈਆਂ ਸਨ ਜਿਸ ਤੋਂ ਬਾਅਦ ਭਾਜਪਾ ਦੇ ਕੌਂਸਲਰਾਂ ਦੀ ਗਿਣਤੀ ਪੂਰੀ 18 ਹੋ ਗਈ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਕੋਲ 11 ਕੌਸਲਰ ਹਨ ਜਦਕਿ ਕਾਂਗਰਸ ਦੇ 6 ਕੌਂਸਲਰ ਹਨ ਅਤੇ ਕਾਂਗਰਸੀ ਮੈਂਬਰ ਪਾਰਲੀਮੈਂਟ ਵੀ ਮੇਅਰ ਦੀ ਚੋਣ ਵਿੱਚ ਵੋਟ ਪਾ ਸਕਣਗੇ ਇਸ ਤਰ੍ਹਾਂ ਆਪ ਅਤੇ ਕਾਂਗਰਸ ਦੇ ਖ਼ੇਮੇ ਵਿੱਚ ਵੀ ਪੂਰੀਆਂ 18 ਵੋਟਾਂ ਬਣਦੀਆਂ ਹਨ। ਇਸ ਵਾਰ ਮੇਅਰ ਦੀ ਚੋਣ ਦੇ ਇੱਕ ਹੋਰ ਪੱਖ ਨੇ ਵੀ ਸਥਿਤੀ ਦਿਲਚਸਪ ਬਣਾ ਦਿੱਤੀ ਹੈ ਕਿ ਕੌਂਸਲਰਾਂ ਦੇ ਹੱਥ ਖੜੇ ਕਰਵਾ ਕੇ ਵੋਟਾਂ ਪਵਾਈਆਂ ਜਾਣਗੀਆਂ ਜਦਕਿ ਪਹਿਲਾਂ ਬੈਲੇਟ ਪੇਪਰ ਨਾਲ ਵੋਟਿੰਗ ਹੁੰਦੀ ਸੀ। ਜਿਹੜੀ ਧਿਰ ਵਾਲੇ ਪਾਸੇ 19 ਕੌਂਸਲਰਾਂ ਦੇ ਹੱਥ ਖੜੇ ਗਏ ਹੋ ਗਏ ਉਸ ਦਾ ਮੇਅਰ ਬਣ ਜਾਵੇਗਾ ਜਦ ਕਿ ਅੱਜ ਦੀ ਤਰੀਕ ਤੱਕ ਦੋਵੇਂ ਪਾਸੇ ਕੌਂਸਲਰਾਂ ਦੀ ਗਿਣਤੀ ਬਰਾਬਰ 18-18 ਹੈ। ਇਸ ਵੇਲੇ ਚੰਡੀਗੜ੍ਹ ਨਗਰ ਨਿਗਮ ਵਿੱਚ ਭਾਜਪਾ ਦੀ ਹਰਪ੍ਰੀਤ ਕੌਰ ਮੇਅਰ ਹੈ, ਜੇਕਰ ਭਾਜਪਾ ਨੇ ਮੇਅਰ ਦੀ ਕੁਰਸੀ ‘ਤੇ ਕਬਜ਼ਾ ਬਰਕਰਾਰ ਰੱਖਣਾ ਹੈ ਤਾਂ ਉਸ ਨੂੰ 19 ਕੌਂਸਲਰਾਂ ਦੀ ਹਮਾਇਤ ਚਾਹੀਦੀ ਹੈ ਜਦਕਿ ਉਸ ਕੋਲ 18 ਕੌਂਸਲਰ ਹਨ। ਇਸ ਵਾਰ ਨਾ ਤਾਂ ਵੋਟ ਰੱਦ ਹੋਵੇਗੀ ਅਤੇ ਨਾ ਹੀ ਕਰਾੱਸਿੰਗ ਵੋਟਿੰਗ ਹੋਵੇਗੀ ਕਿਉਂਕਿ ਹੱਥ ਖੜੇ ਕਰਕੇ ਵੋਟਿੰਗ ਹੋਣੀ ਹੈ ਇਸ ਲਈ ਸਥਿਤੀ ਪੂਰੀ ਦਿਲਚਸਪ ਬਣ ਚੁੱਕੀ ਹੈ। ਜੇਕਰ ਦੋਵੇਂ ਧਿਰਾਂ ਵਿੱਚੋਂ ਕੋਈ ਕੌਂਸਲਰ ਗ਼ੈਰ ਹਾਜ਼ਰ ਰਹਿੰਦਾ ਹੈ ਜਾਂ ਬਿਮਾਰ ਹੋ ਜਾਂਦਾ ਹੈ ਤਾਂ ਦੂਜੀ ਧਿਰ ਬਾਜ਼ੀ ਮਾਰ ਜਾਵੇਗੀ। ਹੁਣ ਵੇਖਣਯੋਗ ਹੋਵੇਗਾ ਕਿ ਭਾਜਪਾ ਆਪਣੇ ਵਿਰੋਧੀ ਧਿਰ ਆਮ ਆਦਮੀ ਪਾਰਟੀ ਜਾਂ ਕਾਂਗਰਸ ਦੇ ਕਿਸੇ ਕੌਂਸਲਰ ਨੂੰ ਗ਼ੈਰ ਹਾਜ਼ਰ ਰਹਿਣ ਜਾਂ ਬਿਮਾਰ ਕਰਨ ਵਿੱਚ ਕਾਮਯਾਬ ਹੁੰਦੀ ਹੈ ਜਾਂ ਨਹੀਂ, ਇਹੋ ਤਰੀਕਾ ਆਪ ਤੇ ਕਾਂਗਰਸ ਦੇ ਗਠਜੋੜ ਵੱਲੋਂ ਵੀ ਵਰਤਿਆ ਜਾ ਸਕਦਾ ਹੈ ਪਰੰਤੂ ਜ਼ਿਆਦਾ ਸੰਭਾਵਨਾ ਇਹੀ ਹੈ ਕਿ ਭਾਜਪਾ ਵਿਰੋਧੀ ਧਿਰ ਆਮ ਆਦਮੀ ਪਾਰਟੀ ਜਾਂ ਕਾਂਗਰਸ ਦੇ ਕਿਸੇ ਕੌਂਸਲਰ ਨੂੰ ਗ਼ੈਰ ਹਾਜ਼ਰ ਰਹਿਣ ਲਈ ਕੋਈ ਨਾ ਕੋਈ ਜੁਗਾੜ ਕਰੇਗੀ, ਕਿਉਂਕਿ ਚੰਡੀਗੜ੍ਹ ਕੇਂਦਰੀ ਸ਼ਾਸਿਤ ਪ੍ਰਦੇਸ਼ ਹੈ ਜਿੱਥੋਂ ਦਾ ਪ੍ਰਸ਼ਾਸਨ ਕੇਂਦਰ ਸਰਕਾਰ ਦੇ ਅਧੀਨ ਹੈ ਇਸ ਲਈ ਇਹ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਪੰਜਾਬ ਦੀ ਆਮ ਆਦਮੀ ਪਾਰਟੀ ਵਾਂਗ “ਸ਼ਾਮ ਦਾਮ ਦੰਡ ਭੇਦ” ਵਾਲੀ ਨੀਤੀ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ ਵਿੱਚ ਵਰਤ ਸਕਦੀ ਹੈ। ਬਹਰਹਾਲ ! ਨਗਰ ਨਿਗਮ ਦੇ ਮੇਅਰ ਦੀ ਚੋਣ ਸਬੰਧੀ ਦੋਵੇਂ ਪਾਸੇ ਕੌਂਸਲਰਾਂ ਦੀ ਗਿਣਤੀ ਬਰਾਬਰ ਹੋਣ ਕਾਰਨ “ਕੁੰਡੀਆਂ ਦੇ ਸਿੰਗ ਫਸੇ ਹੋਏ ਹਨ, ਹੁਣ ਵੇਖਦੇ ਆਂ ਕਿ ਕਿਹੜੀ ਵੜੇਵੇਂ ਖਾਣੀ ਨਿਤਰੇਗੀ”।










