ਚੰਡੀਗੜ੍ਹ,3 ਜਨਵਰੀ, Gee98 News service-
-ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਗ਼ਲਤ ਜਾਣਕਾਰੀ ਫੈਲਾਉਣ ਦੇ ਦੋਸ਼ਾਂ ਤਹਿਤ ਪੱਤਰਕਾਰਾਂ ‘ਤੇ ਕੀਤੀ ਝੂਠੀ ਪੁਲਿਸ ਕਾਰਵਾਈ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ‘ਤੇ ਦਿੱਲੀ ਸਰਕਾਰ ਵੱਲੋਂ ਇਨਾਂ ਹੀ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਦੀਆਂ ਖ਼ਬਰਾਂ ਸਾਹਮਣੇ ਆਈਆਂ। ਦਿੱਲੀ ਸਰਕਾਰ ਨੇ ਸ੍ਰੀ ਅਰਵਿੰਦ ਕੇਜਰੀਵਾਲ ਦੇ ਖ਼ਿਲਾਫ਼ ਗ਼ਲਤ ਜਾਣਕਾਰੀ ਫੈਲਾਉਣ ਦੇ ਦੋਸ਼ ਵਿੱਚ ਧਾਰਾ 353 (1) ਅਤੇ 192 ਤਹਿਤ ਐਫਆਈਆਰ ਦਰਜ ਕੀਤੀ ਹੈ। ਇਹ ਕਾਰਵਾਈ ਦਿੱਲੀ ਪੁਲਿਸ ਨੇ ਸਿੱਖਿਆ ਵਿਭਾਗ ਦੇ ਡਾਇਰੈਕਟਰ ਦੀ ਸ਼ਿਕਾਇਤ ਦੇ ਅਧਾਰ ‘ਤੇ ਕੀਤੀ ਹੈ। ਦੱਸ ਦੇਈਏ ਕਿ ਸ੍ਰੀ ਕੇਜਰੀਵਾਲ ਨੇ ਕਿਹਾ ਸੀ ਕਿ ਦਿੱਲੀ ਸਰਕਾਰ ਨੇ ਅਧਿਆਪਕਾਂ ਦੀ ਡਿਊਟੀ ਕੁੱਤਿਆਂ ਦੀ ਗਿਣਤੀ ਕਰਨ ‘ਤੇ ਲਗਾ ਦਿੱਤੀ ਹੈ ਜਦਕਿ ਦਿੱਲੀ ਸਰਕਾਰ ਨੇ ਇਸ ਨੂੰ ਬਿਲਕੁਲ ਬੇਬੁਨਿਆਦ ਇੱਥੇ ਝੂਠੀ ਅਫਵਾਹ ਦੱਸਿਆ ਹੈ, ਜਿਸ ਤੋਂ ਬਾਅਦ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਸ਼ਿਕਾਇਤ ‘ਤੇ ਕੇਜਰੀਵਾਲ ਦੇ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਆਪ ਦੀ ਪੰਜਾਬ ਸਰਕਾਰ ਨੇ ਵੀ ਇਨਾਂ ਹੀ ਧਾਰਾਵਾਂ ਦੇ ਤਹਿਤ ਪੰਜਾਬ ਦੇ ਕੁਝ ਪੱਤਰਕਾਰਾਂ ‘ਤੇ ਮੁਕੱਦਮਾ ਦਰਜ ਕੀਤਾ ਜਿਸ ਦਾ ਸਮੁੱਚੇ ਪੰਜਾਬ ਦੇ ਵਿੱਚ ਜਬਰਦਸਤ ਵਿਰੋਧ ਹੋ ਰਿਹਾ ਹੈ। ਆਪਣੇ ਕੌਮੀ ਕਨਵੀਨਰ ਦੇ ਖ਼ਿਲਾਫ਼ ਮੁਕੱਦਮਾ ਦਰਜ ਹੋਣ ਤੋਂ ਬਾਅਦ ਆਪ ਕਸੂਤੀ ਸਥਿਤੀ ਵਿੱਚ ਫਸ ਗਈ ਹੈ। ਜੇਕਰ ਆਮ ਆਦਮੀ ਪਾਰਟੀ ਆਪਣੇ ਕੌਮੀ ਕਨਵੀਨਰ ਦੇ ਖ਼ਿਲਾਫ਼ ਦਿੱਲੀ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਨੂੰ ਗ਼ਲਤ ਦੱਸੇਗੀ ਤਾਂ ਉਹਨਾਂ ਹੀ ਧਰਾਵਾਂ ਤਹਿਤ ਪੰਜਾਬ ‘ਚ ਕੀਤੀ ਜਾ ਰਹੀ ਕਾਰਵਾਈ ਨੂੰ ਸਹੀ ਕਿਵੇਂ ਦੱਸੇਗੀ ? ਇਹ ਵੀ ਵੇਖਣਯੋਗ ਹੋਵੇਗਾ ਕਿ ਹੁਣ ਕਿਹੜੇ ਮੂੰਹ ਨਾਲ ਪੰਜਾਬ ਦੇ ਆਪ ਵਿਧਾਇਕ ਆਪਣੇ ਕੌਮੀ ਪ੍ਰਧਾਨ ਦੇ ਖ਼ਿਲਾਫ਼ ਕਾਰਵਾਈ ਕਰਨ ਦੇ ਰੋਸ ਵਜੋਂ ਦਿੱਲੀ ਜਾ ਕੇ ਧਰਨਾ ਲਗਾਉਣਗੇ ਜਦਕਿ ਉਹਨਾਂ ਦੀ ਆਪਣੀ ਸਰਕਾਰ ਨੇ ਪੰਜਾਬ ਵਿੱਚ ਅਜਿਹੀਆਂ ਧਾਰਾਵਾਂ ਤਹਿਤ ਝੂਠੀ ਕਾਰਵਾਈ ਕਰਦੇ ਹੋਏ ਲੋਕਤੰਤਰ ਦੇ ਚੌਥੇ ਥੰਮ੍ਹ ਨੂੰ ਢਾਹੁਣ/ਡਰਾਉਣ/ਦਬਾਉਣ ਲਈ ਅਸਫਲ ਯਤਨ ਕੀਤੇ ਹਨ।










