ਚੰਡੀਗੜ੍ਹ ,26 ਜਨਵਰੀ, Gee98 news service-
-ਪੰਜਾਬ ‘ਚ ਚਾਈਨਾ ਡੋਰ ਦਾ ਕਹਿਰ ਜਾਰੀ ਹੈ। ਪੁਲਿਸ ਵੱਲੋਂ ਸਖ਼ਤੀ ਦੇ ਦਾਅਵਿਆਂ ਦੇ ਬਾਵਜੂਦ ਵੀ ਚਾਈਨਾ ਡੋਰ ਸ਼ਰੇਆਮ ਵੇਚੀ ਜਾ ਰਹੀ ਹੈ। ਕੁਝ ਦਿਨ ਪਹਿਲਾਂ ਸਮਰਾਲਾ ਲਾਗੇ ਇੱਕ 15 ਕੁ ਵਰ੍ਹਿਆਂ ਦੇ ਲੜਕੇ ਦੀ ਚਾਈਨਾ ਡੋਰ ਨਾਲ ਗਰਦਨ ਕੱਟੇ ਜਾਣ ਕਰਕੇ ਮੌਤ ਹੋਈ ਅਤੇ ਬੀਤੇ ਕੱਲ੍ਹ ਅਜਿਹੀ ਮੰਦਭਾਗੀ ਖ਼ਬਰ ਲੁਧਿਆਣਾ ਦੇ ਮੁੱਲਾਂਪੁਰ ਨੇੜੇ ਵਾਪਰੀ ਜਿੱਥੇ ਇੱਕ ਨੌਜਵਾਨ ਔਰਤ ਸਰਬਜੀਤ ਕੌਰ ਦੀ ਚਾਈਨਾ ਡੋਰ ਨਾਲ ਗਰਦਨ ਕੱਟੇ ਜਾਣ ਕਰਕੇ ਮੌਤ ਹੋ ਗਈ। ਸਰਬਜੀਤ ਕੌਰ ਪਿੰਡ ਅਕਾਰਗੜ੍ਹ ਦੀ ਵਾਸੀ ਸੀ ਜੋ ਰਾਏਕੋਟ-ਮੁੱਲਾਂਪੁਰ ਰੋਡ ‘ਤੇ ਫੂਡ ਪੁਆਇੰਟ ਚਲਾ ਰਹੀ ਸੀ ਅਤੇ ਆਪਣੀ ਸਕੂਟਰੀ ‘ਤੇ ਬਾਜ਼ਾਰ ਕੁਝ ਸਮਾਨ ਲੈਣ ਜਾ ਰਹੀ ਸੀ ਤਾਂ ਅੱਜ ਅਚਾਨਕ ਰਸਤੇ ਵਿੱਚ ਲਟਕ ਰਹੀ ਚਾਈਨਾ ਡੋਰ ਉਸ ਦੀ ਗਰਦਨ ਵਿੱਚ ਫਸ ਗਈ ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਕਿਸੇ ਰਾਹਗੀਰ ਵੱਲੋਂ ਉਸ ਨੂੰ ਆਪਣੀ ਪ੍ਰਾਈਵੇਟ ਗੱਡੀ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਰਬਜੀਤ ਕੌਰ ਦਾ ਵਿਆਹ 2021 ਵਿੱਚ ਹੋਇਆ ਸੀ ਅਤੇ ਉਹ ਦੋ ਵਰ੍ਹਿਆਂ ਦੇ ਬੇਟੇ ਦੀ ਮਾਂ ਸੀ। ਇਸ ਮੰਦਭਾਗੀ ਘਟਨਾ ਤੋਂ ਬਾਅਦ ਲੋਕਾਂ ‘ਚ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਪ੍ਰਤੀ ਰੋਸ ਹੈ ਕਿਉਂਕਿ ਲੋਕਾਂ ਦਾ ਮੰਨਣਾ ਹੈ ਕਿ ਕਿਤੇ ਨਾ ਕਿਤੇ ਪੁਲਿਸ ਦੀ ਮਿਲੀਭੁਗਤ ਨਾਲ ਚਾਈਨਾ ਡੋਰ ਦਾ ਕਾਰੋਬਾਰ ਹੋ ਰਿਹਾ ਹੈ। ਦਰਅਸਲ ਬਸੰਤ ਪੰਚਮੀ ਤੋਂ ਹਫ਼ਤਾ ਕੁ ਪਹਿਲਾਂ ਪੁਲਿਸ ਕੁਝ ਕੁ ਦੁਕਾਨਾਂ ਦੀ ਤਲਾਸ਼ੀ ਲੈ ਕੇ ਕੁਝ ਕੁ ਥਾਵਾਂ ਤੋਂ ਚਾਈਨਾ ਡੋਰ ਦੇ ਗੱਟੂ ਬਰਾਮਦ ਕਰਕੇ ਕਾਰਵਾਈ ਕਰਦੀ ਹੈ ਜਦਕਿ ਲੋਕਾਂ ਦਾ ਕਹਿਣਾ ਹੈ ਕਿ ਚਾਈਨਾ ਡੋਰ ਦੇ ਖ਼ਿਲਾਫ਼ ਸਰਕਾਰ ਨੂੰ ਇੱਕ ਵਿਸ਼ੇਸ਼ ਮੁਹਿੰਮ ਚਲਾ ਕੇ ਪੰਜਾਬ ‘ਚ ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਾਉਣੀ ਚਾਹੀਦੀ ਹੈ ਅਤੇ ਇਸ ਦੀ ਉਲੰਘਣਾ ਕਰਨ ਵਾਲੇ ਦੇ ਖ਼ਿਲਾਫ਼ ਇਰਾਦਾ ਕਤਲ ਅਤੇ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਣਾ ਚਾਹੀਦਾ ਹੈ। ਬੀਤੇ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਮਾਗਮ ਦੌਰਾਨ ਇਹ ਸੰਕੇਤ ਵੀ ਦਿੱਤੇ ਹਨ ਕਿ ਲੋਕ ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋ ਤੋਂ ਗ਼ੁਰੇਜ਼ ਕਰਨ ਨਹੀਂ ਤਾਂ ਸਰਕਾਰ ਨੂੰ ਕੋਈ ਸਖ਼ਤ ਫੈਸਲਾ ਲੈਣਾ ਪਵੇਗਾ। ਹੁਣ ਬੀਤੇ ਦਿਨਾਂ ਦੌਰਾਨ ਚਾਈਨਾ ਡੋਰ ਕਰਕੇ ਹੋਈਆਂ ਇਹਨਾਂ ਦੋ ਮੌਤਾਂ ਤੋਂ ਬਾਅਦ ਸਰਕਾਰ ਨੂੰ ਸਖ਼ਤ ਫੈਸਲਾ ਲੈਣ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਿਸ ਇਲਾਕੇ ਵਿੱਚ ਚਾਇਨਾ ਡੋਰ ਦੇ ਗੱਟੂ ਬਰਾਮਦ ਹੁੰਦੇ ਹਨ ਉਸ ਇਲਾਕੇ ਦੇ ਪੁਲਿਸ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ।
ਫੋਟੋ ਕੈਪਸ਼ਨ- ਮ੍ਰਿਤਕ ਸਰਬਜੀਤ ਕੌਰ ਦੀ ਫਾਈਲ ਫੋਟੋ










