ਚੰਡੀਗੜ੍ਹ ,26 ਜਨਵਰੀ, Gee98 news service-
-ਪੰਜਾਬ ਦਾ ਸਭ ਤੋਂ ਵੱਡਾ ਤੇ ਮਹਿੰਗਾ ਟੋਲ ਪਲਾਜ਼ਾ ਅੱਜ 12 ਵਜੇ ਤੋਂ ਫਰੀ ਹੋਵੇਗਾ। ਪੰਜਾਬ ਦੀਆਂ ਦੋ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਦੁਆਬਾ ਅਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਨੇ ਲੁਧਿਆਣਾ ਜ਼ਿਲ੍ਹੇ ਵਿੱਚ ਲਾਡੋਵਾਲ ਟੋਲ ਪਲਾਜ਼ਾ ਫਰੀ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਜਥੇਬੰਦੀਆਂ ਨੇ ਇਹ ਐਲਾਨ ਵੀ ਕੀਤਾ ਕਿ ਜੇਕਰ ਪ੍ਰਸ਼ਾਸਨ ਨੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਲਾਡੋਵਾਲ ਟੋਲ ਪਲਾਜ਼ਾ ਅਣਮਿਥੇ ਸਮੇਂ ਲਈ ਵੀ ਫਰੀ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਸਤਲੁਜ ਦਰਿਆ ‘ਤੇ ਧੁੱਸੀ ਬੰਨ ਦੇ ਨਿਰਮਾਣ ਦੀ ਮੰਗ ਲੰਮੇ ਸਮੇਂ ਤੋਂ ਕਿਸਾਨ ਕਰ ਰਹੇ ਹਨ ਇਸ ਤੋਂ ਇਲਾਵਾ ਰਾਹੋਂ ਰੋਡ ਬਣਾਉਣ ਸਬੰਧੀ ਵੀ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਹਨ। ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਦਿਲਬਾਗ ਸਿੰਘ ਨੇ ਕਿਹਾ ਕਿ ਹੜਾਂ ਦੇ ਦੌਰਾਨ ਦਰਿਆ ਸਤਲੁਜ ਦਾ ਧੁੱਸੀ ਬੰਨ ਟੁੱਟ ਗਿਆ ਸੀ ਜਿਸ ਨਾਲ ਲੋਕਾਂ ਦੀਆਂ ਫਸਲਾਂ ਤੇ ਮਕਾਨਾਂ ਦਾ ਕਾਫੀ ਨੁਕਸਾਨ ਹੋਇਆ ਸੀ। ਪ੍ਰੰਤੂ ਜਦ ਦਰਿਆ ਵਿੱਚ ਪਾਣੀ ਘੱਟ ਗਿਆ ਤਾਂ ਪ੍ਰਸ਼ਾਸਨ ਨੇ ਧੁੱਸੀ ਬੰਨ੍ਹ ਵੱਲ ਕੋਈ ਧਿਆਨ ਨਹੀਂ ਦਿੱਤਾ। ਉਹਨਾਂ ਕਿਹਾ ਕਿ ਲੋਕ ਲੰਬੇ ਸਮੇਂ ਤੋਂ ਧਰਨੇ ‘ਤੇ ਬੈਠੇ ਹਨ, ਪ੍ਰਸ਼ਾਸਨ ਨੂੰ ਵੀ ਕਈ ਵਾਰ ਮੰਗ ਪੱਤਰ ਦਿੱਤੇ ਗਏ ਹਨ, ਇਸ ਦੇ ਬਾਵਜੂਦ ਵੀ ਪ੍ਰਸ਼ਾਸਨ ਨੇ ਧੁੱਸੀ ਬੰਨ੍ਹ ਦੇ ਨਿਰਮਾਣ ਦਾ ਕੰਮ ਸ਼ੁਰੂ ਨਹੀਂ ਕੀਤਾ। ਦਿਲਬਾਗ ਸਿੰਘ ਨੇ ਕਿਹਾ ਕਿ ਮੱਤੇਵਾੜਾ ਜੰਗਲ ਦੇ ਵਿਚਕਾਰ ਰਾਹੋਂ ਰੋਡ ਦਾ ਕੰਮ ਵੀ ਬੰਦ ਪਿਆ ਹੈ ਜਿਸ ਸਬੰਧੀ ਵੀ ਪ੍ਰਸ਼ਾਸਨ ਨੂੰ ਕਈ ਵਾਰ ਮਿਲ ਚੁੱਕੇ ਹਾਂ ਪ੍ਰੰਤੂ ਰਾਹੋਂ ਰੋਡ ਦਾ ਕੰਮ ਵੀ ਪ੍ਰਸ਼ਾਸਨ ਨੇ ਸ਼ੁਰੂ ਨਹੀਂ ਕੀਤਾ। ਕਿਸਾਨ ਆਗੂਆਂ ਨੇ ਕਿਹਾ ਕਿ ਅੱਜ 26 ਜਨਵਰੀ 12 ਵਜੇ ਤੋਂ ਲਾਡੋਵਾਲ ਟੋਲ ਪਲਾਜ਼ਾ ਫਰੀ ਕੀਤਾ ਜਾਵੇਗਾ। ਜੇਕਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਟੋਲ ਪਲਾਜ਼ਾ ਅਣਮਿਥੇ ਸਮੇਂ ਲਈ ਫਰੀ ਰਹੇਗਾ।










