ਚੰਡੀਗੜ੍ਹ 8 ਫਰਵਰੀ 2026, Gee98 News service-
-ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ‘ਤੇ ਹਮਲੇ ਦੀ ਖ਼ਬਰ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਾਮਾ ਮਸਜਿਦ ਲੁਧਿਆਣਾ ਕੰਪਲੈਕਸ ਵਿੱਚ ਬਣੀਆਂ ਦੁਕਾਨਾਂ ਦੇ ਵਿਵਾਦ ਦੌਰਾਨ ਦੂਜੀ ਧਿਰ ਨਾਲ ਸੰਬੰਧਿਤ ਕੁਝ ਲੋਕਾਂ ਨੇ ਸ਼ਾਹੀ ਇਮਾਮ ‘ਤੇ ਇੱਟਾਂ ਰੋੜਿਆਂ ਨਾਲ ਹਮਲਾ ਕੀਤਾ ਜਿਸ ਵਿੱਚ ਸ਼ਾਹੀ ਇਮਾਮ ਜ਼ਖਮੀ ਹੋ ਗਏ। ਇਸ ਹਮਲੇ ਦੌਰਾਨ ਸ਼ਾਹੀ ਇਮਾਮ ਦਾ ਬਚਾਅ ਕਰਦੇ ਦੋ ਹੋਰ ਵਿਅਕਤੀ ਵੀ ਜ਼ਖ਼ਮੀ ਹੋਏ ਹਨ। ਦੈਨਿਕ ਭਾਸਕਰ ਦੀ ਰਿਪੋਰਟ ਅਨੁਸਾਰ ਥਾਣਾ ਡਿਵੀਜ਼ਨ ਨੰਬਰ-2 ਦੀ ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਦੋਸ਼ੀਆਂ ਦੀ ਪਹਿਚਾਣ ਲੁਧਿਆਣਾ ਦੇ ਬਰਾਉਨ ਰੋਡ ਵਾਸੀ ਉਵੈਦ ਉਰ ਰਹਿਮਾਨ, ਉਸਦੇ ਬੇਟੇ ਅਤੀਕ ਉਰ ਰਹਿਮਾਨ ਅਤੇ ਮੁਹੰਮਦ ਅਹਿਮਦ ਵਜੋਂ ਹੋਈ ਹੈ। ਮਸਜਿਦ ਕੰਪਲੈਕਸ ਦੇ ਪ੍ਰਬੰਧਕ ਮੁਹੰਮਦ ਮੁਜਾਹਿਦ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਜਾਮਾ ਮਸਜਿਦ ਦਾ ਨਵੀਨੀਕਰਨ ਦਾ ਕੰਮ ਚੱਲ ਰਿਹਾ ਹੈ ਜਿਸ ਦੀ ਨਿਗਰਾਨੀ ਖੁਦ ਸ਼ਾਹੀ ਇਮਾਮ ਕਰ ਰਹੇ ਹਨ। ਉਹਨਾਂ ਦੱਸਿਆ ਕਿ ਇੱਕ ਫਰਵਰੀ ਨੂੰ ਜਦ ਸ਼ਾਹੀ ਇਮਾਮ ਮਸਜਿਦ ਪਹੁੰਚੇ ਤਾਂ ਦੋਸ਼ੀ ਉੱਥੇ ਆਏ ਅਤੇ ਗਾਲੀ ਗਲੋਚ ਤੇ ਹੋਰ ਅਪਸ਼ਬਦਾਂ ਦੀ ਵਰਤੋਂ ਕਰਨ ਲੱਗੇ। ਇਸ ਤੋਂ ਬਾਅਦ ਦੋਸ਼ੀਆਂ ਨੇ ਸ਼ਾਹੀ ਇਮਾਮ ‘ਤੇ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ। ਸ਼ਿਕਾਇਤਕਰਤਾ ਅਨੁਸਾਰ ਜਦ ਉਸਨੇ ਅਤੇ ਇੱਕ ਹੋਰ ਵਿਅਕਤੀ ਸ਼ਾਹ ਨਿਵਾਜ ਨੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੀ ਵੀ ਕੁੱਟਮਾਰ ਕੀਤੀ ਗਈ। ਇਸ ਤੋਂ ਬਾਅਦ ਆਸ ਪਾਸ ਦੇ ਲੋਕ ਇਕੱਠੇ ਹੋ ਗਏ ਤਾਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਅਧਿਕਾਰੀਆਂ ਅਨੁਸਾਰ ਮਸਜਿਦ ਕੰਪਲੈਕਸ ਵਿੱਚ ਕੁਝ ਦੁਕਾਨਾਂ ਹਨ ਜਿਨਾਂ ‘ਤੇ ਦੋਸ਼ੀ ਆਪਣਾ ਮਾਲਕਾਨਾ ਹੱਕ ਜਤਾ ਰਹੇ ਹਨ, ਪੂਰੇ ਮਸਜਿਦ ਕੰਪਲੈਕਸ ਦੇ ਨਵੀਨੀਕਰਨ ਦੌਰਾਨ ਇਹਨਾਂ ਦੁਕਾਨਾਂ ਦਾ ਵਿਵਾਦ ਵਧਿਆ ਹੋਇਆ ਹੈ ਜਿਸ ਸਬੰਧੀ ਪਹਿਲਾਂ ਦੋਵਾਂ ਧਿਰਾਂ ਵਿੱਚ ਸਮਝੌਤੇ ਦੀ ਕੋਸ਼ਿਸ਼ ਵੀ ਕੀਤੀ ਗਈ ਪ੍ਰੰਤੂ ਸਹਿਮਤੀ ਨਹੀਂ ਬਣ ਸਕੀ। ਪੁਲਿਸ ਨੇ ਸ਼ਿਕਾਇਤ ਦੇ ਅਧਾਰ ‘ਤੇ BNS ਐਕਟ ਦੀਆਂ ਵੱਖ ਵੱਖ ਧਰਾਵਾਂ ਤਹਿਤ ਤਿੰਨ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਅਤੇ ਉਹਨਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।










