Gee 98News

ਪੰਜਾਬ ‘ਚ ਆਊਟਸੋਰਸ ਮੁਲਾਜ਼ਮਾਂ ਸਬੰਧੀ ਹਾਈਕੋਰਟ ਨੇ ਦਿੱਤੇ ਅਹਿਮ ਹੁਕਮ

ਚੰਡੀਗੜ੍ਹ, 14 ਫਰਵਰੀ, Gee98 news service-

-ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕਈ ਸਾਲਾਂ ਤੋਂ ਕੱਚੇ ਤੌਰ ‘ਤੇ ਨੌਕਰੀ ਕਰ ਰਹੇ ਚੌਂਕੀਦਾਰਾਂ ਦੇ ਹੱਕ ਵਿੱਚ ਵੱਡਾ ਫੈਸਲਾ ਦਿੱਤਾ ਹੈ। ਜਿਹੜੇ ਚੌਂਕੀਦਾਰ ਪੰਜਾਬ ‘ਚ ਕਈ ਸਾਲਾਂ ਤੋਂ ਆਊਟਸੋਰਸ ‘ਤੇ ਕੰਮ ਕਰ ਰਹੇ ਹਨ ਹੁਣ ਉਹਨਾਂ ਦੀ ਨੌਕਰੀ ਪੱਕੀ ਵੀ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਸੇਵਾ ਲਾਭ ਵੀ ਦਿੱਤੇ ਜਾਣਗੇ। ਜਸਟਿਸ ਹਰਪ੍ਰੀਤ ਸਿੰਘ ਬਰਾੜ ਨੇ ਮਣਕ ਸਿੰਘ ਅਤੇ ਹੋਰਨਾਂ ਵੱਲੋਂ ਦਾਇਰ ਪਟੀਸ਼ਨਾਂ ‘ਤੇ ਸੁਣਵਾਈ ਕਰਦਿਆਂ ਇਹ ਫੈਸਲਾ ਸੁਣਾਇਆ ਕਿ ਲੰਬੇ ਸਮੇਂ ਤੱਕ ਲਗਾਤਾਰ ਸੇਵਾਵਾਂ ਲੈਣ ਦੇ ਬਾਵਜੂਦ ਮੁਲਾਜ਼ਮਾਂ ਨੂੰ ਆਰਜ਼ੀ ਦਰਜੇ ਵਿੱਚ ਰੱਖਣਾ ਅਣਉਚਿਤ ਲੇਬਰ ਪ੍ਰਥਾ ਹੈ ਅਤੇ ਇਹ ਸੰਵਿਧਾਨ ਦੇ ਸਮਾਨਤਾ ਦੇ ਸਿਧਾਂਤ ਦੇ ਵਿਰੁੱਧ ਹੈ। ਅਦਾਲਤ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਨੂੰ ਖਾਰਜ ਕਰਨਾ ਕਾਨੂੰਨੀ ਤੌਰ ‘ਤੇ ਸਹੀ ਨਹੀਂ ਹੈ। ਪਟੀਸ਼ਨਰਾਂ ਨੇ ਦੱਸਿਆ ਕਿ ਉਹ ਸਾਲ 2008 ਤੋਂ ਕੰਮ ਕਰ ਰਹੇ ਹਨ। ਵਿਭਾਗ ਠੇਕੇਦਾਰ ਨੂੰ ਪ੍ਰਤੀ ਮੁਲਾਜ਼ਮ 14,000 ਰੁਪਏ ਦਿੰਦਾ ਸੀ, ਪਰ ਮੁਲਾਜ਼ਮਾਂ ਨੂੰ ਇਸ ਤੋਂ ਬਹੁਤ ਘੱਟ ਤਨਖਾਹ ਮਿਲਦੀ ਸੀ। ਹਾਈਕੋਰਟ ਨੇ ਨਿਰਦੇਸ਼ ਦਿੱਤਾ ਹੈ ਕਿ ਹੁਕਮ ਦੀ ਕਾਪੀ ਮਿਲਣ ਦੇ 6 ਹਫ਼ਤਿਆਂ ਦੇ ਅੰਦਰ ਸਾਰੇ ਪਟੀਸ਼ਨਰਾਂ ਨੂੰ ਪੱਕਾ ਕੀਤਾ ਜਾਵੇ। ਹਾਈਕੋਰਟ ਨੇ ਇਹ ਵੀ ਕਿਹਾ ਕਿ ਜੇਕਰ ਦਿੱਤੇ ਸਮੇਂ ਅੰਦਰ ਕੋਰਟ ਦੇ ਹੁਕਮਾਂ ਦੀ ਪਾਲਣਾ ਨਹੀਂ ਹੁੰਦੀ ਤਾਂ ਮੁਲਾਜ਼ਮਾਂ ਨੂੰ ਆਪਣੇ-ਆਪ ਰੈਗੂਲਰ ਮੰਨਿਆ ਜਾਵੇਗਾ। ਹੁਣ ਇਹ ਵੇਖਣਯੋਗ ਹੋਵੇਗਾ ਕਿ ਪੰਜਾਬ ਚ 50,000 ਤੋਂ ਵਧੇਰੇ ਨੌਕਰੀਆਂ ਦੇਣ ਦਾ ਦਾਅਵਾ ਕਰਨ ਵਾਲੀ ਸਰਕਾਰ ਹਾਈਕੋਰਟ ਦੇ ਹੁਕਮਾਂ ਨੂੰ ਕਿੰਨੇ ਸਮੇਂ ‘ਚ ਲਾਗੂ ਕਰਦੀ ਹੈ।

error: Content is protected !!