Skip to main content

Gee 98News

ਝਟਕਾ ਨਿਊਜ਼…ਪੰਜਾਬ ਤੋਂ ਹਿਮਾਚਲ ਦੀ ਐਂਟਰੀ ਫੀਸ ਵਿੱਚ ਚੋਖਾ ਵਾਧਾ….ਹੁਣ ਜੇਬ ਹੋਵੇਗੀ ਹੋਰ ਢਿੱਲੀ

ਚੰਡੀਗੜ੍ਹ ,21 ਫਰਵਰੀ , Gee98 news service-

-ਹਿਮਾਚਲ ਪ੍ਰਦੇਸ਼ ਦੀਆਂ ਵਾਦੀਆਂ ਦਾ ਨਜ਼ਾਰਾ ਲੈਣ ਵਾਲੇ ਟੂਰਿਸਟ ਨੂੰ ਹੁਣ ਆਪਣੀ ਜੇਬ ਹੋਰ ਢਿੱਲੀ ਕਰਨੀ ਪਵੇਗੀ। ਹਿਮਾਚਲ ਸਰਕਾਰ ਨੇ ਪ੍ਰਦੇਸ਼ ਵਿੱਚ ਸ਼ਾਮਿਲ ਹੋਣ ਵਾਲੇ ਵਹੀਕਲਾਂ ਦੇ ਐਂਟਰੀ ਟੈਕਸ ਵਿੱਚ ਚੋਖਾ ਵਾਧਾ ਕਰ ਦਿੱਤਾ ਹੈ, ਐਂਟਰੀ ਫੀਸ ਵਿੱਚ ਇਹ ਵਾਧਾ 1 ਅਪ੍ਰੈਲ 2026 ਤੋਂ ਲਾਗੂ ਹੋਵੇਗਾ। ਐਂਟਰੀ ਫੀਸ ਵਿੱਚ ਕੀਤੇ ਇਸ ਵਾਧੇ ਦਾ ਅਸਰ ਟੂਰਿਸਟ ਦੇ ਨਾਲ ਨਾਲ ਟਰਾਂਸਪੋਰਟ ਅਤੇ ਢੋਆ ਢੁਆਈ ਦੀਆਂ ਦਰਾਂ ‘ਤੇ ਵੀ ਪਵੇਗਾ। ਹਿਮਾਚਲ ਸਰਕਾਰ ਵੱਲੋਂ ਸੂਬੇ ‘ਚ ਦਾਖਲ ਹੋਣ ਵਾਲੇ ਨਵੇਂ ਵਹੀਕਲਾਂ ਦੀ ਐਂਟਰੀ ਫੀਸ ਵਿੱਚ ਕੀਤੇ ਵਾਧੇ ਅਨੁਸਾਰ ਹੁਣ ਪ੍ਰਾਈਵੇਟ ਕਾਰ, ਜੀਪ,ਵੈਨ ਅਤੇ ਹਲਕੇ ਵਹੀਕਲਾਂ ਤੋਂ 170 ਰੁਪਏ ਐਂਟਰੀ ਫੀਸ ਵਸੂਲੀ ਜਾਵੇਗੀ ਜਦ ਕਿ ਪਹਿਲਾਂ ਸਿਰਫ਼ 70 ਰੁਪਏ ਸੀ।

                                                    ਇਸੇ ਤਰ੍ਹਾਂ 12+1 ਸੀਟਰ ਪੈਸੰਜਰ ਵਹੀਕਲ ਦੀ ਐਂਟਰੀ ਫੀਸ 110 ਰੁਪਏ ਤੋਂ ਵਧਾ ਕੇ 130 ਕਰ ਦਿੱਤੀ ਗਈ ਹੈ ਜਦਕਿ ਮਿੰਨੀ ਬੱਸ (32 ਸੀਟਰ) 180 ਤੋਂ ਵਧਾ ਕੇ 320 ਰੁਪਏ, ਕਮਰਸੀਅਲ ਬੱਸ ਦੀ ਐਂਟਰੀ ਫੀਸ 320 ਰੁਪਏ ਤੋਂ ਵਧਾ ਕੇ 600 ਰੁਪਏ, ਨਿਰਮਾਣ ਕਾਰਜਾਂ ਵਾਲੀ ਮਸ਼ੀਨਰੀ ਦੀ ਐਂਟਰੀ ਫੀਸ 570 ਤੋਂ ਵਧਾ ਕੇ 800 ਰੁਪਏ, ਢੋਆ ਢੁਆਈ ਵਾਲੇ ਵੱਡੇ ਵਹੀਕਲਾਂ ਦੀ ਐਂਟਰੀ ਫੀਸ 720 ਰੁਪਏ ਤੋਂ ਵਧਾ ਕੇ 900 ਰੁਪਏ, ਟਰੈਕਟਰ ਦੀ ਐਂਟਰੀ ਫੀਸ 70 ਰੁਪਏ ਤੋਂ ਵਧਾ ਕੇ 100 ਰੁਪਏ ਕਰ ਦਿੱਤੀ ਗਈ ਹੈ ਜਦਕਿ ਡਬਲ ਐਕਸਲ (ਬੱਸ ਟਰੱਕ) ਦੀ ਐਂਟਰੀ ਫੀਸ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਜੋ ਪਹਿਲਾਂ ਵੀ 570 ਸੀ ਅਤੇ ਹੁਣ ਵੀ 570 ਹੀ ਵਸੂਲੇ ਜਾਣਗੇ। ਹਿਮਾਚਲ ਸਰਕਾਰ ਦੀ ਨਵੀਂ ਟੋਲ ਬੈਰੀਅਰ ਨੀਤੀ ਦੇ ਅਨੁਸਾਰ ਐਂਟਰੀ ਫੀਸ ਦੀ ਵਸੂਲੀ ਬੈਰੀਅਰਾਂ ‘ਤੇ ਹੀ ਕੀਤੀ ਜਾਵੇਗੀ। ਹਿਮਾਚਲ ਸਰਕਾਰ ਵੱਲੋਂ ਵਧਾਈਆਂ ਇਹਨਾਂ ਐਂਟਰੀ ਫੀਸਾਂ ਦਾ ਭਾਰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਤੋਂ ਦਾਖਲ ਹੋਣ ਵਾਲੇ ਸਾਰੇ ਵਹੀਕਲਾਂ ‘ਤੇ ਪਵੇਗਾ। ਹਿਮਾਚਲ ਦੀਆਂ ਇਹਨਾਂ ਵਧੀਆਂ ਐਂਟਰੀ ਫੀਸਾਂ ਦੇ ਕਾਰਨ ਟੂਰਿਸਟ ਨਾਲ ਜੁੜਿਆ ਹਰ ਕਾਰੋਬਾਰ ਪ੍ਰਭਾਵਿਤ ਹੋਵੇਗਾ ਇਸ ਲਈ ਸ਼ਿਮਲੇ ਦੇ ਹੋਟਲ ਮਾਲਕਾਂ ਨੇ ਹਿਮਾਚਲ ਸਰਕਾਰ ਤੋਂ ਐਂਟਰੀ ਫੀਸਾਂ ਵਿੱਚ ਵਾਧਾ ਵਾਪਸ ਲੈਣ ਦੀ ਮੰਗ ਵੀ ਕਰ ਦਿੱਤੀ ਹੈ।

Gee98 Ads
error: Content is protected !!