ਬਰਨਾਲਾ, 21 ਨਵੰਬਰ (ਨਿਰਮਲ ਸਿੰਘ ਪੰਡੋਰੀ) ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਵਿੱਚ 20 ਅਤੇ 21 ਨਵੰਬਰ ਨੂੰ ਜ਼ਿਲ੍ਹੇ ਦੇ ਤਿੰਨਾਂ ਵਿਧਾਨ ਸਭਾ ਹਲਕਿਆਂ ਦੇ ਸਮੂਹ ਪੋਿਗ ਸਟੇਸ਼ਨਾਂ ’ਤੇ ਵਿਸ਼ੇਸ਼ ਸਰਸਰੀ ਸੁਧਾਈ 2022 ਤਹਿਤ ਵਿਸ਼ੇਸ਼ ਕੈਂਪ ਲਾਏ ਗਏ, ਜਿਸ ਦੌਰਾਨ ਜ਼ਿਲ੍ਹਾ ਚੋਣ ਅਫਸਰ ਸ੍ਰੀ ਕੁਮਾਰ ਸੌਰਭ ਰਾਜ ਸਣੇ ਏਆਰਓਜ਼ ਵੱਲੋਂ ਪੋਲਿੰਗ ਸਟੇਸ਼ਨਾਂ/ਬੂਥਾਂ ’ਤੇ ਚੈਕਿੰਗ ਕੀਤੀ ਗਈ। ਜ਼ਿਲ੍ਹਾ ਚੋਣ ਅਫਸਰ ਸ੍ਰੀ ਕੁਮਾਰ ਸੌਰਭ ਰਾਜ ਵੱਲੋਂ ਬਰਨਾਲਾ ਅਤੇ ਧਨੌਲਾ ਵਿਖੇ ਪੋਿਗ ਬੂਥਾਂ ’ਤੇ ਬੂਥ ਲੈਵਲ ਅਫਸਰਾਂ (ਬੀਐਲਓਜ਼) ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਸ੍ਰੀ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਦਾ ਕੰਮ 1 ਨਵੰਬਰ ਤੋਂ ਸ਼ੁਰੂ ਹੋ ਗਿਆ ਸੀ ਤੇ ਨਵੀਂ ਵੋਟ ਬਣਵਾਉਣ, ਵੋਟ ਕਟਵਾਉਣ ਜਾਂ ਸੋਧ ਕਰਵਾਉਣ ਲਈ 30 ਨਵੰਬਰ 2021 ਤੱਕ ਫਾਰਮ ਭਰੇ ਜਾ ਸਕਦੇ ਹਨ। ਚੋਣ ਕਮਿਸ਼ਨਰ ਵਲੋਂ ਸਮੇਂ ਦਾ ਹਾਣੀ ਬਣਦੇ ਹੋਏ ਫਾਰਮ ਦਸਤੀ ਰੂਪ ਵਿੱਚ ਭਰਨ ਦੇ ਨਾਲ ਨਾਲ ਆਨਲਾਈਨ ਭਰਨ ਦੀ ਸੁਵਿਧਾ ਲਈ ਵੋਟਰ ਹੈਲਪਲਾਈਨ ਐਪ ਸਥਾਪਿਤ ਕੀਤੀ ਗਈ ਹੈ। ਸੁਧਾਈ ਅਤੇ ਬਤੌਰ ਨਵੇਂ ਵੋਟਰ ਰਜਿਸਟਰਡ ਹੋਣ ਦੇ ਕਾਰਜ ਨੂੰ ਬਹੁਤ ਸੁਖਾਲਾ ਕਰ ਦਿੱਤਾ ਗਿਆ ਹੈ ਅਤੇ ਨੌਜਵਾਨ ਵਰਗ ਆਪਣੇ ਸਮਾਰਟ ਫੋਨ ’ਤੇ ਬਹੁਤ ਹੀ ਆਸਾਨੀ ਨਾਲ ਆਨਲਾਈਨ ਫਾਰਮ ਭਰ ਕੇ ਬਤੌਰ ਵੋਟਰ ਰਜਿਸਟਰਡ ਹੋ ਸਕਦੇ ਹਨ। ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਵੋਟ ਜ਼ਰੂਰ ਬਣਵਾਉਣ। ਇਸ ਮੌਕੇ ਤਹਿਸੀਲਦਾਰ ਚੋਣਾਂ ਹਰਜਿੰਦਰ ਕੌਰ ਨੇ ਦੱਸਿਆ ਕਿ ਕੋਈ ਵੀ ਨਾਗਰਿਕ ਆਪਣੀ ਵੋਟ ਜਾਂ ਚੋਣਾਂ ਨਾਲ ਸਬੰਧਿਤ ਕਿਸੇ ਵੀ ਤਰਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਟੌਲ ਫ਼ਰੀ ਨੰਬਰ 1950 ਉਪਰ ਸੰਪਰਕ ਕਰ ਸਕਦਾ ਹੈ। ਇਸ ਦੌਰਾਨ ਜ਼ਿਲ੍ਹਾ ਚੋਣ ਅਫਸਰ ਵੱਲੋਂ 20 ਨਵੰਬਰ ਨੂੰ ਧਨੌਲਾ ਵਿਖੇ ਬੂਥਾਂ ’ਤੇ ਚੈਕਿੰਗ ਕੀਤੀ ਗਈ, ਜਦੋਂਕਿ 21 ਨਵੰਬਰ ਨੂੰ ਬਰਨਾਲਾ ਵਿਖੇ ਐਸਡੀ ਕਾਲਜ, ਮਾਰਕੀਟ ਕਮੇਟੀ, ਬੀਡੀਪੀਓ ਦਫਤਰ, ਜੁਮਲਾ ਮਾਲਕਾਨ, ਸੰਧੂ ਪੱਤੀ ਵਿਖੇ ਬੂਥਾਂ ’ਤੇ ਚੈਕਿੰਗ ਕੀਤੀ ਗਈ। ਇਸ ਦੌਰਾਨ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਵਿਧਾਨ ਸਭਾ ਹਲਕਾ ਬਰਨਾਲਾ ਕਮ ਐਸਡੀਐਮ ਵਰਜੀਤ ਵਾਲੀਆ ਵੱਲੋਂ ਬਰਨਾਲਾ ਹਲਕੇ ਵਿਖੇ ਬੂਥਾਂ ’ਤੇ ਚੈਕਿੰਗ ਕੀਤੀ ਗਈ। ਇਸ ਤੋਂ ਇਲਾਵਾ ਹੋਰ ਈਆਰਓਜ਼ ਵੱਲੋਂ ਵੀ ਵੱਖ ਵੱਖ ਕੈਂਪਾਂ ਦੀ ਚੈਕਿੰਗ ਕੀਤੀ ਗਈ।