ਚੰਡੀਗੜ੍ਹ,15 ਮਾਰਚ, Gee98 news service
ਇਜ਼ਰਾਈਲ ਅਤੇ ਈਰਾਨ ਵਿਚਕਾਰ ਚੱਲ ਰਹੀ ਜੰਗ ਕਾਰਨ ਦੇਸ਼ ਵਿੱਚ ਗੈਸ ਸੰਕਟ ਬਣਿਆ ਹੋਇਆ ਹੈ, ਸਰਕਾਰ ਭਾਵੇਂ ਸਥਿਤੀ ਕੰਟਰੋਲ ਹੇਠ ਹੋਣ ਦੇ ਦਾਅਵੇ ਕਰ ਰਹੀ ਹੈ ਪ੍ਰੰਤੂ ਅਸਲ ਸਥਿਤੀ ਬੇਕਾਬੂ ਹੁੰਦੀ ਜਾ ਰਹੀ ਹੈ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਸਿਲੰਡਰ ਦੀ ਬੁਕਿੰਗ ਵਿੱਚ ਅਚਾਨਕ ਵਾਧਾ ਹੋਇਆ ਹੈ। ਅੰਕੜਿਆਂ ਅਨੁਸਾਰ, ਜੰਗ ਸ਼ੁਰੂ ਹੋਣ ਤੋਂ ਪਹਿਲਾਂ ਰੋਜ਼ਾਨਾ ਔਸਤ ਬੁਕਿੰਗ 55.7 ਲੱਖ ਸੀ, ਜੋ ਹੁਣ ਵਧ ਕੇ 75.7 ਲੱਖ ਤੱਕ ਪਹੁੰਚ ਗਈ ਹੈ। ਕਈ ਥਾਵਾਂ ‘ਤੇ ਸਿਲੰਡਰਾਂ ਲਈ ਲੰਬੀਆਂ ਲਾਈਨਾਂ ਲੱਗ ਰਹੀਆਂ ਹਨ ਅਤੇ ਕਾਲਾਬਾਜ਼ਾਰੀ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆ ਰਹੀਆਂ ਹਨ। ਇਸੇ ਦੌਰਾਨ ਪੈਟਰੋਲੀਅਮ ਮੰਤਰਾਲੇ ਨੇ ਇੱਕ ਅਹਿਮ ਫੈਸਲਾ ਲਿਆ ਹੈ। ਸਰਕਾਰ ਦੇ ਨਵੇਂ ਹੁਕਮਾਂ ਅਨੁਸਾਰ, ਜਿਨ੍ਹਾਂ ਖਪਤਕਾਰਾਂ ਦੇ ਘਰਾਂ ਵਿੱਚ ਪਾਈਪ ਵਾਲੀ ਰਸੋਈ ਗੈਸ (PNG) ਦਾ ਕਨੈਕਸ਼ਨ ਲੱਗਿਆ ਹੋਇਆ ਹੈ, ਉਨ੍ਹਾਂ ਨੂੰ ਹੁਣ LPG ਸਿਲੰਡਰ ਨਹੀਂ ਮਿਲੇਗਾ। ਮੰਤਰਾਲੇ ਵੱਲੋਂ ਜਾਰੀ ਆਦੇਸ਼ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਜਿਨ੍ਹਾਂ ਖਪਤਕਾਰਾਂ ਕੋਲ PNG ਕਨੈਕਸ਼ਨ ਅਤੇ LPG ਸਿਲੰਡਰ ਦੋਵੇਂ ਹਨ, ਉਨ੍ਹਾਂ ਨੂੰ ਆਪਣਾ ਐਲ.ਪੀ.ਜੀ. ਸਿਲੰਡਰ ਵਾਪਸ ਕਰਨਾ ਪਵੇਗਾ। ਗੈਸ ਡੀਲਰਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਅਜਿਹੇ ਖਪਤਕਾਰਾਂ ਨੂੰ ਨਵੇਂ ਸਿਲੰਡਰ ਦੀ ਸਪਲਾਈ ਨਾ ਦਿੱਤੀ ਜਾਵੇ। ਪ੍ਰਸ਼ਾਸਨ ਅਤੇ ਸਪਲਾਈ ਵਿਭਾਗ ਦੇ ਅਧਿਕਾਰੀ ਲਗਾਤਾਰ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ। ਸਰਕਾਰ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਰਸੋਈ ਗੈਸ ਦੀ ਜਮ੍ਹਾਂਖੋਰੀ ਜਾਂ ਕਾਲਾਬਾਜ਼ਾਰੀ ਕਰਦਾ ਫੜਿਆ ਗਿਆ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।









