Skip to main content

Gee 98News

ਮੁਅੱਤਲ SHO ਨਰੇਸ਼ ਕੁਮਾਰ ‘ਤੇ FIR ਦਰਜ ਹੋਣ ਤੱਕ ਸੰਘਰਸ਼ ਜਾਰੀ ਰਹੇਗਾ-DC ਦਫ਼ਤਰ ਕਰਮਚਾਰੀ ਯੂਨੀਅਨ

ਬਰਨਾਲਾ 27 ਮਾਰਚ, (ਨਿਰਮਲ ਸਿੰਘ ਪੰਡੋਰੀ)-

ਡੀ ਸੀ ਦਫਤਰ ਕਰਮਚਾਰੀ ਯੂਨੀਅਨ ਬਰਨਾਲਾ ਵਲੋਂ ਨਿਰਮਲਜੀਤ ਸਿੰਘ ਚਾਨੇ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਵਿੱਚ ਨਾਅਰੇਬਾਜ਼ੀ ਕਰਦੇ ਹੋਏ ਪੰਜਾਬ ਪੁਲਿਸ ਦੇ ਮੁਅੱਤਲ ਐਸ ਐੱਚ ਓ ਨਰੇਸ਼ ਕੁਮਾਰ, ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਸਾੜਿਆ ਗਿਆ ਅਤੇ ਦੋਸ਼ੀ ਪੁਲਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਿਰਮਲਜੀਤ ਸਿੰਘ ਚਾਨੇ ਨੇ ਕਿਹਾ ਕਿ ਡੀ ਸੀ ਦਫਤਰ ਕਰਮਚਾਰੀ ਯੂਨੀਅਨ ਪੰਜਾਬ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਨੂੰ ਅੱਧੀ ਰਾਤ ਨੂੰ ਘਰੋਂ ਜ਼ਬਰਦਸਤੀ ਚੁੱਕਣ, ਜਾਤੀ ਸੂਚਕ ਸ਼ਬਦ ਬੋਲਣ, ਧਾਰਮਿਕ ਕਕਾਰਾਂ ਦੀ ਬੇਅਦਬੀ ਕਰਨ, ਹੋਰ ਅਪਰਾਧੀਆਂ ਨਾਲ ਹਵਾਲਾਤ ਵਿੱਚ ਬੰਦ ਕਰਨ ਅਤੇ ਗਾਲੀ ਗਲੋਚ ਕਰਨ ਵਾਲੇ ਨਰੇਸ਼ ਕੁਮਾਰ ਸਾਬਕਾ SHO, ਸਿਪਾਹੀ ਮਲੂਕ ਸਿੰਘ (ਦੋਵੇਂ ਮੁਅੱਤਲੀ ਅਧੀਨ) ਥਾਣਾ ਜੰਡਿਆਲਾ ਗੁਰੂ ਵਿਰੁੱਧ ਪਰਚਾ ਨਾ ਦਰਜ ਹੋਣ ਕਰਕੇ ਮਿਤੀ 17-03-2026 ਨੂੰ ਦਫ਼ਤਰ SSP (ਦਿਹਾਤੀ) ਅੰਮ੍ਰਿਤਸਰ ਦਾ ਘਿਰਾਓ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ। ਡੀ.ਸੀ. ਦਫ਼ਤਰਾਂ ਦੇ ਮੁਲਾਜ਼ਮਾਂ ਦੇ ਇਸ ਰੋਹ ਨੂੰ ਭਾਂਪਦਿਆਂ ਹੋਇਆ ਮਿਤੀ 18-03-2026 ਨੂੰ SSP (ਦਿਹਾਤੀ) ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਜੱਥੇਬੰਦੀ ਦੇ ਆਗੂਆਂ ਨੂੰ ਮੀਟਿੰਗ ਲਈ ਸੱਦਿਆ ਗਿਆ ਅਤੇ ਜੱਥੇਬੰਦੀ ਨਾਲ ਸਹਿਮਤ ਹੁੰਦਿਆ ਹੋਇਆ ਨਰੇਸ਼ ਕੁਮਾਰ SHO ਅਤੇ ਮਲੂਕ ਸਿੰਘ ਸਿਪਾਹੀ ਨੂੰ ਕਸੂਰਵਾਰ ਮੰਨਦੇ ਹੋਏ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ ਤੇ ਸੰਬੰਧਿਤਾਂ ‘ਤੇ ਪਰਚਾ ਦਰਜ ਕਰਨ ਲਈ ਇੱਕ SIT ਦਾ ਗਠਨ ਕਰਕੇ ਮਿਤੀ 23-03-2026 ਤੱਕ ਰਿਪੋਰਟ ਭੇਜਣ ਲਈ ਪਾਬੰਦ ਕੀਤਾ ਗਿਆ ਪ੍ਰੰਤੂ ਹਾਲੇ ਤੱਕ ਸਿੱਟ ਵਲੋਂ ਆਪਣੀ ਰਿਪੋਰਟ ssp ਨੂੰ ਨਹੀਂ ਸੌਂਪੀ ਗਈ ਹੈ। ਇਸ ਮੌਕੇ ਸੁਪਰਡੈਂਟ ਕਮਲਜੀਤ ਸਿੰਘ ਸ਼ਾਦ ਨੇ ਸੰਬੋਧਨ ਕਰਦਿਆਂ ਕਿਹਾ ਜੇਕਰ ਪਰਚਾ ਦਰਜ ਨਹੀਂ ਕੀਤਾ ਜਾਂਦਾ ਤਾਂ ਸੰਘਰਸ਼ ਦੇ ਅਗਲੇ ਪੜਾਅ ਵਿੱਚ ਸ਼ਹਿਰ ਅੰਦਰ ਭਰਵਾਂ ਰੋਸ ਮਾਰਚ ਕੀਤਾ ਜਾਵੇਗਾ। ਇਸ ਮੌਕੇ ਰਵਿੰਦਰ ਸ਼ਰਮਾ ਜਨਰਲ ਸਕੱਤਰ ਅਤੇ ਤਰਸੇਮ ਭੱਠਲ ਸੂਬ ਸਕੱਤਰ psmsu ਵਲੋਂ ਕਿਹਾ ਗਿਆ ਕਿ ਜਿੰਨੀ ਦੇਰ ਤੱਕ ਇਨਸਾਫ ਨਹੀਂ ਮਿਲੇਗਾ, ਇਹ ਲੜਾਈ ਜਾਰੀ ਰਹੇਗੀ। ਇਸ ਮੌਕੇ ਅੰਸ਼ੂ ਗੁਪਤਾ, ਵਿੱਕੀ ਡਾਬਲਾ, ਨਰਿੰਦਰਪਾਲ ਸਿੰਘ, ਅਮਨਦੀਪ ਸਿੰਘ, ਮੋਹਿਤ ਕੁਮਾਰ, ਗੁਰਜੀਤ ਸਿੰਘ, ਜੈ ਗਣੇਸ਼, ਸੁਨੀਲ ਕੁਮਾਰ, ਕਿਰਨਹਰਜੋਤ ਕੌਰ, ਸਤਨਾਮ ਕੌਰ, ਸਰਬਜੀਤ ਸਿੰਘ, ਸਤਵਿੰਦਰ ਸਿੰਘ, ਹਰਪਾਲ ਸਿੰਘ, ਕਿਰਪਾਲ ਸਿੰਘ ਆਦਿਕ ਕਰਮਚਾਰੀ ਹਾਜ਼ਰ ਸਨ।

 

Gee98 Ads
error: Content is protected !!