ਚੰਡੀਗੜ੍ਹ ,1 ਅਪ੍ਰੈਲ , Gee98 news service-
-ਨਵੇਂ ਵਿੱਤੀ ਸਾਲ 1 ਅਪ੍ਰੈਲ ਤੋਂ ਟੋਲ ਪਲਾਜ਼ਿਆਂ ‘ਤੇ ਨਗਦੀ ਲੈਣ ਦੇਣ ਬਿਲਕੁਲ ਬੰਦ ਹੋ ਗਿਆ ਹੈ। ਹੁਣ ਟੋਲ ਪਲਾਜ਼ਾ ‘ਤੇ ਟੈਕਸ ਫਾਸਟੈਗ ਜਾਂ UPI ਪੇਮੈਂਟ ਰਾਹੀਂ ਹੀ ਅਦਾ ਕਰਨਾ ਹੋਵੇਗਾ। ਇਸ ਦੇ ਨਾਲ ਹੀ ਟੋਲ ਪਲਾਜ਼ਿਆਂ ‘ਤੇ ਰੇਟ ਦਰਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ। ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਲਾਡੋਵਾਲ ‘ਤੇ ਨਵੀਆਂ ਦਰਾਂ 5 ਰੁਪਏ ਤੱਕ ਵਧਾਈਆਂ ਗਈਆਂ ਹਨ ਜਦਕਿ ਪੰਜਾਬ ‘ਚ ਹੋਰ ਟੋਲ ਪਲਾਜ਼ਾ ‘ਤੇ ਤਿੰਨ ਤੋਂ ਪੰਜ ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ। ਟੋਲ ਪਲਾਜਿਆਂ ‘ਤੇ ਵਧੀਆਂ ਹੋਈਆਂ ਦਰਾਂ ਲੰਘੀ ਰਾਤ 12 ਵਜੇ ਤੋਂ ਲਾਗੂ ਹੋ ਚੁੱਕੀਆਂ ਹਨ। ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਵਿਪਿਨ ਰਾਏ ਨੇ ਦੱਸਿਆ ਕਿ ਕਾਰਾਂ, ਜੀਪਾਂ ਅਤੇ ਵੈਨਾਂ ਨੂੰ ਹੁਣ ਇੱਕ ਸਿੰਗਲ ਟ੍ਰਿਪ ਲਈ ₹225 ਦਾ ਭੁਗਤਾਨ ਕਰਨਾ ਪਵੇਗਾ, ਜੋ ਕਿ ਪਹਿਲਾਂ ₹220 ਸਨ। ਇਸੇ ਤਰ੍ਹਾਂ, ਇੱਕ ਰਾਊਂਡ ਟ੍ਰਿਪ (ਵਾਪਸੀ ਯਾਤਰਾ) ਲਈ, ਚਾਰਜ ₹335 ਦੀ ਬਜਾਏ ₹340 ਹੋਵੇਗਾ। ਹਲਕੇ ਵਪਾਰਕ ਵਾਹਨਾਂ (LCV), ਹਲਕੇ ਮਾਲ ਵਾਹਨਾਂ (LGV), ਅਤੇ ਮਿੰਨੀ-ਬੱਸਾਂ ਲਈ, ਇੱਕ ਸਿੰਗਲ ਟ੍ਰਿਪ ਦੀ ਕੀਮਤ ਹੁਣ ₹365 (ਪਹਿਲਾਂ ₹360) ਹੋਵੇਗੀ, ਜਦੋਂ ਕਿ ਦੋਹਰੀ ਯਾਤਰਾ ਦੀ ਕੀਮਤ ₹550 (ਪਹਿਲਾਂ ₹545) ਹੋਵੇਗੀ। ਮਾਸਿਕ ਪਾਸ ‘ਤੇ ₹10 ਦਾ ਮਾਮੂਲੀ ਵਾਧਾ ਵੀ ਲਾਗੂ ਕੀਤਾ ਗਿਆ ਹੈ, ਜਿਸ ਨਾਲ ਕੀਮਤ ₹340 ਤੋਂ ਵਧਾ ਕੇ ₹350 ਹੋ ਗਈ ਹੈ। ਟੋਲ ਪਲਾਜ਼ਾ ‘ਤੇ ਬਣਨ ਵਾਲੇ ਸਲਾਨਾ ਪਾਸ ਵੀ 3000 ਤੋਂ ਵਧਾ ਕੇ 3075 ਤੱਕ ਦੇ ਕਰ ਦਿੱਤੇ ਗਏ ਹਨ। ਇਹ ਸਲਾਨਾ ਪਾਸ ਬਣਾਉਣ ਵਾਲੇ ਯਾਤਰੀ ਟੋਲ ਪਲਾਜ਼ਾ ‘ਤੇ 200 ਚੱਕਰ ਲਗਾ ਸਕਦੇ ਹਨ।










