Gee 98News

ਨਿਰਮਲ ਸਿੰਘ ਪੰਡੋਰੀ, 16-4-2026

-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਨਾਲ ਕੀਤੀ ਮੀਟਿੰਗ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਮੀਟਿੰਗ ਵਿੱਚ ਪੰਜਾਬ ਦੇ ਇੰਚਾਰਜ ਮਨੀਸ਼ ਸਸੋਦੀਆ ਵੀ ਉਚੇਚੇ ਤੌਰ ‘ਤੇ ਹਾਜ਼ਰ ਸਨ। ਇਹ ਮੀਟਿੰਗ ਭਾਵੇਂ ਕਿ ਜਲੰਧਰ ਪੀਏਪੀ ਦੇ ਅਤੀ ਸੁਰੱਖਿਅਤ ਏਰੀਏ ਵਿੱਚ ਕੀਤੀ ਗਈ ਤਾਂ ਜੋ ਇਸ ਮੀਟਿੰਗ ਦੀ ਭਾਫ਼ ਬਾਹਰ ਨਾ ਨਿਕਲੇ ਪਰੰਤੂ ਫਿਰ ਵੀ ਮੀਟਿੰਗ ਦੀਆਂ ਅੰਦਰੂਨੀ ਗੱਲਾਂ ਮੀਡੀਆ ਤੱਕ ਪੁੱਜ ਹੀ ਗਈਆਂ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਸ ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਕੁਝ ਵਜ਼ੀਰਾਂ ਦੀ ਚੰਗੀ ਝਾੜ ਝੰਬ ਕੀਤੀ ਅਤੇ ਵਿਧਾਇਕਾਂ ਨੂੰ ਵੀ ਆਪਣੇ ਹਲਕਿਆਂ ਵਿੱਚ ਆਪਣੀ ਕਾਰਜਸ਼ੈਲੀ ਸੁਧਾਰਨ ਦੀ ਸਲਾਹ ਦਿੱਤੀ। ਉੰਝ ਭਾਵੇਂ ਮੁੱਖ ਮੰਤਰੀ ਵੱਲੋਂ ਮੰਤਰੀਆਂ ਤੇ ਵਿਧਾਇਕਾਂ ਦੀ ਕੀਤੀ ਲਾਹ-ਪਾਹ ਨੂੰ ਝਾੜ ਝੰਬ ਵੀ ਕਿਹਾ ਜਾ ਸਕਦਾ ਹੈ ਪਰੰਤੂ ਅਸਲ ਵਿੱਚ ਮੁੱਖ ਮੰਤਰੀ ਦੀ ਇਹ ਕੁਝ ਮੰਤਰੀਆਂ ਤੇ ਵਿਧਾਇਕਾਂ ਨੂੰ ਚਿਤਾਵਨੀ ਸੀ ਕਿ ਆਗਾਮੀ ਵਿਧਾਨ ਸਭਾ ਚੋਣਾਂ ਲਈ ਉਹ ਆਪਣੀਆਂ ਟਿਕਟਾਂ ਪੱਕੀਆਂ ਨਾ ਸਮਝਣ ਕਿਉਂਕਿ ਉਹਨਾਂ ਦੀਆਂ ਪੈਸੇ ਇਕੱਠੇ ਕਰਨ ਦੀਆਂ ਸਰਗਰਮੀਆਂ ਮੁੱਖ ਮੰਤਰੀ ਕੋਲ ਸਬੂਤਾਂ ਸਮੇਤ ਪੁੱਜ ਚੁੱਕੀਆਂ ਹਨ। ਸੂਤਰਾਂ ਅਨੁਸਾਰ ਮੁੱਖ ਮੰਤਰੀ ਨੇ ਮੀਟਿੰਗ ਵਿੱਚ ਟਰਾਲੀ ਵਾਲੇ ਮੁੱਦੇ ‘ਤੇ ਸੰਬੰਧਿਤ ਮੰਤਰੀ ਤੇ ਵਿਧਾਇਕ ਦੀ ਰੱਜ ਕੇ ਕਲਾਸ ਲਾਈ। ਇਹ ਵੀ ਸਾਹਮਣੇ ਆਇਆ ਹੈ ਕਿ ਮੁੱਖ ਮੰਤਰੀ ਨੇ ਮੀਟਿੰਗ ਵਿੱਚ ਵਿਧਾਇਕਾਂ ਤੇ ਮੰਤਰੀਆਂ ਨੂੰ ਕਿਹਾ ਕਿ ਉਹ ਆਪਣੇ ਪੱਧਰ ‘ਤੇ ਪੂਰੇ ਯਤਨ ਕਰ ਰਹੇ ਹਨ ਕਿ ਆਮ ਆਦਮੀ ਪਾਰਟੀ ਦੇ ਹੱਕ ‘ਚ 2022 ਵਾਲੀ ਲਹਿਰ ਬਣੇ ਪਰੰਤੂ ਕੁਝ ਮੰਤਰੀਆਂ ਤੇ ਵਿਧਾਇਕਾਂ ਦੇ ਕਾਰਨਾਮੇ ਉਹਨਾਂ ਦੇ ਯਤਨਾਂ ‘ਤੇ ਪਾਣੀ ਫੇਰ ਰਹੇ ਹਨ।

                                                           ਆਮ ਆਦਮੀ ਪਾਰਟੀ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਇੱਕ ਪੱਖ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਪਾਰਟੀ ਨੇ ਮੌਜੂਦਾ ਕਰੀਬ 40 ਵਿਧਾਇਕਾਂ ਦੀਆਂ ਟਿਕਟਾਂ ਦੂਜੇ ਨੰਬਰ ‘ਤੇ ਰੱਖੀਆਂ ਹੋਈਆਂ ਹਨ ਅਤੇ ਉਹਨਾਂ ਦੇ ਹਲਕਿਆਂ ‘ਚ ਨਵੇਂ ਚਿਹਰੇ ਤਲਾਸ਼ੇ ਜਾ ਰਹੇ ਹਨ। ਚਰਚਾ ਇਹ ਵੀ ਹੈ ਕਿ ਟਿਕਟਾਂ ਕੱਟੀਆਂ ਜਾਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਇਹਨਾਂ ਵਿੱਚੋਂ ਬਹੁਤੇ ਵਿਧਾਇਕ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸੰਪਰਕ ਵਿੱਚ ਹਨ ਅਤੇ ਮੀਟਿੰਗ ਦੌਰਾਨ ਇਹਨਾਂ ਵਿਧਾਇਕਾਂ ਨੂੰ ਵੀ ਸੁਚੇਤ ਕੀਤਾ ਗਿਆ ਕਿ ਉਹਨਾਂ ਦੀਆਂ ਸਰਗਰਮੀਆਂ ਹਾਈ ਕਮਾਂਡ ਦੇ ਧਿਆਨ ਵਿੱਚ ਹਨ । ਮੀਟਿੰਗ ਵਿੱਚ ਮੰਤਰੀਆਂ ਤੇ ਵਿਧਾਇਕਾਂ ਸਬੰਧੀ ਮੁੱਖ ਮੰਤਰੀ ਦੇ ਰਵੱਵੀਏ ‘ਤੇ ਮੀਟਿੰਗ ਤੋਂ ਬਾਅਦ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਇੱਕ ਵਿਧਾਇਕ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਮੌਜੂਦਾ ਸਥਿਤੀ ਦੇ ਲਈ ਮੁੱਖ ਮੰਤਰੀ ਮੰਤਰੀਆਂ ਤੇ ਵਿਧਾਇਕਾਂ ਨੂੰ ਵੀ ਜ਼ਿੰਮੇਵਾਰ ਸਮਝ ਰਹੇ ਹਨ ਜਦ ਕਿ ਕੁਝ ਪੰਜਾਬ ਪੱਧਰ ਦੇ ਅਜਿਹੇ ਮਸਲੇ ਵੀ ਹਨ ਜਿਨਾਂ ਲਈ ਮੁੱਖ ਮੰਤਰੀ ਹੀ ਜ਼ਿੰਮੇਵਾਰ ਹਨ। ਵਿਧਾਇਕ ਨੇ ਕਿਹਾ ਕਿ ਜਦ ਉਹ ਹਲਕਿਆਂ ਵਿੱਚ ਜਾਂਦੇ ਹਨ ਤਾਂ ਲੋਕ ਪੰਜਾਬ ਪੱਧਰੀ ਮਸਲਿਆਂ ਸਬੰਧੀ ਉਹਨਾਂ ਨੂੰ ਸਵਾਲ ਕਰਦੇ ਹਨ ਪ੍ਰੰਤੂ ਇਹ ਮਸਲੇ ਉਹਨਾਂ ਦੇ ਵੱਸ ਦੀ ਗੱਲ ਹੀ ਨਹੀਂ ਕਿਉਂਕਿ ਇਹ ਸਿੱਧੇ ਤੌਰ ‘ਤੇ ਮੁੱਖ ਮੰਤਰੀ ਨਾਲ ਜੁੜੇ ਹੋਏ ਹਨ। ਵਿਧਾਇਕ ਨੇ ਇਹ ਵੀ ਕਿਹਾ ਕਿ ਜਦ ਉਹ ਅਜਿਹੇ ਮਸਲੇ ਸਬੰਧੀ ਮੁੱਖ ਮੰਤਰੀ ਨੂੰ ਨਿੱਜੀ ਤੌਰ ‘ਤੇ ਮਿਲ ਕੇ ਚਰਚਾ ਕਰਨੀ ਚਾਹੁੰਦੇ ਹਨ ਤਾਂ ਮੁੱਖ ਮੰਤਰੀ “ਹੋਰ ਕੋਈ ਗੱਲ ਕਰੋ” ਆਖ ਕੇ ਟਾਲ ਦਿੰਦੇ ਹਨ। ਵਿਧਾਇਕ ਨੇ ਮੁੱਖ ਮੰਤਰੀ ਨਾਲ ਸਿੱਧੇ ਤੌਰ ‘ਤੇ ਜੁੜੇ ਇੱਕ ਮਸਲੇ ਦਾ ਜ਼ਿਕਰ ਕਰਦੇ ਹੋਇਆ ਕਿ ਪੰਜਾਬ ਦੀ ਖੇਤੀ ਨੀਤੀ ਵਿਧਾਇਕਾਂ ਤੇ ਮੰਤਰੀਆਂ ਦੇ ਕਾਰਨ ਨਹੀਂ ਰੁਕੀ ਹੋਈ, ਪ੍ਰੰਤੂ ਇਸ ਸਬੰਧੀ ਕਿਸਾਨਾਂ ਦੇ ਸਵਾਲਾਂ ਦਾ ਸਾਹਮਣਾ ਹਲਕਿਆਂ ‘ਚ ਮੰਤਰੀਆਂ ਤੇ ਵਿਧਾਇਕਾਂ ਨੂੰ ਕਰਨਾ ਪੈ ਰਿਹਾ ਹੈ ਕਿਉਂਕਿ ਸੁਰੱਖਿਆ ਘੇਰੇ ਕਾਰਨ ਮੁੱਖ ਮੰਤਰੀ ਦੇ ਤਾਂ ਕਿਸੇ ਨੂੰ ਨੇੜੇ ਵੀ ਨਹੀਂ ਜਾਣ ਦਿੱਤਾ ਜਾਂਦਾ। ਵਿਧਾਇਕ ਨੇ ਇੱਥੋਂ ਤੱਕ ਵੀ ਕਿਹਾ ਕਿ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਰੋਸ ਦਾ ਸਾਹਮਣਾ ਵੀ ਮੰਤਰੀਆਂ ਤੇ ਵਿਧਾਇਕਾਂ ਨੂੰ ਹੀ ਕਰਨਾ ਪੈ ਰਿਹਾ ਹੈ। ਜਦਕਿ ਮੁੱਖ ਮੰਤਰੀ ਇਹਨਾਂ ਮੁਲਾਜ਼ਮ ਜਥੇਬੰਦੀਆਂ ਨੂੰ ਮੀਟਿੰਗ ਲਈ ਸਮਾਂ ਤੱਕ ਵੀ ਨਹੀਂ ਦੇ ਰਹੇ।

Gee98 Ads

                                                                           ਓਅੱਜਕੱਲ੍ਹ ਪੰਜਾਬ ‘ਚ ਇੱਕ ਹੋਰ ਚਰਚਿਤ ਮੁੱਦੇ ਦਾ ਜ਼ਿਕਰ ਕਰਦੇ ਹੋਏ ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਨੇ ਹਾਈ ਕਮਾਂਡ ਦੇ ਕੁਝ ਆਗੂਆਂ ਦੇ ਦਬਾਅ ਤਹਿਤ ਪੰਜਾਬ ਦੇ ਪਿੰਡਾਂ ‘ਚ ਹੋ ਰਹੇ ਵਿਕਾਸ ਕਾਰਜਾਂ ਲਈ ਗਰਾਂਟਾਂ ਸਿੱਧੀਆਂ ਪੰਚਾਇਤਾਂ ਨੂੰ ਜਾਰੀ ਕਰਨ ਦੀ ਬਜਾਏ ਸਬੰਧਿਤ ਵਿਭਾਗਾਂ ਨੂੰ ਜਾਰੀ ਕੀਤੀਆਂ ਜਾ ਰਹੀਆਂ ਹਨ ਜਿਸ ਤੋਂ ਪੰਜਾਬ ਦੇ ਵੱਡੀ ਗਿਣਤੀ ਸਰਪੰਚ ਨਾਰਾਜ਼ ਹਨ ਕਿਉਂਕਿ ਉਹਨਾਂ ਨੂੰ ਗਰਾਂਟ ਖਰਚ ਕਰਨ ਦੇ ਮਾਮਲੇ ‘ਚ ਬਾਈਪਾਸ ਕੀਤਾ ਜਾ ਰਿਹਾ ਹੈ। ਵਿਧਾਇਕ ਨੇ ਕਿਹਾ ਕਿ ਇਸ ਸਬੰਧੀ ਵੀ ਸਰਪੰਚਾਂ ਦੇ ਸਵਾਲਾਂ ਦਾ ਸਾਹਮਣਾ ਵਿਧਾਇਕਾਂ ਨੂੰ ਹੀ ਕਰਨਾ ਪੈ ਰਿਹਾ ਕਿਉਂਕਿ ਮੁੱਖ ਮੰਤਰੀ ਸਾਹਿਬ ਤਾਂ ਕਿਸੇ ਨੂੰ ਮਿਲਣ ਦਾ ਸਮਾਂ ਤੱਕ ਵੀ ਨਹੀਂ ਦਿੰਦੇ। ਸੂਤਰਾਂ ਅਨੁਸਾਰ ਜਦੋਂ ਮੀਟਿੰਗ ‘ਚ ਮੁੱਖ ਮੰਤਰੀ ਮੰਤਰੀਆਂ ਤੇ ਵਿਧਾਇਕਾਂ ਦੀ ਕਲਾਸ ਲਗਾ ਰਹੇ ਸਨ ਤਾਂ ਕਿਸੇ ਵੀ ਮੰਤਰੀ ਤੇ ਵਿਧਾਇਕ ਨੇ ਚੀਂ ਤੱਕ ਨਹੀਂ ਕੀਤੀ ਜਦਕਿ ਮੀਟਿੰਗ ਤੋਂ ਬਾਅਦ ਵਿਧਾਇਕ ਅੰਦਰ ਹੋਈ ਝਾੜਝੰਬ ਬਾਰੇ ਘੁਸਰ ਮੁਸਰ ਕਰਦੇ ਦੇਖੇ ਗਏ। ਕੁੱਲ ਮਿਲਾ ਕੇ ਇਸ ਮੀਟਿੰਗ ਦੀ ਲੀਕ ਹੋਈ ਕਾਰਵਾਈ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦੇ ਅੰਦਰੂਨੀ ਹਾਲਾਤ ਅੱਛੇ ਨਹੀਂ ਹਨ। ਚਰਚਾ ਤਾਂ ਇਹ ਵੀ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਟਿਕਟਾਂ ਦੀ ਵੰਡ ਸਮੇਂ ਪੰਜਾਬ ਦੇ ਕਬਜ਼ਾ ਕਰੀ ਬੈਠੇ ਆਪ ਹਾਈਕਮਾਂਡ ਦੇ ਆਗੂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਚਕਾਰ ‘ਪੇਚਾ’ ਵੀ ਪੈ ਸਕਦਾ ਹੈ ਕਿਉਂਕਿ ਮੁੱਖ ਮੰਤਰੀ ਆਪਣੀ ਝੋਲੀ “ਵੱਧ ਦਾਣੇ” ਰੱਖਣਾ ਚਾਹੁਣਗੇ ਜਦਕਿ ਹਾਈਕਮਾਂਡ ਅਜਿਹਾ ਕਦੇ ਵੀ ਨਹੀਂ ਚਾਹੇਗੀ ਕਿਉਂਕਿ ਕਿਸੇ ਵੀ ਪਾਰਟੀ ਦੀ ਹੋਵੇ ਹਾਈਕਮਾਂਡ ਤਾਂ ਹਮੇਸ਼ਾ ‘High’ ਹੀ ਰਹਿਣਾ ਚਾਹੇਗੀ।

Leave a Reply

Your email address will not be published. Required fields are marked *

error: Content is protected !!