Skip to main content

Gee 98News

MP ਅੰਮ੍ਰਿਤਪਾਲ ਸਿੰਘ ਨੂੰ ਅਜੇ ਡਿਬਰੂਗੜ੍ਹ ਦੀ ਜੇਲ੍ਹ ‘ਚ ਹੀ ਰੱਖੋ…ਪੰਜਾਬ ਦੀ ਕੇਂਦਰ ਨੂੰ ਗੁਹਾਰ

ਚੰਡੀਗੜ੍ਹ ,16 ਅਪ੍ਰੈਲ, Gee98 news service-

ਪੰਜਾਬ ਸਰਕਾਰ ਵੱਲੋਂ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਮਾਮਲੇ ‘ਚ ਕੇਂਦਰ ਸਰਕਾਰ ਨੂੰ ਲਿਖੀ ਤਾਜ਼ਾ ਚਿੱਠੀ ਕਾਰਨ ਪੰਜਾਬ ਦੀ ਸਿਆਸਤ ਇਸ ਮੁੱਦੇ ‘ਤੇ ਇੱਕ ਵਾਰ ਫੇਰ ਭਖੀ ਹੋਈ ਹੈ। ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਨੂੰ NSA ਲਗਾ ਕੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ। ਦੱਸ ਦੇਈਏ ਕਿ 22 ਅਪ੍ਰੈਲ ਨੂੰ ਅੰਮ੍ਰਿਤਪਾਲ ਸਿੰਘ ‘ਤੇ ਲੱਗੀ ਐਨਐਸਏ ਦੀ ਮਿਆਦ ਖਤਮ ਹੋ ਰਹੀ ਹੈ, ਜਿਸ ਤੋਂ ਬਾਅਦ ਉਸ ਨੂੰ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਬੰਦ ਰੱਖਣ ਦੇ ਫੈਸਲੇ ‘ਤੇ ਕੇਂਦਰ ਸਰਕਾਰ ਵਿਚਾਰ ਕਰੇਗੀ ਪ੍ਰੰਤੂ ਇਸੇ ਦੌਰਾਨ ਹੀ ਪੰਜਾਬ ਸਰਕਾਰ ਨੇ ਕੇਂਦਰ ਨੂੰ ਇੱਕ ਚਿੱਠੀ ਲਿਖੀ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਹੀ ਬੰਦ ਰੱਖਿਆ ਜਾਵੇ ਅਤੇ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਨਾ ਭੇਜਿਆ ਜਾਵੇ ਕਿਉਂਕਿ ਅੰਮ੍ਰਿਤਪਾਲ ਸਿੰਘ ਦੀ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਰਹਿਣ ਨਾਲ ਵੀ ਸੂਬੇ ਦੇ “ਲਾਅ ਐਂਡ ਆਰਡਰ” ਦੀ ਸਥਿਤੀ ਵਿਗੜ ਜਾਵੇਗੀ। ਪੰਜਾਬ ਸਰਕਾਰ ਦਾ ਇਹ ਤਰਕ ਸੂਬੇ ਦੀਆਂ ਜੇਲ੍ਹਾਂ ਦੇ ਪ੍ਰਬੰਧਾਂ ਦੀ ਪੋਲ ਵੀ ਖੋਲ ਰਿਹਾ ਹੈ। ਸਵਾਲ ਇਹ ਵੀ ਉੱਠਦੇ ਹਨ ਕਿ ਜੇਲ੍ਹ ਵਿੱਚ ਬੰਦ ਕੋਈ ਵਿਅਕਤੀ ਸੂਬੇ ਦੀ ਲਾਅ ਐਂਡ ਆਰਡਰ ਦੀ ਸਥਿਤੀ ਲਈ ਖ਼ਤਰਾ ਕਿਵੇਂ ਬਣ ਸਕਦਾ ਹੈ, ਜੇਕਰ ਜੇਲ੍ਹ ਵਿੱਚ ਬੰਦ ਕੋਈ ਵਿਅਕਤੀ ਸੂਬੇ ਦੇ ਹਾਲਾਤਾਂ ਲਈ ਖ਼ਤਰਾ ਬਣ ਵੀ ਸਕਦਾ ਹੈ ਤਾਂ ਪੰਜਾਬ ਸਰਕਾਰ ਦਾ ਆਪਣੇ ਆਪ ਵਿੱਚ ਕੀ ਵਜੂਦ ਹੈ। ਮੰਨਿਆ ਤਾਂ ਜਾ ਰਿਹਾ ਹੈ ਕਿ ਇਸ ਵਾਰ ਵੀ ਅੰਮ੍ਰਿਤਪਾਲ ਸਿੰਘ ‘ਤੇ ਐਨਐਸਏ ਦੀ ਮਿਆਦ ਹੋਰ ਵਧਾ ਦਿੱਤੀ ਜਾਵੇਗੀ ਪ੍ਰੰਤੂ ਚਰਚਾ ਇਹ ਵੀ ਹੈ ਕਿ ਜੇਕਰ ਐਨਐਸਏ ਦੀ ਮਿਆਦ ਨਾ ਵਧਾਈ ਗਈ ਤਾਂ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ‘ਚ ਉਸਦੇ ਖ਼ਿਲਾਫ਼ ਦਰਜ ਪਹਿਲਾਂ ਹੀ ਕੇਸਾਂ ਸੰਬੰਧੀ ਤੁਰੰਤ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਭਾਵ ਕਿ ਅੰਮ੍ਰਿਤਪਾਲ ਸਿੰਘ ਨੂੰ ਅਜੇ ਹੋਰ ਜੇਲ੍ਹ ਵਿੱਚ ਰੱਖਿਆ ਜਾਵੇਗਾ।

                                                          ਦੂਜੇ ਪਾਸੇ ਕਾਨੂੰਨ ਮੁਤਾਬਿਕ ਜੇਕਰ ਅੰਮ੍ਰਿਤਪਾਲ ਸਿੰਘ ਦੀ ਪੰਜਾਬ ‘ਚ ਦਰਜ ਕੇਸਾਂ ਸਬੰਧੀ ਗ੍ਰਿਫਤਾਰੀ ਕੀਤੀ ਜਾਂਦੀ ਹੈ ਤਾਂ ਇਹਨਾਂ ਕੇਸਾਂ ਵਿੱਚ ਉਸਨੂੰ ਕੁਝ ਸਮੇਂ ਬਾਅਦ ਜ਼ਮਾਨਤ ਮਿਲਣੀ ਯਕੀਨੀ ਹੈ ਇਸ ਲਈ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਆਪਸੀ ਸਹਿਮਤੀ ਨਾਲ ਅੰਮ੍ਰਿਤਪਾਲ ਸਿੰਘ ‘ਤੇ ਐਨਐਸਏ ਦੀ ਮਿਆਦ ਇੱਕ ਵਾਰੀ ਹੋਰ ਵਧਾ ਸਕਦੀ ਹੈ। ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਦੇ ਜੇਲ੍ਹ ਵਿੱਚ ਬੰਦ ਰਹਿਣ ਦੇ ਨਾਲ ਇੱਕ ਪੱਖ ਹੋਰ ਵੀ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਪਾਰਟੀ “ਵਾਰਿਸ ਪੰਜਾਬ ਦੇ” ਵੱਲੋਂ ਭਾਵੇਂ ਕਿ ਅੰਮ੍ਰਿਤਪਾਲ ਸਿੰਘ ‘ਤੇ ਐਨਐਸਏ ਵਧਾਉਣ ‘ਤੇ ਉਸਨੂੰ ਲਗਾਤਾਰ ਜੇਲ੍ਹ ਵਿੱਚ ਬੰਦ ਰੱਖਣ ਦਾ ਵਿਰੋਧ ਤਾਂ ਕੀਤਾ ਜਾ ਰਿਹਾ ਪਰੰਤੂ ਇਹ ਹੈਰਾਨੀ ਦੀ ਗੱਲ ਹੈ ਕਿ ਪਾਰਟੀ ਵੱਲੋਂ ਇਸ ਮਾਮਲੇ ‘ਚ ਕੋਈ ਜਨ ਅੰਦੋਲਨ ਸ਼ੁਰੂ ਨਹੀਂ ਕੀਤਾ ਜਾ ਸਕਿਆ। ਵਾਰਿਸ ਪੰਜਾਬ ਦੇ ਪਾਰਟੀ ਦੀ ਇਸ ਰਾਜਨੀਤੀ ਦੀ ਚਰਚਾ ਹੋਣੀ ਸੁਭਾਵਿਕ ਹੀ ਹੈ ਕਿ ਇੱਕ ਪਾਸੇ ਪਾਰਟੀ ਨੇ ਅੰਮ੍ਰਿਤਪਾਲ ਸਿੰਘ ਨੂੰ ਆਗਾਮੀ ਵਿਧਾਨ ਸਭਾ ਚੋਣਾਂ ‘ਚ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਹੈ ਪ੍ਰੰਤੂ ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਤੋਂ ਬਾਹਰ ਕਢਵਾਉਣ ਲਈ ਪਾਰਟੀ ਕੋਈ ਜਨ ਅੰਦੋਲਨ ਸ਼ੁਰੂ ਕਰਨ ਵਿੱਚ ਫੇਲ ਸਾਬਤ ਹੋਈ ਹੈ ਜਾਂ ਫਿਰ ਆਮ ਲੋਕਾਂ ਦੀ ਹਮਦਰਦੀ ਜਿੱਤਣ ਲਈ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਵਿੱਚ ਰੱਖਿਆ ਜਾ ਰਿਹਾ ਹੈ।

Gee98 Ads
error: Content is protected !!