Gee 98News

ਚੰਡੀਗੜ੍ਹ,16 ਅਪ੍ਰੈਲ Gee98 news service-

-ਪੰਜਾਬ ਸਰਕਾਰ ਵੱਲੋਂ ਵਿਭਾਗੀ ਪ੍ਰੀਖਿਆ ਦੇ ਨਾਮ ਤੇ ਲਏ ਜਾ ਰਹੇ ਟੈਸਟ ਨੇ ਸੂਬੇ ਦੇ ਅਧਿਆਪਕਾਂ ਨੂੰ ਵੱਡੀ ਮੁਸੀਬਤ ਵਿੱਚ ਪਾ ਦਿੱਤਾ ਹੈ। ਦੱਸ ਦੇਈਏ ਕਿ ਸਰਕਾਰ ਵੱਲੋਂ 19 ਅਪ੍ਰੈਲ 2026 ਨੂੰ ਸਰਕਾਰੀ ਸੇਵਾਵਾਂ ਨਿਭਾ ਰਹੇ (ਇਨ ਸਰਵਿਸ) ਪੰਜਾਬ ਦੇ ਅਧਿਆਪਕਾਂ ਦੀ PSTET ਦੀ ਵਿਭਾਗੀ ਪ੍ਰੀਖਿਆ ਲਈ ਜਾ ਰਹੀ ਹੈ ਜਿਸ ਲਈ ਸਰਕਾਰ ਨੇ ਪ੍ਰੀਖਿਆ ਸੈਂਟਰ 250 ਤੋਂ 300 ਕਿਲੋਮੀਟਰ ਤੱਕ ਦੂਰੀ ‘ਤੇ ਬਣਾ ਦਿੱਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਪ੍ਰੀਖਿਆ ਲਈ ਸਰਕਾਰ ਨੇ ਬਹੁਤੇ ਅਧਿਆਪਕਾਂ ਨੂੰ ਚੰਡੀਗੜ੍ਹ ਦੇ ਸੈਂਟਰਾਂ ਵਿੱਚ ਪ੍ਰੀਖਿਆ ਦੇਣ ਲਈ ਰੋਲ ਨੰਬਰ ਸਲਿੱਪਾਂ ਜਾਰੀ ਕੀਤੀਆਂ ਹਨ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਕਈ ਅੰਗਹੀਣ ਅਧਿਆਪਕਾਂ ਨੂੰ ਵੀ 200 ਕਿਲੋਮੀਟਰ ਦੂਰ ਪ੍ਰੀਖਿਆ ਸੈਂਟਰ ਅਲਾਟ ਕੀਤੇ ਗਏ ਹਨ। ਵੈਸੇ ਤਾਂ ਪੰਜਾਬ ਦੇ ਸਾਰੇ ਵਿਭਾਗਾਂ ਦੇ ਮੁਲਾਜ਼ਮਾਂ ਵਿੱਚ ਪੰਜਾਬ ਦੀ ਮੌਜੂਦਾ ਸਰਕਾਰ ਦੇ ਪ੍ਰਤੀ ਰੋਸ ਦੀ ਲਹਿਰ ਹੈ ਪ੍ਰੰਤੂ ਜੇਕਰ ਅਧਿਆਪਕ ਵਰਗ ਦੀਆਂ ਸਮੱਸਿਆਵਾਂ ਤੇ ਨਜ਼ਰ ਮਾਰੀਏ ਤਾਂ ਸਰਕਾਰ ਨੇ ਸੂਬੇ ਦੇ ਲਗਭਗ ਸਾਰੇ ਅਧਿਆਪਕਾਂ ਨੂੰ ਵਾਧੂ ਡਿਊਟੀਆਂ ਦੇ ਕੇ ਪਹਿਲਾਂ ਹੀ ਸੂਲੀ ਤੇ ਟੰਗਿਆ ਹੋਇਆ ਹੈ ਹੁਣ ਅਤੇ ਹੁਣ ਵਿਭਾਗੀ ਪ੍ਰੀਖਿਆ ਦੇ ਨਾਮ ‘ਤੇ ਲੱਗਭੱਗ 200 ਕਿਲੋਮੀਟਰ ਦੂਰ ਸੈਂਟਰ ਅਲਾਟ ਕਰ ਦਿੱਤੇ ਹਨ। ਕਿਸੇ ਵੇਲੇ ਈਟੀਟੀ ਅਧਿਆਪਕ ਯੂਨੀਅਨ ਦੇ ਆਗੂ ਰਹੇ ਜਸਵਿੰਦਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਨੂੰ ਵੰਗਾਰ ਦਿੱਤੀ ਹੈ ਕਿ ਉਹ ਅਧਿਆਪਕ ਵਰਗ ਨੂੰ ਤੰਗ ਪਰੇਸ਼ਾਨ ਕਰਨਾ ਬੰਦ ਕਰੇ।

                                                               ਜ਼ਿਕਰ ਯੋਗ ਹੈ ਕਿ ਜਸਵਿੰਦਰ ਸਿੰਘ ਸਿੱਧੂ ਖੁਦ ਕੁਝ ਸਮਾਂ ਪਹਿਲਾਂ ਤੱਕ ਆਪ ਸਰਕਾਰ ਦਾ ਹਿੱਸਾ ਵੀ ਰਹੇ ਪ੍ਰੰਤੂ ਹੁਣ ਸਰਕਾਰ ਤੋਂ ਬਾਹਰ ਆ ਕੇ ਦੁਬਾਰਾ ਮੁਲਾਜ਼ਮਾਂ ਦੀ ਆਵਾਜ਼ ਬਣਨ ਦਾ ਯਤਨ ਕਰ ਰਹੇ ਹਨ। ਬੀ ਐੱਡ ਅਧਿਆਪਕਾਂ ਦੀ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਬਿਲਗਾ ਨੇ ਵੀ ਮੰਗ ਕੀਤੀ ਹੈ ਕਿ ਸਕੂਲ ਸਿੱਖਿਆ ਵਿਭਾਗ ਨੂੰ ਇਸ ਫੈਸਲੇ ‘ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਅਧਿਆਪਕ ਆਗੂਆਂ ਦਾ ਕਹਿਣਾ ਹੈ ਕਿ ਸਿੱਖਿਆ ਸਕੱਤਰ ਸੋਨਾਲੀ ਗਿਰੀ ਨੇ ਮੀਟਿੰਗ ਦੌਰਾਨ ਕਿਹਾ ਸੀ ਕਿ ਇਸ ਪ੍ਰੀਖਿਆ ਦੇ ਕੇਂਦਰ ਜ਼ਿਲ੍ਹਾ ਪੱਧਰ ‘ਤੇ ਹੀ ਬਣਾਏ ਜਾਣਗੇ ਪਰੰਤੂ ਹੁਣ ਅਧਿਆਪਕਾਂ ਨੂੰ ਇਸ ਪ੍ਰੀਖਿਆ ਲਈ ਲੱਗਭੱਗ 300 ਕਿਲੋਮੀਟਰ ਤੱਕ ਦਾ ਸਫਰ ਤੈਅ ਕਰਨਾ ਪਵੇਗਾ। ਅਧਿਆਪਕ ਆਗੂਆਂ ਦਾ ਕਹਿਣਾ ਹੈ ਕਿ ਅਧਿਆਪਕ ਵਰਗ ਪ੍ਰਤੀ ਮੌਜੂਦਾ ਸਰਕਾਰ ਦੀਆਂ ਨੀਤੀਆਂ ਕਾਰਨ ਬਹੁਤੇ ਅਧਿਆਪਕ ਪਹਿਲਾਂ ਹੀ ਡਿਪਰੈਸ਼ਨ ਦਾ ਸ਼ਿਕਾਰ ਹੋ ਚੁੱਕੇ ਹਨ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਅਧਿਆਪਕ ਪਿਤਾ ਦੀ ਅਕਸਰ ਸਟੇਜਾਂ ‘ਤੇ ਚਰਚਾ ਕਰਦੇ ਹਨ ਪ੍ਰੰਤੂ ਇਹ ਹੈਰਾਨੀ ਦੀ ਗੱਲ ਹੈ ਕਿ ਇੱਕ ਮਾਸਟਰ ਦੇ ਮੁੰਡੇ ਨੇ ਹੀ ਬਤੌਰ ਮੁੱਖ ਮੰਤਰੀ ਅਧਿਆਪਕਾਂ ਨੂੰ ਸੂਲੀ ‘ਤੇ ਟੰਗਿਆ ਹੋਇਆ ਹੈ। ਜਸਵਿੰਦਰ ਸਿੰਘ ਸਿੱਧੂ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਅਧਿਆਪਕ ਵਰਗ ਦੇ ਸਬਰ ਦਾ ਇਮਤਿਹਾਨ ਲੈਣਾ ਬੰਦ ਕਰੇ ਨਹੀਂ ਤਾਂ ਅਧਿਆਪਕ ਸਰਕਾਰ ਨਾਲ ਬਹੁਤ ਬੁਰੀ ਕਰਨਗੇ।
ਫੋਟੋ ਕੈਪਸ਼ਨ- ਸੰਕੇਤਿਕ ਫੋਟੋ

Gee98 Ads

Leave a Reply

Your email address will not be published. Required fields are marked *

error: Content is protected !!