ਬਰਨਾਲਾ , 22 ਅਪ੍ਰੈਲ, (ਨਿਰਮਲ ਸਿੰਘ ਪੰਡੋਰੀ)-
-ਬਰਨਾਲਾ ਸ਼ਹਿਰ ਦੇ ਕੁਝ ਹੋਟਲਾਂ ‘ਚ ਜਿਸਮ ਫਰੋਸ਼ੀ ਦਾ ਗੋਰਖ ਧੰਦਾ ਇੱਕ ਵਾਰ ਫਿਰ ਚਰਚਾ ਵਿੱਚ ਹੈ। ਬੀਤੇ ਕੱਲ੍ਹ ਸ਼ਹਿਰ ਦੇ ਇੱਕ ਹੋਟਲ ‘ਤੇ ਪੁਲਿਸ ਦੀ ਛਾਪਾਮਾਰੀ ਦੌਰਾਨ ਫੜੇ ਗਏ ਪ੍ਰੇਮੀ ਜੋੜਿਆਂ ਦੀ ਗਿਣਤੀ ਤੋਂ ਬਾਅਦ ਸ਼ਹਿਰ ਵਿੱਚ ਚਰਚਾ ਹੈ ਕਿ ਆਖ਼ਰ ਇਹਨਾਂ ਹੋਟਲਾਂ ‘ਚ ਇਹ ਧੰਦਾ ਬੰਦ ਕਿਉਂ ਨਹੀਂ ਹੋ ਰਿਹਾ। ਕੁਝ ਹੋਟਲਾਂ ਦੇ ਕਮਰਿਆਂ ‘ਚ ਹੋ ਰਹੇ ਇਸ ਗੋਰਖ ਧੰਦੇ ਦੀ ਤਹਿ ਤੱਕ ਜਾਣ ਲਈ ਜਦ ਅਦਾਰਾ Gee98 news ਨੇ ਪੜ੍ਹਤਾਲ ਕੀਤੀ ਤਾਂ ਹੈਰਾਨੀਜਨਕ ਤੱਥ ਸਾਹਮਣੇ ਆਏ ਕਿ ਹੋਟਲਾਂ ਦੇ ਕਮਰਿਆਂ ‘ਚ ਜਿਸਮਾਂ ਦੀ ਇਸ ਖੇਡ ਦੇ ਸਮਾਜ ਵਿਰੋਧੀ ਧੰਦੇ ਵਿੱਚ ਸਿਰਫ਼ ਕੁਝ ਪੁਲਿਸ ਅਧਿਕਾਰੀ ਹੀ ਨਹੀਂ ਸਗੋਂ ਸਿਵਲ ਵਿਭਾਗਾਂ ਦੇ ਅਧਿਕਾਰੀ ਵੀ ਹੋਟਲ ਮਾਲਕਾਂ ਨਾਲ ਮਿਲੇ ਹੋਏ ਹਨ, ਜਿਨਾਂ ਦੀ ਅੱਖ ਵਿੱਚ ਹੋਟਲ ਮਾਲਕਾਂ/ਸੰਚਾਲਕਾਂ ਵੱਲੋਂ ਹਰ ਮਹੀਨੇ ਭਾਰਤੀ ਕਰੰਸੀ ਦੇ ਨੋਟਾਂ ਦਾ ਡੱਕਾ ਮਾਰਿਆ ਜਾਂਦਾ ਹੈ ਜਿਸ ਕਰਕੇ ਇਹਨਾਂ ਅਧਿਕਾਰੀਆਂ ਨੂੰ ਹੋਟਲਾਂ ਦੀਆਂ ਮਨਮਾਨੀਆਂ ਨਹੀਂ ਦਿਸ ਰਹੀਆਂ ਜਾਂ ਫਿਰ ਇਹ ਅਧਿਕਾਰੀ ਜਾਣ ਬੁੱਝ ਕੇ ਨਹੀਂ ਦੇਖਣਾ ਚਾਹੁੰਦੇ। ਇਹ ਵੀ ਸਾਹਮਣੇ ਆਇਆ ਹੈ ਕਿ ਇਹਨਾਂ ਹੋਟਲਾਂ ‘ਚ ਆਉਣ ਵਾਲੇ ਬਹੁਤੇ ਪ੍ਰੇਮੀ ਜੋੜਿਆਂ ਵਿੱਚੋਂ ਸਕੂਲਾਂ ਕਾਲਜਾਂ ਦੇ ਵਿਦਿਆਰਥੀ ਹੀ ਹੁੰਦੇ ਹਨ ਜਿਨਾਂ ਤੋਂ ਹੋਟਲ ਵਾਲੇ ਸਮੇਂ ਦੇ ਹਿਸਾਬ ਨਾਲ ਪੈਸੇ ਲੈਂਦੇ ਹਨ। ਕੁਝ ਹੋਟਲਾਂ ਵਾਲਿਆਂ ਵੱਲੋਂ ਆਪਣੇ ਪੱਧਰ ‘ਤੇ ਵੀ ਕੁੜੀਆਂ ਸਪਲਾਈ ਕੀਤੀਆਂ ਜਾਂਦੀਆਂ ਹਨ ਅਤੇ ਕੁੜੀ ਦੀ ਉਮਰ ਦੇ ਹਿਸਾਬ ਨਾਲ ਗਾਹਕਾਂ ਕੋਲੋਂ ਪੈਸੇ ਵਸੂਲ ਕੀਤੇ ਜਾਂਦੇ ਹਨ। ਹੋਟਲਾਂ ਦੇ ਮਾਲਕਾਂ/ਸੰਚਾਲਕਾਂ ਵੱਲੋਂ ਗਾਹਕਾਂ ਨੂੰ ਪੁਲਿਸ ਦੇ ਡਰ ਤੋਂ ਇਹ ਕਹਿ ਕੇ ਮੁਕਤ ਕੀਤਾ ਜਾਂਦਾ ਹੈ ਕਿ “ਸਾਡੀ ਉੱਪਰ ਤੱਕ ਗੱਲਬਾਤ ਹੈ, ਤੁਸੀਂ ਬੇਫਿਕਰ ਰਹੋ, ਸਾਡੇ ਹੋਟਲ ‘ਤੇ ਰੇਡ ਨਹੀਂ ਵੱਜਦੀ”, ਜਿਸ ਤੋਂ ਬਾਅਦ ਸਕੂਲਾਂ ਕਾਲਜਾਂ ਦੇ ਇਹ ਵਿਦਿਆਰਥੀ ਬਿਨਾਂ ਝਿਜਕ ਹੋਟਲਾਂ ਦੇ ਕਮਰਿਆਂ ‘ਚ ਜਿਸਮਾਂ ਦੀ ਖੇਡ ਖੇਡਦੇ ਹਨ। ਇੱਕ ਹੋਰ ਹੈਰਾਨੀਜਨਕ ਤੱਥ ਸਾਹਮਣੇ ਆਇਆ ਹੈ ਕਿ ਕੁਝ ਹੋਟਲਾਂ ਵੱਲੋਂ ਵਿਦਿਆਰਥੀਆਂ ਨੂੰ ਵਿਚੋਲਿਆਂ ਦੇ ਤੌਰ ‘ਤੇ ਵੀ ਰੱਖਿਆ ਹੋਇਆ ਹੈ ਭਾਵ ਕਿ ਜਿਹੜਾ ਵਿਦਿਆਰਥੀ ਇੱਕ ਵਾਰ ਹੋਟਲ ਦੇ ਕਿਸੇ ਕਮਰੇ ਵਿੱਚ ਜਿਸਮਾਂ ਦੀ ਖੇਡ, ਖੇਡ ਕੇ ਜਾਂਦਾ ਹੈ ਉਹ ਅੱਗੇ ਆਪਣੇ ਹੋਰ ਸਾਥੀਆਂ ਨੂੰ ਵੀ ਇਹਨਾਂ ਹੋਟਲਾਂ ‘ਚ ਲੈ ਕੇ ਆਉਂਦਾ ਹੈ ਜਿਸ ਦੇ ਇਨਾਮ ਵਜੋਂ ਉਸਨੂੰ ਉਸਦੀ ਪ੍ਰੇਮਿਕਾ ਲਈ ਹੋਟਲ ਦਾ ਕਮਰਾ ਫਰੀ ਵੀ ਦਿੱਤਾ ਜਾਂਦਾ ਹੈ। ਹੈਰਾਨੀ ਦੀ ਗੱਲ ਹੈ ਕਿ ਵਿਚੋਲਗਿਰੀ ਦੀ ਇਹ ਭੂਮਿਕਾ ਕੁਝ ਵਿਦਿਆਰਥਣਾਂ ਵੱਲੋਂ ਵੀ ਨਿਭਾਈ ਜਾਂਦੀ ਹੈ ਜੋ ਆਪਣੀਆਂ ‘ਸਹੇਲੀਆਂ’ ਨੂੰ ਵਰਗਲਾ ਕੇ ਇਹਨਾਂ ਹੋਟਲਾਂ ਦੇ ਕਮਰਿਆਂ ਤੱਕ ਲਿਆਉਂਦੀਆਂ ਹਨ,ਨਾਲ ਹੀ ਕੁਝ “ਆਟੀਆਂ” ਵੀ ਇਸ ਧੰਦੇ ਵਿੱਚ ਪੂਰੀ ਤਰ੍ਹਾਂ ਸਰਗਰਮ ਹਨ।
ਜ਼ਿਲ੍ਹੇ ਦੇ ਮੈਜਿਸਟ੍ਰੇਟੀ ਹੁਕਮ ਹੋਏ ਹਵਾ-ਹਵਾਈ-
ਅਦਾਰਾ Gee98 news ਦੀ ਪੜ੍ਹਤਾਲ ਦੌਰਾਨ ਇੱਕ ਹੋਰ ਹੈਰਾਨੀਜਨਕ ਤੱਥ ਸਾਹਮਣੇ ਆਇਆ ਕਿ ਕੁਝ ਮਹੀਨੇ ਪਹਿਲਾਂ ਜ਼ਿਲ੍ਹਾ ਮੈਜਿਸਟ੍ਰੇਟ ਨੇ ਆਪਣੀਆਂ ਤਾਕਤਾਂ ਦੀ ਵਰਤੋਂ ਕਰਦੇ ਹੋਏ ਇਹਨਾਂ ਹੋਟਲਾਂ ਦੀ ਚੈਕਿੰਗ ਲਈ ਧਨੌਲਾ ਦੇ ਨਾਇਬ ਤਹਿਸੀਲਦਾਰ ਨੂੰ ਡਿਊਟੀ ਮੈਜਿਸਟ੍ਰੇਟ ਨਿਯੁਕਤ ਕਰਦੇ ਹੋਏ ਨਗਰ ਕੌਸਲ ਦੇ ਅਧਿਕਾਰੀਆਂ ਨੂੰ ਇਹਨਾਂ ਹੋਟਲਾਂ ਦੀ ਹਰ ਪੱਧਰ ਦੀ ਚੈਕਿੰਗ ਕਰਨ ਦੇ ਹੁਕਮ ਦਿੱਤੇ ਸਨ ਅਤੇ ਡਿਫਾਲਟਰ ਹੋਟਲਾਂ ਦੇ ਖ਼ਿਲਾਫ਼ ਤਰੰਤ ਕਾਰਵਾਈ ਦੇ ਹੁਕਮ ਵੀ ਦਿੱਤੇ ਸਨ ਪਰੰਤੂ ਹੈਰਾਨੀ ਦੀ ਗੱਲ ਹੈ ਕਿ ਛੇ ਮਹੀਨੇ ਬੀਤਣ ਦੇ ਬਾਵਜੂਦ ਵੀ ਡਿਊਟੀ ਮੈਜਿਸਟ੍ਰੇਟ ਦੇ ਇਹ ਹੁਕਮ ਨਗਰ ਕੌਸਲ ਦੀਆਂ ਫਾਈਲਾਂ ਦੀ ਧੂੜ ਫੱਕ ਰਹੇ ਹਨ। ਹੋਟਲਾਂ ਦੀ ਚੈਕਿੰਗ ਦੇ ਹੁਕਮ ਦੇਣ ਵਾਲੇ ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਦੀ ਬਦਲੀ ਤੋਂ ਬਾਅਦ ਨਵੇਂ ਆਏ ਡਿਪਟੀ ਕਮਿਸ਼ਨਰ ਨੇ ਅਜੇ ਤੱਕ ਇਸ ਮਾਮਲੇ ‘ਤੇ ਧਿਆਨ ਦੇਣਾ ਜ਼ਰੂਰੀ ਹੀ ਨਹੀਂ ਸਮਝਿਆ ਕਿ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਕਿਸੇ ਅਤੀ ਗੰਭੀਰ ਗ਼ੈਰ ਸਮਾਜੀ ਮੁੱਦੇ ਉੱਪਰ ਜਾਰੀ ਕੀਤੇ ਹੁਕਮਾਂ ਨੂੰ ਅਮਲੀ ਰੂਪ ਕਿਉਂ ਨਹੀਂ ਪਹਿਨਾਇਆ ਗਿਆ, ਅਜਿਹੇ ਹਾਲਾਤਾਂ ‘ਚ ਇਹ ਇਸ ਮਾਮਲੇ ‘ਚ ਵੱਡੇ ਅਧਿਕਾਰੀਆਂ ਦਾ ਸ਼ੰਕਾ ਦੇ ਘੇਰੇ ਵਿੱਚ ਆਉਣਾ ਸੁਭਾਵਿਕ ਹੀ ਹੈ। ਇਹ ਸਥਿਤੀ ਉਸ ਵੇਲੇ ਹੋਰ ਵੀ ਹੈਰਾਨੀਜਨਕ ਹੋ ਜਾਂਦੀ ਹੈ ਜਦੋਂ ਬਤੌਰ ਕਮਿਸ਼ਨਰ ਨਗਰ ਨਿਗਮ ਤੇ ਜ਼ਿਲ੍ਹਾ ਮੈਜਿਸਟਰੇਟ ਦਾ ਹੀ ਕੰਟਰੋਲ ਹੋਵੇ।
ਹੋਟਲਾਂ ਦੇ ਕਮਰਿਆਂ ‘ਚ ਗੋਰਖ ਧੰਦੇ ਦਾ ਸਿਆਸੀ ਪੱਖ ਕੀ ਹੈ
ਸ਼ਹਿਰ ਦੇ ਕੁਝ ਹੋਟਲਾਂ ‘ਚ ਜਿਸਮਾਨੀ ਖੇਡ ਦਾ ਇਹ ਗ਼ੈਰ ਸਮਾਜੀ ਮਾਮਲਾ ਆਮ ਆਦਮੀ ਪਾਰਟੀ ਦੇ ਸ਼ਹਿਰ ਤੇ ਚੋਟੀ ਦੇ ਆਗੂ ਮਾਸਟਰ ਭੋਲਾ ਸਿੰਘ ਨੇ ਸਭ ਤੋਂ ਪਹਿਲਾਂ ਚੁੱਕਿਆ ਸੀ ਜਿਸ ਨੇ ਇਸ ਸਬੰਧੀ ਮਾਨਯੋਗ ਡਿਪਟੀ ਕਮਿਸ਼ਨਰ, ਐਸਐਸਪੀ ਨੂੰ ਲਿਖ਼ਤੀ ਸ਼ਿਕਾਇਤਾਂ ਵੀ ਕੀਤੀਆਂ ਅਤੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੂੰ ਮਿਲ ਕੇ ਵੀ ਸਾਰੀ ਕਹਾਣੀ ਦੱਸੀ ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਆਪਣੇ ਹੀ ਇੱਕ ਸਿਆਣੇ ਅਤੇ ਪੜੇ ਲਿਖੇ ਆਗੂ ਵੱਲੋਂ ਚੁੱਕੇ ਗਏ ਇੱਕ ਅਤੀ ਮਹੱਤਵਪੂਰਨ ਮੁੱਦੇ ਸਬੰਧੀ ਨੇਤਾ ਜੀ ਨੇ ਸੰਜੀਦਗੀ ਨਹੀਂ ਦਿਖਾਈ, ਨਹੀਂ ਤਾਂ ਇਹ ਹੋ ਨਹੀਂ ਸਕਦਾ ਕਿ ਸ਼ਹਿਰ ਅੰਦਰ ਜਿਸ ਕੰਮ ਦੀ ਸ਼ਹਿਰ ਵਾਸੀ ਵਿਰੋਧਤਾ ਕਰ ਰਹੇ ਹੋਣ, ਉਹ ਮੁੱਦਾ ਮੀਤ ਹੇਅਰ ਦੇ ਧਿਆਨ ਵਿੱਚ ਹੋਵੇ ਅਤੇ ਫਿਰ ਵੀ ਬੰਦ ਨਾ ਹੋ ਰਿਹਾ ਹੋਵੇ। ਇਥੇ ਇਸ ਗੱਲ ਦਾ ਜ਼ਿਕਰ ਕਰਨਾ ਜ਼ਰੂਰੀ ਬਣ ਜਾਂਦਾ ਹੈ ਕਿ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਉੱਚ ਵਿਚਾਰਾਂ ਦਾ ਧਾਰਨੀ,ਗੈਰਤਮੰਦ ਅਤੇ ਸਮਾਜ ਪੱਖੀ ਵਿਚਾਰਧਾਰਾ ਨਾਲ ਲਬਰੇਜ਼ ਨੌਜਵਾਨ ਆਗੂ ਦੇ ਤੌਰ ‘ਤੇ ਜਾਣਿਆ ਜਾਂਦਾ ਹੈ ਇਸ ਲਈ ਇਹ ਹੋਰ ਵੀ ਹੈਰਾਨੀਜਨਕ ਹੋ ਜਾਂਦਾ ਹੈ ਕਿ ਅਜਿਹੇ ਨੌਜਵਾਨ ਆਗੂ ਦੇ ਧਿਆਨ ਵਿੱਚ ਜੇਕਰ ਸ਼ਹਿਰ ਅੰਦਰ ਹੋ ਰਹੇ ਕਿਸੇ ਗ਼ੈਰ ਸਮਾਜਿਕ ਧੰਦੇ ਸਬੰਧੀ ਪੂਰੀ ਜਾਣਕਾਰੀ ਹੋਵੇ ਅਤੇ ਉਹ ਧੰਦਾ ਬਿਨਾਂ ਕਿਸੇ ਡਰ ਅਤੇ ਭੈਅ ਤੋਂ ਚੱਲ ਰਿਹਾ ਹੋਵੇ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਕੁਝ ਹੋਟਲਾਂ ਨਾ ਕੁਝ ਸਿਆਸੀ ਆਗੂਆਂ ਦਾ ਨਾਮ ਵੀ ਜੁੜ ਰਿਹਾ ਹੈ, ਜਿਸ ਕਰਕੇ ਇਹਨਾਂ ਹੋਟਲਾਂ ਦੇ ਖ਼ਿਲਾਫ਼ ਪ੍ਰਸ਼ਾਸਨ ਦਾ ਡੰਡਾ ਰੁਕਿਆ ਹੋਇਆ ਹੈ। ਹੋਟਲ ਵਾਲਿਆਂ ਦੀ ਦਾਦਾਗਿਰੀ ਦਾ ਇੱਕ ਪੱਖ ਇਹ ਵੀ ਸਾਹਮਣੇ ਆਇਆ ਹੈ ਕਿ ਜਦੋਂ ਪੱਤਰਕਾਰ ਇਹਨਾਂ ‘ਤੇ ਲੱਗ ਰਹੇ ਦੋਸ਼ਾਂ ਸਬੰਧੀ ਪੱਖ ਲੈਣ ਲਈ ਗੱਲ ਕਰਦੇ ਹਨ ਤਾਂ ਇਹਨਾਂ ਹੋਟਲਾਂ ਦੇ ਮਾਲਕਾਂ/ਸੰਚਾਲਕਾਂ ਤੇ ਕਾਊਂਟਰਾਂ ‘ਤੇ ਬੈਠੇ ਮੁਲਾਜ਼ਮਾਂ ਵੱਲੋਂ ਪੱਤਰਕਾਰਾਂ ਨੂੰ ਲਾਲ ਅੱਖਾਂ ਦਿਖਾਇਆ ਜਾਂਦੀਆਂ ਹਨ ਅਤੇ ਸਿੱਧੇ ਮੂੰਹ ਗੱਲ ਹੀ ਨਹੀਂ ਕੀਤੀ ਜਾਂਦੀ।
ਕੀ ਕਹਿਣਾ ਹੈ ਸ਼ਹਿਰ ਦੇ ਮੋਹਤਬਰ ਵਿਅਕਤੀਆਂ ਦਾ
ਇਸ ਮਾਮਲੇ ਸਬੰਧੀ ਸ਼ਹਿਰ ਦੇ ਕੁਝ ਮੋਹਤਬਰ ਵਿਅਕਤੀਆਂ ਸਮੇਤ ਆਮ ਨਾਗਰਿਕਾਂ ਨਾਲ ਜਦੋਂ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਧੰਦੇ ਨੂੰ ਬੰਦ ਕਰਨ ਸਬੰਧੀ ਸਰਕਾਰੀ ਅਧਿਕਾਰੀਆਂ ਤੇ ਮੁਲਾਜ਼ਮਾਂ ਤੋਂ ਕੋਈ ਆਸ ਨਹੀਂ ਰੱਖੀ ਜਾ ਸਕਦੀ। ਲੋਕਾਂ ਨੇ ਮੰਗ ਕੀਤੀ ਕਿ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਨੂੰ ਨਿੱਜੀ ਤੌਰ ‘ਤੇ ਦਿਲਚਸਪੀ ਲੈ ਕੇ ਸ਼ਹਿਰ ਦੀ ਬਦਨਾਮੀ ਦਾ ਕਾਰਨ ਬਣ ਰਹੇ ਇਸ ਮਾੜੇ ਧੰਦੇ ਨੂੰ ਬੰਦ ਕਰਵਾਉਣਾ ਚਾਹੀਦਾ ਹੈ।










