Gee 98News

ਵਿਸ਼ੇਸ਼ ਰਿਪੋਰਟ 

ਚੰਡੀਗੜ੍ਹ ,24 ਅਪ੍ਰੈਲ , Gee98 News service-

-ਪੰਜਾਬ ‘ਚ ਪਾਵਰਕਾਮ ਵੱਲੋਂ ਲਗਾਏ ਜਾ ਰਹੇ ਬਿਜਲੀ ਦੇ ਕੱਟ ਭਾਵੇਂ ਕਿ ਮੁਰੰਮਤ ਦੇ ਨਾਂ ‘ਤੇ ਲਗਾਏ ਜਾ ਰਹੇ ਹਨ ਪ੍ਰੰਤੂ ਅਸਲ ਸੱਚਾਈ ਸਾਹਮਣੇ ਆਉਣ ਤੋਂ ਬਾਅਦ ਪਾਵਰਕਾਮ ਅਤੇ ਪੰਜਾਬ ਸਰਕਾਰ ਕਟਹਿਰੇ ਵਿੱਚ ਹੈ। ‌ ਪਾਵਰਕਾਮ ਦੇ ਬਿਜਲੀ ਦੇ “ਡਿਮਾਂਡ-ਸਪਲਾਈ” ਦੇ ਲਾਈਵ ਚਾਰਟ, ਰੋਜ਼ਾਨਾ ਰਿਪੋਰਟ ਅਤੇ ਪਾਵਰ ਗਰਿੱਡ ਡਾਟਾ ਆਪਣੇ ਆਪ ਹੀ ਪਾਵਰਕਾਮ ਨੂੰ ਸਵਾਲਾਂ ਦੇ ਘੇਰੇ ‘ਚ ਖੜਾ ਕਰ ਰਿਹਾ ਹੈ। ਪਾਵਰਕਾਮ ਦਾ ਕਹਿਣਾ ਹੈ ਕਿ ਇਹ ਬਿਜਲੀ ਕੱਟ ਵੱਡੇ ਬਿਜਲੀ ਘਰਾਂ ਦੀ ਮਰੰਮਤ ਦੇ ਕਾਰਨ ਲਗਾਏ ਜਾ ਰਹੇ ਹਨ। ਪੰਜਾਬ ਦੇ ਬਿਜਲੀ ਮੰਤਰੀ ਨੇ ਵੀ ਕੁਝ ਦਿਨ ਪਹਿਲਾਂ ਇਹੋ ਸਫ਼ਾਈ ਦਿੱਤੀ ਸੀ ਪਰੰਤੂ ਜੇਕਰ ਅਸਲ ਵਿੱਚ ਪੰਜਾਬ ‘ਚ ਬਿਜਲੀ ਉਤਪਾਦਨ ਦੇ ਅੰਕੜੇ ਅਤੇ ਡਿਮਾਂਡ ਦੇ ਅੰਕੜੇ ਵੇਖੇ ਜਾਣ ਤਾਂ ਸੱਚਾਈ ਕੁਝ ਹੋਰ ਹੀ ਸਾਹਮਣੇ ਆਉਂਦੀ ਹੈ। ਇਹ ਅੰਕੜੇ ਆਪਣੇ ਆਪ ਵਿੱਚ ਸਪੱਸ਼ਟ ਦੱਸ ਰਹੇ ਹਨ ਕਿ ਅਪ੍ਰੈਲ ਦੇ ਅੱਧ ਤੋਂ ਬਾਅਦ ਗਰਮੀ ਵਧਣ ਕਾਰਨ ਪਾਵਰਕਾਮ ਦੇ ਕੋਲ ਲੋਕਾਂ ਦੀ ਡਿਮਾਂਡ ਦੇ ਹਿਸਾਬ ਨਾਲ ਸਪਲਾਈ ਕਰਨ ਲਈ ਪੂਰੀ ਬਿਜਲੀ ਹੀ ਨਹੀਂ ਹੈ। ਵੱਡੀ ਗੱਲ ਇਹ ਵੀ ਹੈ ਕਿ ਕੇਂਦਰੀ ਪੂਲ ਤੋਂ ਬਿਜਲੀ ਖਰੀਦਣ ਤੋਂ ਬਾਅਦ ਵੀ ਪੰਜਾਬ ‘ਚ ਡਿਮਾਂਡ ਅਤੇ ਸਪਲਾਈ ਦਾ ਅੰਤਰ ਪੂਰਾ ਨਹੀਂ ਹੋ ਰਿਹਾ।
                                                    ‌ਪਾਵਰਕਾਮ ਦੇ ਦਾਅਵਿਆਂ ਅਨੁਸਾਰ ਪਾਵਰਕਾਮ ਕੋਲ 15000 ਤੋਂ ਵਧੇਰ ਮੈਗਾਵਾਟ ਬਿਜਲੀ ਪੈਦਾ ਕਰਨ ਦੀ ਸਮਰੱਥਾ ਹੈ ਪ੍ਰੰਤੂ ਦੂਜੇ ਪਾਸੇ 23 ਅਪ੍ਰੈਲ ਦੇ ਅੰਕੜੇ ਸਪੱਸ਼ਟ ਕਰ ਰਹੇ ਹਨ ਕਿ ਪੰਜਾਬ ‘ਚ ਥਰਮਲ ਪਲਾਂਟ, ਪ੍ਰਾਈਵੇਟ ਥਰਮਲ ਪਲਾਂਟ, ਹਾਈਡਲ ਪ੍ਰੋਜੈਕਟ ਤੇ ਰਣਜੀਤ ਸਾਗਰ ਡੈਮ ਸਮੇਤ ਭਾਖੜਾ ਤੋਂ ਮਿਲਣ ਵਾਲੀ ਊਰਜਾ ਨੂੰ ਮਿਲਾ ਕੇ ਇਸ ਵੇਲੇ ਸਿਰਫ਼ 4600 ਮੈਗਾਵਾਟ ਹੀ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕੇਂਦਰੀ ਪੂਲ ਤੋਂ 3550 ਮੈਗਾਵਾਟ ਬਿਜਲੀ ਖਰੀਦ ਕੀਤੀ ਜਾ ਰਹੀ ਹੈ। ਸਭ ਤੋਂ ਵੱਡੀ ਹੈਰਾਨੀ ਇਹ ਵੀ ਹੈ ਕਿ ਰਣਜੀਤ ਸਾਗਰ ਡੈਮ ਵਰਗੇ ਵੱਡੇ ਪ੍ਰੋਜੈਕਟ ਜਿਸ ਦੀ ਰੋਜ਼ਾਨਾ 600 ਮੈਗਾਵਾਟ ਦੀ ਸਮਰੱਥਾ ਹੈ ਉਥੋਂ ਸਿਰਫ 133 ਮੈਗਾਵਾਟ ਬਿਜਲੀ ਹੀ ਪੈਦਾ ਹੋ ਰਹੀ ਹੈ। ਇਸ ਤੋਂ ਇਲਾਵਾ ਮੁਕੇਰੀਆਂ ਹਾਈਡਰੋ ਪ੍ਰੋਜੈਕਟ ਦੇ 4 ਵਿੱਚੋਂ ਇੱਕ ਵੀ ਯੂਨਿਟ ਬਿਜਲੀ ਉਤਪਾਦਨ ਨਹੀਂ ਕਰ ਰਿਹਾ ਜਿਸਦਾ ਕਾਰਨ ਦਰਿਆਵਾਂ ‘ਚ ਪਾਣੀ ਘੱਟ ਹੋਣਾ ਦੱਸਿਆ ਜਾ ਰਿਹਾ ਹੈ। ਪਾਵਰਕਾਮ ਦੇ ਅੰਕੜਿਆਂ ਮੁਤਾਬਕ 23 ਅਪ੍ਰੈਲ ਤੱਕ ਪੰਜਾਬ ‘ਚ ਬਿਜਲੀ ਦੀ ਮੰਗ 10000 ਮੈਗਾਵਾਟ ਤੋਂ ਉੱਪਰ ਪਹੁੰਚ ਚੁੱਕੀ ਹੈ। ਦੂਜੇ ਪਾਸੇ ਮੌਸਮ ਵਿਭਾਗ ਨੇ 26 ਅਪ੍ਰੈਲ ਤੱਕ ਭਿਆਨਕ ਗਰਮੀ ਦਾ ਅਲਰਟ ਜਾਰੀ ਕਰ ਦਿੱਤਾ ਹੈ। ਜਿਸ ਕਾਰਨ ਇਹ ਡਿਮਾਂਡ ਹੋਰ ਵੀ ਵਧਣ ਦੀ ਸੰਭਾਵਨਾ ਹੈ। ਜਦ ਕਿ ਪਾਵਰਕਾਮ ਇਸ ਵੇਲੇ ਸਿਰਫ਼ 4600 ਮੈਗਾਵਾਟ ਬਿਜਲੀ ਉਤਪਾਦਨ ਕਰ ਰਿਹਾ ਇਹ ਅਤੇ ਕੇਂਦਰੀ ਪੂਲ ਤੋਂ ਮਿਲਣ ਵਾਲੀ 3550 ਨੂੰ ਜੋੜ ਕੇ ਪਾਵਰਕਾਮ ਕੋਲ ਬਿਜਲੀ ਉਤਪਾਦਨ 8150 ਮੈਗਾਵਾਟ ਹੀ ਬਣਦਾ ਹੈ ਜਦਕਿ ਡਿਮਾਂਡ 10000 ਤੋਂ ਵਧੇਰੇ ਮੈਗਾਵਾਟ ਦੀ ਹੈ। ਇਸ ਤਰ੍ਹਾਂ ਕੁੱਲ ਮਿਲਾ ਕੇ 2000 ਮੈਗਾਵਾਟ ਤੋਂ ਵਧੇਰੇ ਮੰਗ ਅਤੇ ਸਪਲਾਈ ਦਾ ਅੰਤਰ ਹੈ। ਦਰਅਸਲ ਇਹੀ ਵੱਡਾ ਕਾਰਨ ਹੈ ਕਿ ਪਾਵਰਕਾਮ ਨੂੰ ਪੰਜਾਬ ‘ਚ ਵੱਡੇ ਬਿਜਲੀ ਕੱਟ ਲਗਾਉਣੇ ਪੈ ਰਹੇ ਹਨ।

Gee98 Ads

                                                            ਪਾਵਰਕਾਮ ਦੇ ਅੰਕੜਿਆਂ ਅਨੁਸਾਰ ਪਿਛਲੇ ਸਾਲ 2025 ‘ਚ ਅਪ੍ਰੈਲ ਮਹੀਨੇ ‘ਚ ਬਿਜਲੀ ਦੀ ਮੰਗ ਕਰੀਬ 8000 ਮੈਗਾਵਾਟ ਤੱਕ ਸੀ ਪ੍ਰੰਤੂ ਇਸ ਵਰ੍ਹੇ ਅਪ੍ਰੈਲ ਵਿੱਚ ਗਰਮੀ ਜ਼ਿਆਦਾ ਪੈਣ ਕਾਰਨ ਇਹ ਮੰਗ 10000 ਮੈਗਾਵਾਟ ਤੋਂ ਵਧੇਰੇ ਤੱਕ ਪਹੁੰਚ ਚੁੱਕੀ ਹੈ, ਜਿਸ ਕਾਰਨ ਪਾਵਰਕਾਮ ਦੇ ਗਰਿੱਡਾਂ ਨੂੰ ਸੰਭਾਲਣਾ ਮੁਸ਼ਕਿਲ ਹੋ ਰਿਹਾ ਹੈ ਅਤੇ ਪਾਵਰਕਾਮ ਮੁਰੰਮਤ ਦੇ ਨਾਮ ‘ਤੇ ਵੱਡੇ ਬਿਜਲੀ ਕੱਟ ਲਗਾਉਣ ਲਈ ਮਜ਼ਬੂਰ ਹੈ। ‌ ਜ਼ਿਕਰਯੋਗ ਹੈ ਕਿ ਪਾਵਰਕਾਮ ਵੱਲੋਂ ਪਹਿਲਾਂ ਐਲਾਨ ਕਰਕੇ ਸੂਬੇ ‘ਚ 21 ਅਪ੍ਰੈਲ ਤੋਂ 26 ਅਪ੍ਰੈਲ ਤੱਕ ਬਿਜਲੀ ਦੇ ਕਈ ਕਈ ਘੰਟਿਆਂ ਦੇ ਕੱਟ ਲਗਾਏ ਜਾ ਰਹੇ ਹਨ ਜਿਸ ਨੇ ਲੋਕਾਂ ਦੀ ਜ਼ਿੰਦਗੀ ਬੇਹਾਲ ਕੀਤੀ ਹੋਈ ਹੈ। ਇਹ ਹਾਲਾਤ ਇਥੋਂ ਤੱਕ ਵੀ ਪੁੱਜ ਚੁੱਕੇ ਹਨ ਕਿ ਲੋਕਾਂ ਵੱਲੋਂ ਕਾਨੂੰਨ ਆਪਣੇ ਹੱਥ ‘ਚ ਲੈ ਕੇ ਗਰਿੱਡਾਂ ‘ਚ ਜਬਰਦਸਤੀ ਦਾਖ਼ਲ ਹੋ ਕੇ ਖੁਦ ਬਿਜਲੀ ਸਪਲਾਈ ਚਾਲੂ ਕੀਤੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਜੇਕਰ ਸਥਿਤੀ ਇਹੋ ਰਹੀ ਤਾਂ ਆਉਣ ਵਾਲੇ ਮਹੀਨਿਆਂ ‘ਚ ਲੋਕਾਂ ਨੂੰ ਹੋਰ ਵੱਡੇ ਕੱਟਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਦਿਨੋਂ ਦਿਨ ਵੱਧ ਰਹੀ ਤਪਸ਼ ਦੇ ਕਾਰਨ ਪੰਜਾਬ ਦਾ ਸਿਆਸੀ ਪਾਰਾ ਵੀ ਵਧਣ ਦੀ ਸੰਭਾਵਨਾ ਹੈ, ਚੋਣ ਵਰ੍ਹੇ ‘ਚ ਅਜਿਹੇ ਹਾਲਾਤ ਸੱਤਾਧਾਰੀ ਪਾਰਟੀ ਲਈ ਸਿਆਸੀ ਮੁਸ਼ਕਿਲਾਂ ਵੀ ਖੜੀਆਂ ਕਰ ਸਕਦੇ ਹਨ।

Leave a Reply

Your email address will not be published. Required fields are marked *

error: Content is protected !!