Skip to main content

Gee 98News

ਧਨੌਲੇ ਵਾਲੇ ਕਾਲੇ ਚੀਮੇ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ…ਤਿੰਨ ਦੋਸ਼ੀ ਕਾਬੂ

ਬਰਨਾਲਾ ,24 ਅਪ੍ਰੈਲ (ਨਿਰਮਲ ਸਿੰਘ ਪੰਡੋਰੀ)-

-ਬਰਨਾਲਾ ਪੁਲਿਸ ਨੇ ਕਰੀਬ ਛੇ ਮਹੀਨੇ ਪਹਿਲਾਂ ਧਨੌਲਾ ਵਿਖੇ ਹੋਏ ਇੱਕ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾਉਣ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਸਤਬੀਰ ਸਿੰਘ ਬੈਂਸ ਡੀਐਸਪੀ ਬਰਨਾਲਾ ਨੇ ਦੱਸਿਆ ਕਿ 6 ਨਵੰਬਰ 2025 ਨੂੰ ਥਾਣਾ ਧਨੌਲਾ ਵਿਖੇ FIR ਨੰਬਰ 157 ਕਤਲ ਕੇਸ ਸਬੰਧੀ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਦਰਜ ਕੀਤੀ ਗਈ ਸੀ ਜਿਸ ਦੀ ਪੜ੍ਹਤਾਲ ਦੌਰਾਨ ਪੁਲਿਸ ਨੂੰ ਉਕਤ ਕਤਲ ਕਾਂਡ ਦੇ ਦੋਸ਼ੀ ਕਾਬੂ ਕਰਨ ਵਿੱਚ ਸਫਲਤਾ ਮਿਲੀ ਹੈ। ਇਸ ਕਤਲ ਕਾਂਡ ਦੇ ਵੇਰਵੇ ਦਿੰਦੇ ਹੋਏ ਉਹਨਾਂ ਦੱਸਿਆ ਕਿ ਹਰਜਿੰਦਰ ਸਿੰਘ ਉਰਫ ਕਾਲਾ ਦਾ ਰਹੱਸਮਈ ਹਾਲਾਤਾਂ ਵਿੱਚ ਕਤਲ ਹੋ ਗਿਆ ਸੀ ਜਿਸ ਤੋਂ ਬਾਅਦ ਉਸਦੀ ਬੇਟੇ ਤੇਗ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ 6 ਨਵੰਬਰ 2025 ਨੂੰ ਥਾਣਾ ਧਨੌਲਾ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਇਸ ਕਤਲ ਕਾਂਡ ਦੀ ਸੀਆਈਏ ਬਰਨਾਲਾ ਅਤੇ ਥਾਣਾ ਧਨੌਲਾ ਦੀ ਟੀਮ ਵੱਲੋਂ ਲੰਮੀ ਅਤੇ ਤਕਨੀਕੀ ਪੜ੍ਹਤਾਲ ਤੋਂ ਬਾਅਦ ਇਸ ਮਾਮਲੇ ਵਿੱਚ ਦਾਨਗੜ੍ਹ ਰੋਡ ਧਨੌਲਾ ਦੇ ਵਾਸੀ ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਅਤੇ ਹਰਵਿੰਦਰ ਸਿੰਘ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਡੀਐਸਪੀ ਨੇ ਦੱਸਿਆ ਕਿ ਇਸ ਮਾਮਲੇ ਦੀ ਮੁੱਢਲੀ ਪੜ੍ਹਤਾਲ ਦੌਰਾਨ ਮ੍ਰਿਤਕ ਦਾ ਦੋਸ਼ੀਆਂ ਨਾਲ ਪੈਸੇ ਦੇ ਲੈਣ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਪ੍ਰੰਤੂ ਫਿਰ ਵੀ ਇਸ ਮਾਮਲੇ ਦੀ ਹਰ ਪੱਖ ਤੋਂ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।

                                                                                 ਘਟਨਾ ਦੇ ਵੇਰਵੇ ਦਿੰਦੇ ਹੋਏ ਡੀਐਸਪੀ ਬੈਂਸ ਨੇ ਦੱਸਿਆ ਕਿ ਦੋਸ਼ੀ, ਹਰਜਿੰਦਰ ਸਿੰਘ ਨੂੰ ਘਟਨਾ ਸਥਾਨ ‘ਤੇ ਆਪਣੇ ਨਾਲ ਲੈ ਕੇ ਗਏ ਜਿੱਥੇ ਤਿੰਨਾਂ ਦੋਸ਼ੀਆਂ ਵਿੱਚੋਂ ਇੱਕ ਨੇ ਲੋਹੇ ਦਾ ਵੱਡਾ ਹਥੌੜਾ ਮਾਰ ਕੇ ਹਰਜਿੰਦਰ ਸਿੰਘ ਉਰਫ ਕਾਲਾ ਦਾ ਕਤਲ ਕਰ ਦਿੱਤਾ। ਉਹਨਾਂ ਦੱਸਿਆ ਕਿ ਦੋਸ਼ੀ ਮ੍ਰਿਤਕ ਦੇ ਜਾਣ ਪਛਾਣ ਦੇ ਪਰਿਵਾਰਾਂ ਵਿੱਚੋਂ ਹੀ ਸਨ ਜਿਹੜੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਖੁਦ ਵੀ ਉਸ ਵੀ ਭਾਲ ਵਿੱਚ ਪੀੜਿਤ ਪਰਿਵਾਰ ਨਾਲ ਲੱਗੇ ਰਹੇ। ਡੀਐਸਪੀ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਨ ਤੋਂ ਬਾਅਦ ਹੁਣ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਨੂੰ ਵੀ ਪੁਲਿਸ ਨੇ ਪੁੱਛਗਿੱਛ ਲਈ ਕਈ ਵਾਰ ਬੁਲਾਇਆ ਜਿਸ ਦੌਰਾਨ ਇਹਨਾਂ ਵੱਲੋਂ ਦਿੱਤੀ ਗਈ ਜਾਣਕਾਰੀ ਸ਼ੱਕੀ ਲੱਗੀ ਅਤੇ ਪੁਲਿਸ ਨੇ ਇਹਨਾਂ ਦੀ ਪੈੜ ਨੱਪੀ ਰੱਖੀ ਅਤੇ ਹੁਣ ਪੁਖ਼ਤਾ ਸਬੂਤਾਂ ਦੇ ਆਧਾਰ ‘ਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਡੀਐਸਪੀ ਬੈਂਸ ਨੇ ਕਿਹਾ ਕਿ ਦੋਸ਼ੀਆਂ ਨੂੰ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਅਤੇ ਦੌਰਾਨੇ ਪੁੱਛਗਿੱਛ ਵਾਰਦਾਤ ਦੌਰਾਨ ਵਰਤਿਆ ਗਿਆ ਹਥਿਆਰ ਤੇ ਵਹੀਕਲ ਬਰਾਮਦ ਕੀਤਾ ਜਾਵੇਗਾ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਵੀ ਕੀਤੀ ਜਾਵੇਗੀ।

Gee98 Ads
error: Content is protected !!