ਚੰਡੀਗੜ੍ਹ,29 ਅਪ੍ਰੈਲ, Gee98 News service-
ਆਧਾਰ ਕਾਰਡ ਉੱਪਰ ਲਿਖੀ ਜਨਮ ਤਾਰੀਕ ਸਬੰਧੀ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ। ਯੂਨੀਕ ਆਈਡੈਂਟੀਫਿਕੇਸ਼ਨ ਅਥਾਰਿਟੀ ਆਫ਼ ਇੰਡੀਆ UIDAI ਨੇ ਇੱਕ ਨਵੇਂ ਹੁਕਮ ਜਾਰੀ ਕੀਤੇ ਹਨ ਕਿ ਹੁਣ ਆਧਾਰ ਕਾਰਡ ਨੂੰ ਜਨਮ ਮਿਤੀ ਦਾ ਸਬੂਤ ਨਹੀਂ ਮੰਨਿਆ ਜਾਵੇਗਾ ਭਾਵ ਕਿ ਆਧਾਰ ਕਾਰਡ ‘ਤੇ ਲਿਖੀ ਜਨਮ ਤਾਰੀਕ ਨੂੰ ਤੁਸੀਂ ਕਿਸੇ ਕੰਮ ਲਈ ਦਸਤਾਵੇਜ਼ ਦੇ ਤੌਰ ‘ਤੇ ਨਹੀਂ ਦੇ ਸਕੋਗੇ। ਆਧਾਰ ਕਾਰਡ ਸਿਰਫ਼ ਤੁਹਾਡੀ ਪਛਾਣ ਦਾ ਸਬੂਤ ਮੰਨਿਆ ਜਾਵੇਗਾ ਭਾਵੇਂ ਇਸ ਵਿੱਚ ਜਨਮ ਮਿਤੀ ਲਿਖੀ ਹੋਵੇ ਪ੍ਰੰਤੂ ਇਹ ਜਨਮ ਮਿਤੀ ਦਾ ਸਬੂਤ ਨਹੀਂ ਮੰਨਿਆ ਜਾਵੇਗਾ। ਇਸ ਸਬੰਧੀ ਅਥਾਰਿਟੀ ਦਾ ਕਹਿਣਾ ਹੈ ਕਿ ਆਧਾਰ ਦਾ ਉਦੇਸ਼ ਪ੍ਰਮਾਣੀਕਰਨ ਰਾਹੀਂ ਪਛਾਣ ਸਥਾਪਿਤ ਕਰਨਾ ਹੈ ਨਾ ਕਿ ਕਿਸੇ ਵਿਅਕਤੀ ਦੀ ਜਨਮ ਮਿਤੀ ਪ੍ਰਦਾਨ ਕਰਨਾ। UIDAI ਨੇ ਕਿਹਾ ਕਿ ਆਧਾਰ ਕਾਰਡਾਂ ‘ਤੇ ਜਨਮ ਮਿਤੀ ਉਪਭੋਗਤਾਵਾਂ ਦੁਆਰਾ ਨਾਮਆਂਕਣ ਜਾਂ ਅਪਡੇਟ ਦੌਰਾਨ ਕੀਤੀ ਗਈ ਜਾਣਕਾਰੀ ‘ਤੇ ਅਧਾਰਿਤ ਹੈ। ਅਥਾਰਿਟੀ ਨੇ ਸਪੱਸ਼ਟ ਕੀਤਾ ਕਿ ਆਧਾਰ ਕਾਰਡ ਸਿਰਫ਼ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਇਸ ਨੂੰ ਪੇਸ਼ ਕਰਨ ਵਾਲਾ ਵਿਅਕਤੀ ਉਹੀ ਵਿਅਕਤੀ ਹੈ ਜਿਸਨੇ ਆਧਾਰ ਕਾਰਡ ਪ੍ਰਾਪਤ ਕੀਤਾ ਹੈ। ਆਧਾਰ ਪ੍ਰਮਾਣੀਕਰਨ ਵਿੱਚ ਬਾਇਓਮੈਟਰਿਕ ਅਤੇ ਹੋਰ ਰਜਿਸਟਰਡ ਵੇਰਵਿਆਂ ਨੂੰ ਇੱਕ ਕੇਂਦਰੀ ਡਾਟਾਬੇਸ ਨਾਲ ਮੇਲਣਾ ਸ਼ਾਮਿਲ ਹੁੰਦਾ ਹੈ, ਸਫਲ ਪ੍ਰਮਾਣੀਕਰਨ ਸਿਰਫ਼ ਵਿਅਕਤੀ ਦੀ ਪਛਾਣ ਸਥਾਪਿਤ ਕਰਦਾ ਹੈ, ਹੋਰ ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ, ਫਿਰ ਵੀ UIDAI ਅਥਾਰਿਟੀ ਦਾ ਕਹਿਣਾ ਹੈ ਕਿ ਸਬੰਧਤ ਏਜੰਸੀਆਂ ਇਹ ਫੈਸਲਾ ਕਰ ਸਕਦੀਆਂ ਹਨ ਕਿ ਜਨਮ ਮਿਤੀ ਜਾਂ ਉਮਰ ਸਬੰਧਿਤ ਜਾਣਕਾਰੀ ਨਿਰਧਾਰਿਤ ਕਰਨ ਲਈ ਆਧਾਰ ਵੀ ਵਰਤੋ ਕਰਨੀ ਹੈ ਜਾਂ ਨਹੀਂ ਜਿਵੇਂ ਭਲਾਈ ਯੋਜਨਾਵਾਂ, ਸਬਸਿਡੀਆਂ ਜਾਂ ਹੋਰ ਸਰਕਾਰੀ ਉਦੇਸ਼ਾਂ ਲਈ ਅਧਾਰ ਦੀ ਵਰਤੋਂ ਕਰਨੀ ਹੈ ਜਾਂ ਨਹੀਂ, ਇਹ ਸਬੰਧਿਤ ਕੇਂਦਰੀ ਵਿਭਾਗਾਂ,ਰਾਜ ਸਰਕਾਰਾਂ ਅਤੇ ਹੋਰ ਏਜੰਸੀਆਂ ‘ਤੇ ਨਿਰਭਰ ਕਰਦਾ ਹੈ। ਅਥਾਰਿਟੀ ਦੇ ਨਵੇਂ ਨਿਯਮਾਂ ਅਨੁਸਾਰ ਆਧਾਰ ਕਾਰਡ ਵਿਅਕਤੀ ਦੀ ਪਛਾਣ/ਪਤਾ ਤਸਦੀਕ ਕਰਦਾ ਹੈ, ਜਨਮ ਮਿਤੀ ਨਹੀਂ।









