ਚੰਡੀਗੜ੍ਹ,5 ਮਈ, Gee98 News service-
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਸ਼ਟਰਪਤੀ ਸ਼੍ਰੀਮਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਅੱਜ ਆਪਣੀ ਪਾਰਟੀ ਦੇ ਪੰਜਾਬ ਨਾਲ ਸੰਬੰਧਿਤ 90 ਵਿਧਾਇਕਾਂ ਨੂੰ ਲੈ ਕੇ ਦਿੱਲੀ ਪੁੱਜੇ ਸਨ। ਦੇਸ਼ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਰਾਸ਼ਟਰਪਤੀ ਨੂੰ ਕਿਹਾ ਹੈ ਕਿ ਕੋਈ ਪੂਰੀ ਪਾਰਟੀ ਦੋ ਤਿਹਾਈ ਬਹੁਮਤ ਨਾਲ ਦੂਜੀ ਪਾਰਟੀ ਵਿੱਚ ਮਰਜ਼ ਹੋ ਸਕਦੀ ਹੈ, ਸਿਰਫ ਇੱਕ ਹਾਊਸ ਦੇ 6-7 ਮੈਂਬਰ ਅਜਿਹਾ ਨਹੀਂ ਕਰ ਸਕਦੇ। ਮੁੱਖ ਮੰਤਰੀ ਨੇ ਰਾਸ਼ਟਰਪਤੀ ਨੂੰ ਕਿਹਾ ਕਿ ਇਹ ਲੋਕਤੰਤਰ ਦਾ ਮਜ਼ਾਕ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੇ ਵਿਧਾਇਕ 2 ਹਨ ਪਰੰਤੂ ਰਾਜ ਸਭਾ ਦੇ 6 ਮੈਂਬਰ ਹੋ ਗਏ ਹਨ,ਸੰਵਿਧਾਨ ਨਾਲ ਇਸ ਤੋਂ ਵੱਡਾ ਮਜ਼ਾਕ ਕੋਈ ਹੋਰ ਨਹੀਂ ਹੋ ਸਕਦਾ। ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਰਾਸ਼ਟਰਪਤੀ ਤੋਂ ਮੰਗ ਕੀਤੀ ਹੈ ਕਿ ਸੰਵਿਧਾਨ ਵਿੱਚ ਸੋਧ ਕਰਕੇ “ਰਾਈਟ ਟੂ ਰੀਕਾਲ” ਕਾਨੂੰਨ ਬਣਾਇਆ ਜਾਵੇ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ 7 ਰਾਜ ਸਭਾ ਮੈਂਬਰਾਂ ਵੱਲੋਂ ਆਪ ਛੱਡ ਕੇ ਭਾਜਪਾ ਜੁਆਇਨ ਕਰਨ ਤੋਂ ਬਾਅਦ ਮੁੱਖ ਮੰਤਰੀ ਨੇ ਆਪਣੇ ਵਿਧਾਇਕਾਂ ਸਮੇਤ ਰਾਸ਼ਟਰਪਤੀ ਤੋਂ ਮਿਲਣ ਲਈ ਸਮਾਂ ਮੰਗਿਆ ਸੀ ਪਰੰਤੂ ਰਾਸ਼ਟਰਪਤੀ ਨੇ ਇਕੱਲੇ ਮੁੱਖ ਮੰਤਰੀ ਨੂੰ ਹੀ ਮਿਲਣ ਦਾ ਸਮਾਂ ਦਿੱਤਾ। ਪੰਜਾਬ ਦੇ ਸਾਰੇ ਆਪ ਵਿਧਾਇਕ ਭਾਵੇਂ ਮੁੱਖ ਮੰਤਰੀ ਨਾਲ ਦਿੱਲੀ ਤਾਂ ਗਏ ਸਨ ਪ੍ਰੰਤੂ ਉਹ ਰਾਸ਼ਟਰਪਤੀ ਨੂੰ ਨਹੀਂ ਮਿਲ ਸਕੇ ਅਤੇ ਮੁੱਖ ਮੰਤਰੀ ਦੀ ਰਾਸ਼ਟਰਪਤੀ ਨਾਲ ਮੁਲਾਕਾਤ ਦੌਰਾਨ ਸਾਰੇ ਵਿਧਾਇਕ ਬਾਹਰ ਹੀ ਰਹੇ।










