ਚੰਡੀਗੜ੍ਹ ,8 ਮਈ, Gee98 News service-
-ਪੰਜਾਬ ਦੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਚੱਬੇਵਾਲ ਨੂੰ ਗ੍ਰਿਹ ਮੰਤਰੀ ਅਮਿਤ ਸ਼ਾਹ ਨੇ ਫੋਨ ਕਰਕੇ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਮੈਨੂੰ ਦਿੱਲੀ ਆ ਕੇ ਮਿਲੋ। ਦਰਅਸਲ ਅੱਜ ਸੰਸਦ ਰਾਜਕੁਮਾਰ ਚੱਬੇਵਾਲ ਦਾ ਜਨਮਦਿਨ ਹੈ ਜਿਸ ਸਬੰਧੀ ਉਹਨਾਂ ਦੱਸਿਆ ਕਿ ਸਵੇਰੇ ਵਕਤ ਕਰੀਬ 10 ਕੁ ਵਜੇ ਉਹਨਾਂ ਨੂੰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹੂਬਹੂ ਆਵਾਜ਼ ਵਿੱਚ ਇੱਕ ਫੋਨ ਆਇਆ ਅਤੇ ਜਨਮ ਦਿਨ ਦੀ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਤੁਸੀਂ ਮੈਨੂੰ ਦਿੱਲੀ ਆ ਕੇ ਮਿਲੋ। MP ਚੱਬੇਵਾਲ ਨੇ ਕਿਹਾ ਕਿ ਉਹ ਖ਼ੁਦ ਹੈਰਾਨ ਹਨ ਕਿ ਗ੍ਰਿਹ ਮੰਤਰੀ ਨੇ ਉਹਨਾਂ ਨੂੰ ਫੋਨ ਕਰਕੇ ਦਿੱਲੀ ਕਿਉਂ ਬੁਲਾਇਆ ਹੋਵੇਗਾ। ਉਹਨਾਂ ਕਿਹਾ ਕਿ ਫੋਨ ਕਰਨ ਵਾਲੀ ਆਵਾਜ਼ ਹੂਬਹੂ ਗ੍ਰਿਹ ਮੰਤਰੀ ਅਮਿਤ ਸ਼ਾਹ ਦੀ ਆਵਾਜ਼ ਨਾਲ ਹੀ ਮੇਲ ਖਾਂਦੀ ਸੀ। ਡਾਕਟਰ ਚੱਬੇਵਾਲ ਨੇ ਕਿਹਾ ਕਿ ਅੱਜ ਉਹਨਾਂ ਦਾ ਜਨਮ ਦਿਨ ਹੈ ਜਿਸ ਕਰਕੇ ਉਹ ਬਿਜ਼ੀ ਹਨ ਪਰ ਉਹ ਕੱਲ ਪੁਲਿਸ ਨੂੰ ਮਿਲ ਕੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਉਣਗੇ ਅਤੇ ਫੋਨ ਕਰਨ ਵਾਲੇ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਡਾਕਟਰ ਚੱਬੇਵਾਲ ਨੇ ਕਿਹਾ ਕਿ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਹ ਉਹਨਾਂ ਨਾਲ ਕਿਸੇ ਨੇ ਮਜ਼ਾਕ ਕੀਤਾ ਹੈ ਜਾਂ ਫਿਰ ਅਮਿਤ ਸ਼ਾਹ ਦੀ ਆਵਾਜ਼ ਵਿੱਚ ਫੋਨ ਕਰਕੇ ਦਿੱਲੀ ਆਉਣ ਲਈ ਕਿਉਂ ਕਿਹਾ ਹੈ ? ਜ਼ਿਕਰਯੋਗ ਹੈ ਕਿ ਪੰਜਾਬ ਤੋਂ ‘ਆਪ’ ਦੇ ਛੇ ਰਾਜ ਸਭਾ ਮੈਂਬਰ ‘ਆਪ’ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋ ਚੁੱਕੇ ਹਨ ਜਿਸ ਤੋਂ ਬਾਅਦ ਪੰਜਾਬ ‘ਚ ਆਪਣੇ ਵਿਧਾਇਕਾਂ ਤੇ ਸੰਸਦਾਂ ਦੇ ਜੋੜ ਤੋੜ ਸਬੰਧੀ ਆਮ ਆਦਮੀ ਪਾਰਟੀ ਵਿੱਚ ਡਰ ਦਾ ਮਾਹੌਲ ਹੈ, ਅਜਿਹੇ ਹਾਲਾਤਾਂ ‘ਚ ਦੇਸ਼ ਦੇ ਗ੍ਰਿਹ ਮੰਤਰੀ ਅਮਿਤ ਸ਼ਾਹ ਦੀ ਆਵਾਜ਼ ਵਿੱਚ ‘ਆਪ’ ਸੰਸਦ ਨੂੰ ਜਨਮਦਿਨ ਦੀ ਮੁਬਾਰਕਬਾਦ ਅਤੇ ਦਿੱਲੀ ਆ ਕੇ ਮੇਰੇ ਨਾਲ ਸੰਬੰਧੀ ਫੋਨ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਮੁੱਢਲੀ ਨਜ਼ਰੇ ਲੱਗਦਾ ਹੈ ਕਿ ਡਾਕਟਰ ਚੱਬੇਵਾਲ ਨਾਲ ਕਿਸੇ ਨੇ ਮਜ਼ਾਕ ਕੀਤਾ ਹੈ ਪ੍ਰੰਤੂ ਡਾਕਟਰ ਚੱਬੇਵਾਲ ਨੇ ਇਸ ਦੀ ਪੜ੍ਹਤਾਲ ਦੀ ਮੰਗ ਕੀਤੀ ਹੈ।
ਫੋਟੋ ਕੈਪਸ਼ਨ- ਮੁੱਖ ਮੰਤਰੀ ਭਗਵੰਤ ਮਾਨ ਅਤੇ ਸੰਸਦ ਡਾਕਟਰ ਰਾਜਕੁਮਾਰ ਚੱਬੇਵਾਲ ਦੀ ਤਸਵੀਰ









