ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਕੀਤਾ ਮੁੱਖ ਮੰਤਰੀ ਦਾ ਸਨਮਾਨ
ਬਰਨਾਲਾ,8 ਮਈ (ਨਿਰਮਲ ਸਿੰਘ ਪੰਡੋਰੀ)-
ਪੰਜਾਬ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਪੰਜਾਬ ‘ਚ ਨਵਾਂ ਕਾਨੂੰਨ ਪਾਸ ਕਰਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ੁਕਰਾਨਾ ਯਾਤਰਾ ਬਰਨਾਲਾ ਵਿਖੇ ਪੁੱਜੀ ਬਰਨਾਲਾ ਦੇ ਕਸਬਾ ਧਨੌਲਾ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਜਿੱਥੇ ਆਪਣੇ ਭਾਸ਼ਣ ਵਿੱਚ ਬੇਅਦਬੀ ਸੰਬੰਧੀ ਨਵੇਂ ਕਾਨੂੰਨ ਦਾ ਵਿਸਥਾਰਤ ਜ਼ਿਕਰ ਕੀਤਾ ਉਥੇ ਪੰਜਾਬ ਦੀਆਂ ਵਿਰੋਧੀ ਪਾਰਟੀਆਂ ‘ਤੇ ਰੱਜ ਕੇ ਸਿਆਸੀ ਹਮਲੇ ਵੀ ਕੀਤੇ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਭਾਜਪਾ ਅਤੇ ਕਾਂਗਰਸ ਸਰਕਾਰਾਂ ਦੇ ਦੌਰਾਨ ਬੇਅਦਬੀ ਸਬੰਧੀ ਕਨੂੰਨ ਇਸੇ ਕਰਕੇ ਸਖ਼ਤ ਨਹੀਂ ਕੀਤੇ ਗਏ ਕਿਉਂਕਿ ਇਹ ਪਾਰਟੀਆਂ ਅਤੇ ਇਹਨਾਂ ਦੇ ਲੀਡਰ ਖੁਦ ਬੇਅਦਬੀ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਸਨ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਨਵੇਂ ਬੇਅਦਬੀ ਕਾਨੂੰਨ ਸਬੰਧੀ ਅਕਾਲੀਆਂ ਤੇ ਕਾਂਗਰਸੀਆਂ ਨੇ ਜਿਹੜੀ ਹਾਈਕੋਰਟ ਵਿੱਚ ਰਿੱਟ ਪਾਈ ਸੀ ਉਹ ਹਾਈਕੋਰਟ ਨੇ ਖਾਰਜ ਕਰ ਦਿੱਤੀ ਹੈ ਤੇ ਹਾਈਕੋਰਟ ਨੇ ਪਟੀਸ਼ਨਕਰਤਾ ਨੂੰ 10000 ਦਾ ਜੁਰਮਾਨਾ ਵੀ ਕੀਤਾ। ਧਿਆਨ ਰਹੇ ਕਿ ਜਿੱਥੇ ਇੱਕ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਅਕਾਲ ਤਖ਼ਤ ਸਾਹਿਬ ਤੋਂ ਬਾਹਰ ਆ ਕੇ ਕਿਹਾ ਕਿ ਜਥੇਦਾਰ ਸਾਹਿਬ ਵੱਲੋਂ ਚੁੱਕੇ ਗਏ ਇਤਰਾਜ਼ ਸੰਬੰਧੀ ਉਹ ਪੰਜਾਬ ਸਰਕਾਰ ਨਾਲ ਗੱਲ ਕਰਨਗੇ ਪਰੰਤੂ ਦੇ ਦੂਜੇ ਪਾਸੇ ਬਰਨਾਲਾ ਦੇ ਕਸਬਾ ਧਨੌਲਾ ਵਿੱਚ ਅੱਜ ਮੁੱਖ ਮੰਤਰੀ ਨੇ ਕਿਹਾ ਕਿ ਬੇਅਦਬੀ ਕਾਨੂੰਨ ਪਾਸ ਹੋ ਚੁੱਕਾ ਹੈ, ਜਿਸ ‘ਤੇ ਪੰਜਾਬ ਦੇ ਰਾਜਪਾਲ ਨੇ ਵੀ ਦਸਤਖ਼ਤ ਕਰ ਦਿੱਤੇ ਹਨ। ਹੁਣ ਇਸ ਕਾਨੂੰਨ ‘ਚ ਕੋਈ ਤਬਦੀਲੀ ਜਾਂ ਵਾਪਸ ਹੋਣਾ ਸੰਭਵ ਨਹੀਂ ਹੈ। ਆਪਣੇ ਭਾਸ਼ਣ ਦੌਰਾਨ ਨੇ ਮੁੱਖ ਮੰਤਰੀ ਨੇ ਸੁਖਬੀਰ ਸਿੰਘ ਬਾਦਲ, ਬਿਕਰਮ ਮਜੀਠੀਆ ਅਤੇ ਹਰਸਿਮਰਤ ਕੌਰ ਬਾਦਲ ‘ਤੇ ਨਿੱਜੀ ਹਮਲੇ ਵੀ ਕੀਤੇ। ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ‘ਤੇ ਸਿਆਸੀ ਹਮਲੇ ਕਰਦੇ ਹੋਏ ਕਿਹਾ ਕਿ ਭਾਜਪਾ ਫਿਰਕੂ ਪਾਰਟੀ ਹੈ ਅਤੇ ਲੋਕਾਂ ਨੂੰ ਲੜਾ ਕੇ ਆਪਣੇ ਸਿਆਸੀ ਮਤਲਬ ਸਿੱਧੇ ਕਰਦੀ ਹੈ। ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਭਾਜਪਾ ਤੋਂ ਬਚ ਕੇ ਰਹਿਣ ਦੀ ਨਸੀਹਤ ਵੀ ਦਿੱਤੀ। ਮੁੱਖ ਮੰਤਰੀ ਨੇ ‘ਆਪ’ ਸਰਕਾਰ ਵੱਲੋਂ ਦਿੱਤੀਆਂ ਭਲਾਈ ਸਕੀਮਾਂ ਸਮੇਤ ਮੁਫ਼ਤ ਬਿਜਲੀ ਪਾਣੀ ਅਤੇ ਹੋਰ ਸਹੂਲਤਾਂ ਦਾ ਜ਼ਿਕਰ ਵੀ ਕੀਤਾ। ਆਪਣੇ ਹੀ ਗੱਡੀ ਦੀ ਛੱਤ ‘ਤੇ ਖੜ ਕੇ ਮੁੱਖ ਮੰਤਰੀ ਨੇ ਆਪਣਾ 15 ਕੁ ਮਿੰਟ ਦਾ ਭਾਸ਼ਣ ਦੀ ਬਾਦਲ ਪਰਿਵਾਰ ਨੂੰ ਨਿੱਜੀ ਤੌਰ ‘ਤੇ ਸੇਧਿਤ ਕਰਕੇ ਲਿਖੀ ਆਪਣੀ ਕਿੱਕਲੀ ਸੁਣਾ ਕੇ ਕੀਤੀ। ਬਰਨਾਲਾ ਜ਼ਿਲ੍ਹੇ ਵੱਲੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਲਾਭ ਸਿੰਘ ਉਗੋਕੇ ਅਤੇ ਹੋਰ ਆਗੂਆਂ ਵੱਲੋਂ ਮੁੱਖ ਮੰਤਰੀ ਦਾ ਸਨਮਾਨ ਵੀ ਕੀਤਾ ਗਿਆ।
-ਸਖ਼ਤ ਸੁਰੱਖਿਆ ਪ੍ਰਬੰਧਾਂ ਕਾਰਨ ਲੋਕਾਂ ਦੀ ਜਾਨ ਕੁੜਿੱਕੀ ਵਿੱਚ
ਮੁੱਖ ਮੰਤਰੀ ਦੀ ਸ਼ੁਕਰਾਨਾ ਯਾਤਰਾ ਦੌਰਾਨ ਬਰਨਾਲਾ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਜਥੇਬੰਦੀਆਂ ਦੇ ਆਗੂਆਂ ਨੂੰ ਪੁਲਿਸ ਵੱਲੋਂ ਸਵੇਰ ਵੇਲੇ ਹੀ ਡਿਟੇਨ ਕਰ ਲਿਆ ਗਿਆ ਸੀ। ਕੁਝ ਲੋਕ ਜਿਹੜੇ ਕਿਸੇ ਤਰਾਂ ਧਨੌਲਾ ਮੁੱਖ ਮੰਤਰੀ ਦੇ ਸਮਾਗਮ ਵਾਲੀ ਜਗ੍ਹਾ ਤੱਕ ਪੁੱਜੇ, ਜਿਨਾਂ ਬਾਰੇ ਜਦੋਂ ਪੁਲਿਸ ਨੂੰ ਪਤਾ ਲੱਗਿਆ, ਤਾਂ ਉਹਨਾਂ ਨੂੰ ਪੁਲਿਸ ਗੱਡੀਆਂ ‘ਚ ਬਿਠਾ ਕੇ ਲੈ ਗਈ। ਮੁੱਖ ਮੰਤਰੀ ਦੀ ਸ਼ੁਕਰਾਨਾ ਯਾਤਰਾ ਦੌਰਾਨ ਪੁਲਿਸ ਵੱਲੋਂ ਕੀਤੇ ਸਖ਼ਤ ਸੁਰੱਖਿਆ ਪ੍ਰਬੰਧਾਂ ‘ਤੇ ਆਮ ਲੋਕਾਂ ਵੱਲੋਂ ਸੋਸ਼ਲ ਮੀਡੀਆ ‘ਤੇ ਵੱਖ ਵੱਖ ਟਿੱਪਣੀਆਂ ਵੀ ਸਾਹਮਣੇ ਆਈਆਂ। ਮੁੱਖ ਮੰਤਰੀ ਦੀ ਸ਼ੁਕਰਾਨਾ ਯਾਤਰਾ ਪ੍ਰਤੀ ਬਰਨਾਲਾ ਪੁਲਿਸ ਪਿਛਲੇ ਦੋ ਤਿੰਨ ਦਿਨਾਂ ਤੋਂ ਇੱਕੋ ਲੱਤ ‘ਤੇ ਖੜੀ ਹੋਈ ਸੀ। ਅੱਜ ਜਦੋਂ ਮੁੱਖ ਮੰਤਰੀ ਦੀ ਸ਼ੁਕਰਾਨਾ ਯਾਤਰਾ ਬਰਨਾਲਾ ਜ਼ਿਲ੍ਹੇ ਦੀ ਹਦੂਦ ‘ਚੋਂ ਬਾਹਰ ਨਿਕਲੀ ਤਾਂ ਬਰਨਾਲਾ ਪੁਲਿਸ ਅਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਕਾਰਨ ਫਸੇ ਆਮ ਲੋਕਾਂ ਨੇ ਵੀ ਸੁੱਖ ਦਾ ਸਾਹ ਲਿਆ।
ਫੋਟੋ ਕੈਪਸ਼ਨ- ਬਰਨਾਲਾ ‘ਚ ਸ਼ੁਕਰਾਨਾ ਯਾਤਰਾ ਦੌਰਾਨ ਮੁੱਖ ਮੰਤਰੀ ਦੀਆਂ ਹੰਡਿਆਇਆ ਅਤੇ ਧਨੌਲਾ ਵਿਖੇ ਤਸਵੀਰਾਂ।










