ਬਰਨਾਲਾ ,10 ਮਈ, (ਨਿਰਮਲ ਸਿੰਘ ਪੰਡੋਰੀ)-
-ਉੰਝ ਭਾਵੇਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਨਗਰ ਨਿਗਮ, ਨਗਰ ਕੌਂਸਲ ਚੋਣਾਂ ਦਾ ਅਜੇ ਰਸਮੀ ਤੌਰ ‘ਤੇ ਐਲਾਨ ਨਹੀਂ ਕੀਤਾ ਪ੍ਰੰਤੂ ਬਰਨਾਲਾ ਵਿੱਚ ਲੱਗਭੱਗ ਸਾਰੇ ਸਿਆਸੀ ਪਾਰਟੀਆਂ ਦੇ ਸਿਆਸੀ ਯੋਗੀਆਂ ਨੇ ਵੋਟਰਾਂ ਅੱਗੇ ਬੀਨ ਵਜਾਉਣੀ ਸ਼ੁਰੂ ਕਰ ਦਿੱਤੀ ਹੈ। ਜੇਕਰ ਸੱਤਾ ਪੱਖ ਤੋਂ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੇ ਬਰਨਾਲਾ ਨਗਰ ਨਿਗਮ ਦੇ ਸਾਰੇ ਪੰਜਾਬ ਵਾਰਡਾਂ ‘ਚ ਆਪਣੇ ਚਿਹਰੇ ਲੱਗਭੱਗ ਫਾਈਨਲ ਕਰ ਲਏ ਹਨ ਜਿਨਾਂ ਨੂੰ ਵੋਟਰਾਂ ਦੇ ਦਰਵਾਜ਼ੇ ‘ਤੇ ਅਲਖ ਜਗਾਉਣ ਲਈ ਕਹਿ ਦਿੱਤਾ ਗਿਆ ਹੈ ਅਤੇ ਇਹਨਾਂ ਚਿਹਰਿਆਂ ਵੱਲੋਂ ਵੋਟਰਾਂ ਅੱਗੇ ਹੱਥ ਜੋੜਨ ਦੀ ਰਿਹਰਸਲ ਦਾ ਪਹਿਲਾਂ ਪੜਾਅ ਮੁਕੰਮਲ ਕਰ ਲਿਆ ਗਿਆ ਹੈ। ਨਗਰ ਨਿਗਮ ਬਰਨਾਲਾ ਲਈ ਉਮੀਦਵਾਰਾਂ ਦੀ ਚੋਣ ਵਿੱਚ ਕਾਂਗਰਸ ਦੂਜੇ ਨੰਬਰ ‘ਤੇ ਹੈ ਜਿਸਨੇ ਲੱਗਭੱਗ 40 ਦੇ ਕਰੀਬ ਉਮੀਦਵਾਰ ਫਾਈਨਲ ਕਰ ਲਏ ਹਨ ਅਤੇ ਬਾਕੀਆਂ ਲਈ ਪ੍ਰਕਿਰਿਆ ਜਾਰੀ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਉਮੀਦਵਾਰਾਂ ਦੀ ਚੋਣ ਦੇ ਮਾਮਲੇ ‘ਚ ਪਛੜੇ ਹੋਏ ਹਨ। ਸ਼ਹਿਰ ਦੀ ਨਵੀਂ ਵਾਰਡਬੰਦੀ ਨੇ ਕਾਂਗਰਸ, ਭਾਜਪਾ ਅਤੇ ਅਕਾਲੀਆਂ ਨੂੰ ਭੰਬਲਭੂਸੇ ਵਿੱਚ ਪਾਇਆ ਹੋਇਆ ਹੈ ਜਦਕਿ ਆਪ ਆਗੂ ਵਾਰਡਬੰਦੀ ਦੇ ਸਿਰ ‘ਤੇ ਆਪਣੀ ਜਿੱਤ ਯਕੀਨੀ ਮੰਨ ਰਹੇ ਹਨ। ਦੂਜੇ ਪਾਸੇ ਸ਼ਹਿਰ ਵਿੱਚ ਚਰਚਾ ਇਹ ਵੀ ਹੈ ਕਿ ਸੱਤਾਧਾਰੀਆਂ ਵੱਲੋਂ ਆਪਣੀ ਲੋੜ ਮੁਤਾਬਿਕ ਕੀਤੀ ਵਾਰਡਬੰਦੀ ਦੇ ਕਾਰਨ ਬਾਜ਼ੀ ਸੱਤਾਧਿਰ ਲਈ ਪੁੱਠੀ ਵੀ ਪੈ ਸਕਦੀ ਹੈ। ਆਮ ਆਦਮੀ ਪਾਰਟੀ ਲਈ ਨਗਰ ਨਿਗਮ ਚੋਣਾਂ ਵਿੱਚ ਇੱਕ ਹੋਰ ਸਿਰਦਰਦੀ ਖੜੀ ਹੋ ਸਕਦੀ ਹੈ ਕਿ ਇੱਕ ਵਾਰਡ ਵਿੱਚ ਇੱਕ ਤੋਂ ਵੱਧ ਦਾਅਵੇਦਾਰ ਹੋਣ ਕਰਕੇ ਜਿਹੜੇ ਆਗੂ ਟਿਕਟਾਂ ਤੋਂ ਵਾਂਝੇ ਰਹਿਣਗੇ ਉਹ ਸੱਤਾਧਿਰ ਦੀ ਰਣਨੀਤੀ ਵਿਗਾੜ ਸਕਦੇ ਹਨ। ਵੇਖਣ ਵਿੱਚ ਆ ਰਿਹਾ ਹੈ ਕਿ ਕੁਝ ਵਾਰਡਾਂ ਵਿੱਚ ਸੱਤਾਧਿਰ ਵੱਲੋਂ ਨਵੇਂ ਨਵੇਂ ਸ਼ਾਮਿਲ ਹੋਏ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਟਿਕਟਾਂ ਦੇਣ ਦੀ ਚਰਚਾ ਕਾਰਨ ਇਹਨਾਂ ਵਾਰਡਾਂ ‘ਚ ਟਕਸਾਲੀ ਆਪ ਆਗੂਆਂ ਦੀ ਹਿੱਕ ‘ਤੇ ਸਿਆਸੀ ਸੱਪ ਮੇਲਣੇ ਸ਼ੁਰੂ ਹੋ ਗਏ ਹਨ। ਜੇਕਰ ਇਹਨਾਂ ਸੱਪਾਂ ਨੇ ਵੋਟਾਂ ਵੇਲੇ ਫ਼ਨ ਚੁੱਕ ਲਏ ਤਾਂ ਇਹ ਆਪਣੇ ਹੀ ਉਮੀਦਵਾਰਾਂ ਨੂੰ ਡੰਗ ਸਕਦੇ ਹਨ।
ਵਿਧਾਨ ਸਭਾ ਦੇ ਜ਼ਿਮਨੀ ਚੋਣ ‘ਚ ਸੱਤਾਧਿਰ ਨੂੰ ਧੋਬੀ ਪਟਕਾ ਦੇ ਕੇ ਵਿਧਾਇਕ ਚੁਣੇ ਗਏ ਕਾਂਗਰਸ ਪਾਰਟੀ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ ਲਈ ਨਗਰ ਨਿਗਮ ਦੀਆਂ ਇਹ ਪਹਿਲੀਆਂ ਚੋਣਾਂ ਵੱਡਾ ਸਿਆਸੀ ਇਮਤਿਹਾਨ ਹੋਣਗੀਆਂ। ਨਗਰ ਨਿਗਮ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਦੇ ਮਾਮਲੇ ‘ਚ ਵਿਧਾਇਕ ਢਿੱਲੋਂ ਵੱਲੋਂ ਵਰਤੀ ਜਾ ਰਹੀ ਰਣਨੀਤੀ ਉਹਨਾਂ ਦੀ ਇਹਨਾਂ ਚੋਣਾਂ ਪ੍ਰਤੀ ਸੰਜੀਦਗੀ ਦਰਸਾਉਂਦੀ ਹੈ। ਨਗਰ ਨਿਗਮ ਚੋਣਾਂ ਲਈ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਸਕਰੀਨਿੰਗ ਸੂਚੀ ਵਿੱਚ ਬਹੁ ਗਿਣਤੀ ਤਜਰਬੇਕਾਰ ਦਾਅਵੇਦਾਰਾਂ ਦੀ ਦੱਸੀ ਜਾ ਰਹੀ ਹੈ ਜੋ ਇਹਨਾਂ ਚੋਣਾਂ ਲਈ ਕਾਂਗਰਸ ਦਾ ਇੱਕ ਪਲੱਸ ਪੁਆਇੰਟ ਹੋਵੇਗਾ। ਵਿਧਾਇਕ ਢਿੱਲੋਂ ਦਾ ਨਰਮ ਅਤੇ ਮਿਲਣਸਾਰ ਸੁਭਾਅ, ਲੋਕਾਂ ਦੇ ਹਰ ਦੁੱਖ ਸੁੱਖ ਵਿੱਚ ਸ਼ਰੀਕ ਹੋਣ ਦੀ ਨੀਤੀ ਅਤੇ ਲੋਕਾਂ ਦੀ ਵਿਧਾਇਕ ਢਿੱਲੋਂ ਤੱਕ ਸੌਖੀ ਪਹੁੰਚ ਨੇ ਢਿੱਲੋਂ ਦਾ ਕਾਫ਼ਲਾ ਜ਼ਿਮਨੀ ਚੋਣ ਨਾਲੋਂ ਵੀ ਵੱਡਾ ਕੀਤਾ ਹੈ। ਇਸ ਵਾਰ ਭਾਜਪਾ ਵਾਲੇ ਪੱਖ ਤੋਂ ਉਮੀਦਵਾਰਾਂ ਦੀ ਚੋਣ ਰਣਨੀਤੀ ‘ਤੇ ਵੀ ਸ਼ਹਿਰ ਦੇ ਲੋਕਾਂ ਦੀਆਂ ਨਜ਼ਰਾਂ ਟਿੱਕੀਆਂ ਰਹਿਣਗੀਆਂ ਕਿਉਂਕਿ ਟਰਾਈਡੈਂਟ ਵਾਲੇ ਰਾਜਿੰਦਰ ਗੁਪਤਾ ਦੀ ਭਾਜਪਾ ‘ਚ ਐਂਟਰੀ ਤੋਂ ਭਾਜਪਾ ਦਾ ਇੱਕ ਪੱਖ ਕਾਫ਼ੀ ਉਤਸ਼ਾਹਿਤ ਹੈ, ਜਦ ਕਿ ਭਾਜਪਾ ਆਗੂ ਕੇਂਦਰ ਸਿੰਘ ਢਿੱਲੋ ਨੇ ਵੀ ਪਹਿਲਾਂ ਨਾਲੋਂ ਸ਼ਹਿਰ ਵਿੱਚ ਆਪਣਾ ਪੱਖ ਮਜ਼ਬੂਤ ਕੀਤਾ ਹੈ। ਇਹ ਵੇਖਣਯੋਗ ਹੋਵੇਗਾ ਕਿ ਪਦਮਸ਼੍ਰੀ ਰਾਜਿੰਦਰ ਗੁਪਤਾ ਤੇ ਕੇਵਲ ਸਿੰਘ ਢਿੱਲੋਂ ਭਾਜਪਾ ਦੇ ਦੋਵੇਂ ਦਿੱਗਜ਼ ਆਗੂ ਨਗਰ ਨਿਗਮ ਦੇ ਪਹਿਲੇ ਮੇਅਰ ਦੀ ਕੁਰਸੀ ‘ਤੇ ਆਪਣੇ ਕਿਸੇ ਆਗੂ ਨੂੰ ਕਾਬਜ਼ ਕਰਨ ਲਈ ਕੀ ਰਣਨੀਤੀ ਅਪਣਾਉਂਦੇ ਹਨ। ਨਗਰ ਨਿਗਮ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਪੱਕੇ ਉਮੀਦਵਾਰਾਂ ਨੂੰ ਛੱਡ ਕੇ ਅਜੇ ਬਾਕੀ ਵਾਰਡਾਂ ਵਿੱਚ ਉਮੀਦਵਾਰਾਂ ਦੇ ਚਿਹਰੇ ਸਾਹਮਣੇ ਨਹੀਂ ਆ ਰਹੇ। ਸ਼੍ਰੋਮਣੀ ਅਕਾਲੀ ਦਲ ਜੇਕਰ ਆਪਣੀ ਵੋਟ ਬੈਂਕ ਸੰਭਾਲਣ ਵਿੱਚ ਕਾਮਯਾਬ ਰਿਹਾ ਤਾਂ ਨਗਰ ਨਿਗਮ ਚੋਣਾਂ ਦੇ ਨਤੀਜੇ ਪ੍ਰਭਾਵਿਤ ਜ਼ਰੂਰ ਕਰ ਸਕਦਾ ਹੈ। ਬਰਨਾਲਾ ਨਗਰ ਨਿਗਮ ਦੀਆਂ ਪਹਿਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਬਾਗ਼ੀ ਆਗੂ ਅਤੇ ਵਿਧਾਨ ਸਭਾ ਦੀ ਜ਼ਿਮਨੀ ਚੋਣ ਵਿੱਚ ਸੱਤਾਧਿਰ ਦੀ ਹਾਰ ਦਾ ਵੱਡਾ ਕਾਰਨ ਬਣੇ ਗੁਰਦੀਪ ਸਿੰਘ ਬਾਠ ਦੀਆਂ ਸਰਗਰਮੀਆਂ ‘ਤੇ ਵੀ ਨਜ਼ਰ ਟਿਕੀ ਰਹੇਗੀ।









