ਚੰਡੀਗੜ੍ਹ,16 ਮਈ, Gee98 news service-
-ਉੰਝ ਤਾਂ ਭਾਵੇਂ ਸਿਆਸੀ ਪਾਰਟੀਆਂ ਸਥਾਨਕ ਚੋਣਾਂ ਲਈ ਆਪਣੇ ਆਗੂਆਂ ਨੂੰ ਟਿਕਟ ਦੇਣ ਸਮੇਂ ਉਹਨਾਂ ਦੀ ਪੂਰੀ ਤਰ੍ਹਾਂ ਸਕਰੀਨਿੰਗ ਦਾ ਦਾਅਵਾ ਕਰਦੀਆਂ ਹਨ ਪ੍ਰੰਤੂ ਇਹ ਦਾਅਵੇ ਸਿਰਫ਼ ਲੋਕਾਂ ਦੇ ਅੱਖੀਂ ਘੱਟਾ ਪਾਉਣ ਵਾਲੇ ਹੁੰਦੇ ਹਨ ਜਦਕਿ ਅਸਲ ਵਿੱਚ ਰਾਜਨੀਤਿਕ ਪਾਰਟੀਆਂ ਟਿਕਟਾਂ ਦੀ ਵੰਡ ਕਰਨ ਸਮੇਂ ਉਮੀਦਵਾਰ ਦਾ ਕਿਰਦਾਰ ਅਤੇ ਸਮਾਜਿਕ ਸਟੇਟਸ ਪੂਰੀ ਤਰ੍ਹਾਂ ਅੱਖੋਂ ਪਰੋਖੇ ਕਰਦੀਆਂ ਹਨ। ਅਜਿਹਾ ਇੱਕ ਮਾਮਲਾ ਫਿਰੋਜਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਭਾਜਪਾ ਨੇ ਇੱਕ ਅਜਿਹੀ ਔਰਤ ਨੂੰ ਨਗਰ ਕੌਂਸਲ ਦੇ ਵਾਰਡ ਨੰਬਰ 22 ਤੋਂ ਉਮੀਦਵਾਰ ਬਣਾਇਆ ਜੋ ਆਪਣੇ ਘਰ ਵਿੱਚ ਹੀ ਦੇਹ ਵਪਾਰ ਦਾ ਧੰਦਾ ਕਰਵਾ ਰਹੀ ਸੀ। ਇੱਕ ਗੁਪਤ ਸੂਚਨਾ ਦੇ ਆਧਾਰ ‘ਤੇ ਜਦੋਂ ਪੁਲਿਸ ਪਾਰਟੀ ਨੇ ਇੱਕ ਘਰ ਵਿੱਚ ਛਾਪਾ ਮਾਰਿਆ ਤਾਂ ਚਕਲਾ ਚਲਾ ਰਹੀ ਮੁੱਖ ਸੰਚਾਲਕ ਔਰਤ ਸਮੇਤ ਸੱਤ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਨਾਂ ਵਿੱਚੋਂ ਘਰ ਦੀ ਮਾਲਕ ਅਤੇ ਕਥਿੱਤ ਮੁੱਖ ਸੰਚਾਲਕ ਸੋਮਾ ਰਾਣੀ ਨੂੰ ਭਾਜਪਾ ਵੱਲੋਂ ਵਾਰਡ ਨੰਬਰ 22 ਤੋਂ ਨਗਰ ਕੌਂਸਲ ਚੋਣ ਲਈ ਉਮੀਦਵਾਰ ਐਲਾਨਿਆ ਹੋਇਆ ਸੀ, ਪਰ ਵਿਵਾਦ ਉੱਠਣ ਮਗਰੋਂ ਪਾਰਟੀ ਨੇ ਉਸ ਦੀ ਟਿਕਟ ਬਦਲ ਕੇ ਕਿਸੇ ਹੋਰ ਨੂੰ ਦੇ ਦਿੱਤੀ। ਵਧੇਰੇ ਜਾਣਕਾਰੀ ਦਿੰਦਿਆਂ ਥਾਣਾ ਫ਼ਿਰੋਜ਼ਪੁਰ ਸਿਟੀ ਦੇ ਸਬ-ਇੰਸਪੈਕਟਰ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਨੂੰ ਇਕ ਖ਼ਬਰੀ ਨੇ ਸੂਹ ਦਿੱਤੀ ਕਿ ਬਸਤੀ ਸੁੰਨਵਾਂ ਵਾਲੀ ਵਾਰਡ ਨੰਬਰ 22 ਫ਼ਿਰੋਜ਼ਪੁਰ ਸ਼ਹਿਰ ਦੀ ਰਹਿਣ ਵਾਲੀ ਸੋਮਾ ਪਤਨੀ ਸਰਬਜੀਤ ਨਾਮ ਦੀ ਔਰਤ ਆਪਣੇ ਘਰ ਵਿਚ ਦੇਹ ਵਪਾਰ ਦਾ ਧੰਦਾ ਚਲਾਉਂਦੀ ਹੈ। ਉਹ ਬਾਹਰੋਂ ਗੈਰ-ਮਰਦਾਂ ਅਤੇ ਔਰਤਾਂ ਨੂੰ ਆਪਣੇ ਘਰ ਬੁਲਾ ਕੇ ਗਲਤ ਕੰਮ ਕਰਵਾਉਂਦੀ ਹੈ। ਜਾਂਚ ਅਧਿਕਾਰੀ ਮੁਤਾਬਿਕ ਉਕਤ ਔਰਤ ਪੂਰੀ ਤਰ੍ਹਾਂ ਇਸ ਚਕਲੇ ਦੀ ਕਮਾਈ ‘ਤੇ ਹੀ ਨਿਰਭਰ ਹੈ ਅਤੇ ਆਪਣੇ ਆਰਥਿਕ ਫਾਇਦੇ ਲਈ ਲੰਮੇ ਸਮੇਂ ਤੋਂ ਇਹ ਗੈਰ-ਕਾਨੂੰਨੀ ਧੰਦਾ ਚਲਾ ਰਹੀ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਦੱਸੇ ਗਏ ਘਰ ‘ਤੇ ਅਚਾਨਕ ਛਾਪਾ ਮਾਰਿਆ ਗਿਆ ਤਾਂ ਮੌਕੇ ਤੋਂ 7 ਮੁਲਜ਼ਮਾਂ ਸੋਮਾ ਪਤਨੀ ਸਰਬਜੀਤ ਸਿੰਘ ਮੁੱਖ ਮੁਲਜ਼ਮ, ਅੰਨੂ ਪਤਨੀ ਮਦਨ ਲਾਲ, ਪ੍ਰਕਾਸ਼ ਕੌਰ ਪਤਨੀ ਜਸਵੀਰ ਸਿੰਘ, ਜੋਤੀ, ਰਾਜ ਕੁਮਾਰ ਪੁੱਤਰ ਕਾਲੂ ਰਾਮ, ਗੌਰਵ ਕੁਮਾਰ ਪੁੱਤਰ ਛੋਟੇ ਰਾਮ, ਬਲਕਾਰ ਸਿੰਘ ਪੁੱਤਰ ਮੇਜਰ ਸਿੰਘ ਵਜੋਂ ਹੋਈ ਹੈ। ਐੱਸਆਈ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਸਾਰੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਦਾਲਤੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।









