ਬਰਨਾਲਾ,24 ਮਈ, (ਨਿਰਮਲ ਸਿੰਘ ਪੰਡੋਰੀ)-
ਨਗਰ ਨਿਗਮ ਚੋਣਾਂ ਲਈ ਲਾਊਡ ਸਪੀਕਰ ਲਾ ਕੇ ਅਤੇ ਵੱਡੇ ਇਕੱਠ ਕਰਕੇ ਪ੍ਰਚਾਰ ਕਰਨ ‘ਤੇ ਪਾਬੰਦੀ ਲੱਗਣ ਤੋਂ ਬਾਅਦ ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਕਾਂ ਨੇ ਨਿੱਜੀ ਤੌਰ ‘ਤੇ ਵੋਟਰਾਂ ਨਾਲ ਸੰਪਰਕ ਸ਼ੁਰੂ ਕਰ ਦਿੱਤਾ ਹੈ। ਚੋਣਾਂ ਲਈ 19 ਮਈ ਤੋਂ ਲੈ ਕੇ 24 ਮਈ ਤੱਕ ਸਾਰੀਆਂ ਸਿਆਸੀ ਪਾਰਟੀਆਂ ਦੇ ਚੋਣ ਲੜ ਰਹੇ ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਕਾਂ ਨੇ ਵੱਡੀਆਂ ਚੋਣ ਮੀਟਿੰਗਾਂ ਅਤੇ ਨੁੱਕੜ ਮੀਟਿੰਗਾਂ ਕਰਕੇ ਆਪਣੇ ਹੱਕ ਵਿੱਚ ਲਹਿਰ ਪੈਦਾ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ। ਨਿਗਮ ਚੋਣਾਂ ਦੇ 50 ਵਾਰਡਾਂ ਲਈ ਉੰਝ ਭਾਵੇਂ ਕਾਂਗਰਸ ਅਕਾਲੀ ਦਲ ਅਤੇ ਭਾਜਪਾ ਸਾਰੇ ਵਾਰਡਾਂ ‘ਤੇ ਆਪਣੇ ਉਮੀਦਵਾਰ ਨਹੀਂ ਉਤਾਰ ਸਕੀਆ ਪ੍ਰੰਤੂ ਚੋਣ ਪ੍ਰਚਾਰ ਦੌਰਾਨ ਇਹਨਾਂ ਪਾਰਟੀਆਂ ਨੇ ਸੱਤਾਧਾਰੀ ਪਾਰਟੀ ਨੂੰ ਬਰਾਬਰ ਦੀ ਟੱਕਰ ਦਿੱਤੀ। ਕੁਝ ਵਾਰਡਾਂ ਵਿੱਚ ਤਾਂ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਚੋਣ ਪ੍ਰਚਾਰ ਦੇ ਮਾਮਲੇ ‘ਚ ਆਮ ਆਦਮੀ ਪਾਰਟੀ ਤੋਂ ਦੋ ਕਦਮ ਅੱਗੇ ਰਹੀਆਂ। ਆਮ ਆਦਮੀ ਪਾਰਟੀ ਲਈ ਪ੍ਰਚਾਰ ਵਿੱਚ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਅਤੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ ਹੀ ਵੱਡੇ ਚਿਹਰੇ ਰਹੇ ਜਦਕਿ ਕਾਂਗਰਸ ਪਾਰਟੀ ਦੀ ਕਮਾਂਡ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਹੱਥ ਵਿੱਚ ਰਹੀ। ਦੂਜੇ ਪਾਸੇ ਭਾਜਪਾ ਲਈ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਚੋਣ ਪ੍ਰਚਾਰ ਲਈ ਮੈਦਾਨ ਵਿੱਚ ਨਿਤਰੇ ਰਹੇ ਅਤੇ ਪਿਛਲੇ ਦੋ ਕੁ ਦਿਨਾਂ ‘ਚ ਸੀਨੀਅਰ ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਨੇ ਵੀ ਕੁਝ ਉਮੀਦਵਾਰਾਂ ਦੇ ਹੱਕ ‘ਚ ਚੋਣ ਪ੍ਰਚਾਰ ਕੀਤਾ।
ਸ਼੍ਰੋਮਣੀ ਅਕਾਲੀ ਦਲ ਲਈ ਕੁਲਵੰਤ ਸਿੰਘ ਕੀਤੂ ਸਮੇਤ ਸੰਜੀਵ ਸ਼ੋਰੀ ਨੇ ਚੋਣ ਪ੍ਰਚਾਰ ਦੀ ਕਮਾਂਡ ਸੰਭਾਲੀ। ਨਗਰ ਨਿਗਮ ਬਰਨਾਲਾ ਚੋਣਾਂ ਲਈ ਚੋਣ ਪ੍ਰਚਾਰ ਦੌਰਾਨ ਇਹ ਹੈਰਾਨੀਜਨਕ ਪੱਖ ਸਾਹਮਣੇ ਆਇਆ ਕਿ ਕਿਸੇ ਵੀ ਸਿਆਸੀ ਪਾਰਟੀ ਦੇ ਵੱਡੇ ਆਗੂ ਨੇ ਚੋਣ ਪ੍ਰਚਾਰ ਵਿੱਚ ਹਾਜ਼ਰੀ ਨਹੀਂ ਭਰੀ ਇੱਥੋਂ ਤੱਕ ਕਿ ਪਾਰਟੀਆਂ ਵੱਲੋਂ ਇਹਨਾਂ ਚੋਣਾਂ ਲਈ ਅਬਜਰਵਰ ਦੇ ਤੌਰ ‘ਤੇ ਨਿਯੁਕਤ ਕੀਤੇ ਗਏ ਵੱਡੇ ਆਗੂਆਂ ਨੇ ਵੀ ਬਰਨਾਲਾ ਦੇ ਚੋਣ ਪ੍ਰਚਾਰ ਵਿੱਚ ਕਦਮ ਨਹੀਂ ਰੱਖਿਆ। ਆਮ ਆਦਮੀ ਪਾਰਟੀ ਦੇ ਅਬਜ਼ਰਵਰ ਨਿਯੁਕਤ ਕੀਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਤਾਂ ਨਗਰ ਨਿਗਮ ਚੋਣਾਂ ਸਬੰਧੀ ਨਿੱਜੀ ਤੌਰ ‘ਤੇ ਬਰਨਾਲੇ ਪੁੱਜ ਕੇ ਮੀਟਿੰਗ ਤੱਕ ਵੀ ਨਹੀਂ ਕੀਤੀ। ਸੂਤਰਾਂ ਅਨੁਸਾਰ ਵਿੱਤ ਮੰਤਰੀ ਚੀਮਾ ਨੇ ਬਰਨਾਲਾ ਨਿਗਮ ਚੋਣਾਂ ਸਬੰਧੀ ਵਰਚੂਅਲ ਮੀਟਿੰਗ ਹੀ ਕੀਤੀ। ਕਾਂਗਰਸ ਪਾਰਟੀ ਲਈ ਅਬਜ਼ਰਵਰ ਨਿਯੁਕਤ ਕੀਤੇ ਬਲਵਿੰਦਰ ਸਿੰਘ ਬੈਂਸ ਸਾਬਕਾ ਵਿਧਾਇਕ ਵੀ ਚੋਣ ਪ੍ਰਚਾਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਇੱਕ ਵਾਰ ਆਏ ਜਦਕਿ ਚੋਣ ਪ੍ਰਚਾਰ ਦੌਰਾਨ ਉਹਨਾਂ ਨੇ ਵੀ ਹਾਜ਼ਰੀ ਨਹੀਂ ਭਰੀ ਜਦਕਿ ਭਾਜਪਾ ਦੇ ਅਬਜ਼ਰਵਰ ਵਿਜੇ ਸਾਂਪਲਾ ਵੀ ਚੋਣ ਪ੍ਰਚਾਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਏ ਅਤੇ ਸਮੁੱਚੇ ਚੋਣ ਪ੍ਰਚਾਰ ਵਿੱਚੋਂ ਉਹ ਵੀ ਗ਼ੈਰ ਹਾਜ਼ਰ ਹੀ ਰਹੇ। ਸ਼੍ਰੋਮਣੀ ਅਕਾਲੀ ਦਲ ਦੇ ਵੀ ਕਿਸੇ ਵੱਡੇ ਆਗੂ ਨੇ ਚੋਣਾਂ ਵਿੱਚ ਪ੍ਰਚਾਰ ਕਰਨ ਲਈ ਬਰਨਾਲਾ ਦੀ ਧਰਤੀ ‘ਤੇ ਕਦਮ ਨਹੀਂ ਰੱਖਿਆ। ਬਰਨਾਲਾ ਨਿਗਮ ਚੋਣਾਂ ਲਈ ਚੋਣ ਪ੍ਰਚਾਰ ਦੌਰਾਨ ਇਹ ਵੀ ਵੇਖਣ ਵਿੱਚ ਆਇਆ ਕਿ ਆਮ ਆਦਮੀ ਪਾਰਟੀ ਦੇ ਜ਼ਿਲ੍ਹੇ ਨਾਲ ਸੰਬੰਧਿਤ ਦੋਵੇਂ ਵਿਧਾਇਕਾਂ ਨੇ ਵੀ ਬਰਨਾਲਾ ‘ਚ ਚੋਣ ਪ੍ਰਚਾਰ ਲਈ ਬਹੁਤੀ ਦਿਲਚਸਪੀ ਨਹੀਂ ਦਿਖਾਈ।ਕੁੱਲ ਮਿਲਾ ਕੇ ਸਾਰੀਆਂ ਪਾਰਟੀਆਂ ਦੇ ਸਥਾਨਕ ਆਗੂਆਂ ਨੇ ਹੀ ਆਪਣੇ ਉਮੀਦਵਾਰਾਂ ਦੇ ਹੱਕ ‘ਚ ਪ੍ਰਚਾਰ ਕੀਤਾ।










