Skip to main content

Gee 98News

ਪੰਜਾਬ ਭਾਜਪਾ ਦੀ ਕਮਾਂਡ ਬਰਨਾਲੇ ਵਾਲੇ ਕੇਵਲ ਸਿੰਘ ਢਿੱਲ ਦੇ ਹੱਥ

ਚੰਡੀਗੜ੍ਹ,28 ਮਈ (ਨਿਰਮਲ ਸਿੰਘ ਪੰਡੋਰੀ)-

ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿਧਾਨ ਸਭਾ ਦੀਆਂ ਅਗਲੀਆਂ ਚੋਣਾਂ ਦੇ ਮੱਦੇਨਜ਼ਰ ਇੱਕ ਵੱਡਾ ਫੈਸਲਾ ਕੀਤਾ ਹੈ। ਭਾਜਪਾ ਨੇ ਪੰਜਾਬ ਦੀ ਕਮਾਂਡ ਸਿੱਖ ਚਿਹਰੇ ਦੇ ਹੱਥ ਸੌਂਪਦੇ ਹੋਏ ਕੇਵਲ ਸਿੰਘ ਢਿੱਲੋ ਨੂੰ ਪੰਜਾਬ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। ਸ੍ਰੀ ਸੁਨੀਲ ਜਾਖੜ ਵੱਲੋਂ ਪੰਜਾਬ ਭਾਜਪਾ ਦੇ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਹੀ ਇਹ ਚਰਚਾ ਸ਼ੁਰੂ ਹੋ ਗਈ ਸੀ ਕਿ ਬੀਜੇਪੀ ਸੂਬੇ ਵਿੱਚ ਕਿਸੇ ਸਿੱਖ ਚਿਹਰੇ ਨੂੰ ਕਮਾਂਡ ਦੇ ਸਕਦੀ ਹੈ ਇਸ ਦੌਰਾਨ ਕੇਵਲ ਸਿੰਘ ਢਿੱਲੋ ਦਾ ਨਾਮ ਵੀ ਚਰਚਾ ਵਿੱਚ ਆਉਂਦਾ ਰਿਹਾ ਹੈ। ਕੇਵਲ ਸਿੰਘ ਢਿੱਲੋ ਚਾਰ ਕੁ ਸਾਲ ਪਹਿਲਾਂ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਏ ਸਨ ਅਤੇ ਉਹਨਾਂ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਤੀ ਨਜ਼ਦੀਕੀਆਂ ਵਿੱਚੋਂ ਗਿਣਿਆ ਜਾਂਦਾ ਰਿਹਾ ਹੈ। ਇੱਕ ਸਿਆਸਤਦਾਨ ਦੇ ਨਾਲ ਨਾਲ ਕੇਵਲ ਸਿੰਘ ਢਿੱਲੋਂ ਉੱਘੇ ਕਾਰੋਬਾਰੀ ਵੀ ਹਨ। ‌ ਕੇਵਲ ਸਿੰਘ ਢਿੱਲੋਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਟੱਲੇਵਾਲ ਦੇ ਜੰਮਪਲ ਹਨ ਅਤੇ ਉਹ 2007 ਤੇ 2012 ਵਿੱਚ ਬਰਨਾਲਾ ਤੋਂ ਵਿਧਾਇਕ ਵੀ ਚੁਣੇ ਗਏ ਸਨ। ਕੇਵਲ ਸਿੰਘ ਢਿੱਲੋ ਲਈ ਇਹ ਨਵੀਂ ਸਿਆਸੀ ਪਾਰੀ ਚੁਣੌਤੀਆਂ ਭਰਪੂਰ ਹੋਵੇਗੀ ਕਿਉਂਕਿ ਭਾਜਪਾ 2027 ‘ਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜਿੱਤ ਕੇ ਪੰਜਾਬ ਦੀ ਸੱਤਾ ‘ਤੇ ਕਬਜ਼ਾ ਕਰਨ ਦੀ ਯੋਜਨਾ ਬਣਾ ਰਹੀ ਹੈ ਅਤੇ ਹੁਣ ਇਸ ਯੋਜਨਾ ਨੂੰ ਨੇਪਰੇ ਚਾੜਨ ਦੀ ਜਿੰਮੇਵਾਰੀ ਕੇਵਲ ਸਿੰਘ ਢਿੱਲੋਂ ਦੇ ਕੋਲ ਹੋਵੇਗੀ। ਕਾਂਗਰਸ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਕੇਵਲ ਸਿੰਘ ਢਿੱਲੋਂ ਦੀ ਰਾਜਨੀਤੀ ਦਾ ਇਹ ਇੱਕ ਚਰਚਿਤ ਪੱਖ ਰਿਹਾ ਹੈ ਕਿ ਉਹ ਥੋੜੇ ਸਮੇਂ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਗ੍ਰਿਹ ਮੰਤਰੀ ਅਮਿਤ ਸ਼ਾਹ ਦੇ ਨਾਲ ਨੇੜਤਾ ਕਾਇਮ ਕਰਨ ਵਿੱਚ ਕਾਮਯਾਬ ਰਹੇ।

error: Content is protected !!