ਬਰਨਾਲਾ,28 ਮਈ (ਨਿਰਮਲ ਸਿੰਘ ਪੰਡੋਰੀ)-
-ਨਗਰ ਨਿਗਮ ਬਰਨਾਲਾ ਦੇ ਕੌਂਸਲਰਾਂ ਦੀ ਚੋਣ ਲਈ 26 ਮਈ ਨੂੰ ਪਈਆਂ ਵੋਟਾਂ ਦੀ ਗਿਣਤੀ ਕੱਲ੍ਹ 29 ਮਈ ਨੂੰ ਸਥਾਨਕ SD ਕਾਲਜ ਵਿਖੇ ਹੋਵੇਗੀ। ਨਗਰ ਨਿਗਮ ਦੀਆਂ ਇਹ ਪਹਿਲੀਆਂ ਚੋਣਾਂ ਤਣਾਅਪੂਰਨ ਮਾਹੌਲ ਵਿੱਚ ਸੰਪੰਨ ਹੋਈਆਂ ਇਸ ਕਰਕੇ ਗਿਣਤੀ ਪ੍ਰਤੀ ਵੀ ਉਮੀਦਵਾਰਾਂ ਅਤੇ ਸਮਰਥਕਾਂ ਦੇ ਮਨਾਂ ਵਿੱਚ ਅਜੇ ਤੱਕ ਵੀ ਤਨਾਅ ਬਣਿਆ ਹੋਇਆ ਹੈ। ਪਿਛਲੇ ਕਈ ਸਾਲਾਂ ਤੋਂ ਬਰਨਾਲਾ ਸ਼ਹਿਰ ਵਿੱਚ ਪਹਿਲੀ ਵਾਰ ਹੋਇਆ ਕਿ ਵੋਟਿੰਗ ਦੌਰਾਨ ਉਮੀਦਵਾਰਾਂ ਦੇ ਸਿਰ ਪਾਟੇ, ਪੱਗਾਂ ਲੱਥੀਆਂ, ਥੱਪੜ ਪਰੇਡ ਹੋਈ, ਮੁੱਕੇਬਾਜ਼ੀ, ਘਸੁੰਨਬਾਜ਼ੀ, ਗਾਲੀ ਗਲੋਚ ਦੀ ਰੱਜ ਕੇ ਵਰਤੋਂ ਕੀਤੀ ਗਈ, ਇਥੋਂ ਤੱਕ ਕਿ ਵੋਟਿੰਗ ਦੌਰਾਨ ਵਰਦੀਧਾਰੀ ਆਤੰਕ ਦਾ ਸਾਹਮਣਾ ਵੀ ਵੋਟਰਾਂ ਨੂੰ ਕਰਨਾ ਪਿਆ। ਸ਼ਹਿਰ ਵਾਸੀਆਂ ਦੀਆਂ ਨਜ਼ਰਾਂ ਸਭ ਤੋਂ ਵੱਧ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਗੁਰਜੀਤ ਸਿੰਘ ਰਾਮਨਿਵਾਸੀਆ, ਹਸਨਪ੍ਰੀਤ ਭਾਰਦਵਾਜ, ਰਾਜੀਵ ਲੂਬੀ, ਮੱਖਣ ਸ਼ਰਮਾ, ਮਹੇਸ਼ ਲੋਟਾ, ਸੁਖਜੀਤ ਕੌਰ ਸੁੱਖੀ, ਕੁਲਦੀਪ ਧਰਮਾ, ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਸੋਨੀ ਜਾਗਿਲ, ਪਰਮਜੀਤ ਸਿੰਘ ਢਿੱਲੋਂ,ਜੋਂਟੀ ਮਾਨ, ਲੱਕੀ ਕੰਡਾ, ਹੇਮਰਾਜ ਗਰਗ, ਧਰਮ ਸਿੰਘ ਫੌਜੀ, ਨਰਿੰਦਰ ਸ਼ਰਮਾ ਦੇ ਵਾਰਡਾਂ ਦੇ ਚੋਣ ਨਤੀਜਿਆਂ ‘ਤੇ ਟਿਕੀਆਂ ਹੋਈਆਂ ਹਨ। ਇਸ ਤੋਂ ਇਲਾਵਾ ਕੁਝ ਅਜਿਹੇ ਵਾਰਡ ਵੀ ਹਨ ਜਿੱਥੋਂ ਜਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਆਜ਼ਾਦ ਉਮੀਦਵਾਰਾਂ ਦੀ ਡਟਕੇ ਮਦਦ ਕੀਤੀ ਹੈ। ਚਰਚਾ ਅਨੁਸਾਰ ਨਗਰ ਨਿਗਮ ਬਰਨਾਲਾ ਦੀਆਂ ਪਹਿਲੀਆਂ ਚੋਣਾਂ ਵਿੱਚ 6 ਤੋਂ 8 ਉਮੀਦਵਾਰ ਆਜ਼ਾਦ ਤੌਰ ‘ਤੇ ਜਿੱਤਣ ਦੀ ਪੁਜ਼ੀਸ਼ਨ ਵਿੱਚ ਹਨ, ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਉਮੀਦਵਾਰ ਮੇਅਰ ਦੀ ਚੋਣ ਦਾ ਸਮੀਕਰਨ ਵਿਗਾੜ ਸਕਦੇ ਹਨ। ਬਹਰਰਾਲ ! ਚੋਣ ਲੜ ਚੁੱਕੇ ਉਮੀਦਵਾਰਾਂ ਦੀ ਧੜਕਣ ਪੀਪੀਆਂ ਖੋਲ੍ਹਣ ਤੱਕ ਉੱਪਰ ਥੱਲੇ ਰਹੇਗੀ, ਜਿਹੜੀ ਕੱਲ ਪੀਪੀਆਂ ਖੋਲਣ ਤੋਂ ਬਾਅਦ ਹੀ ਟਿਕਾਣੇ ‘ਤੇ ਆਵੇਗੀ।








