ਬਰਨਾਲਾ , 30 ਮਈ, (ਨਿਰਮਲ ਸਿੰਘ ਪੰਡੋਰੀ)-
-ਨਗਰ ਨਿਗਮ ਬਰਨਾਲਾ ਦੀਆਂ ਚੋਣਾਂ ਵਿੱਚ ਜਿੱਤ ਦੇ ਜਸ਼ਨਾਂ ਦੌਰਾਨ ਸ਼ਹਿਰ ਦੀ ਇੱਕ ਵਾਰਡ ਤੋਂ ਜਿੱਤੇ ਸੱਤਾਧਾਰੀ ਉਮੀਦਵਾਰ ਦੇ ਇੱਕ ਸਮਰਥਕ ਵੱਲੋਂ ਸ਼ਰੇਆਮ ਹਵਾਈ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਕਲਿੱਪ ਵੀ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਜਿੱਤ ਦੇ ਜਸ਼ਨਾਂ ਦੌਰਾਨ ਇੱਕ ਵਿਅਕਤੀ ਪਿਸਤੌਲ ਨਾਲ ਸ਼ਰੇਆਮ ਹਵਾਈ ਫਾਇਰ ਕਰ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਵਾਰਡ ਨੰਬਰ 33 ਤੋਂ ਵਿਜੇਤਾ ਉਮੀਦਵਾਰ ਰੀਟਾ ਗੋਇਲ ਆਪਣੇ ਸਮਰਥਕਾਂ ਨਾਲ ਜਸ਼ਨ ਮਨਾ ਰਹੇ ਸਨ ਇਸ ਦੌਰਾਨ ਇਹਨਾਂ ਜਸ਼ਨਾਂ ਵਿੱਚ ਸ਼ਾਮਿਲ ਇੱਕ ਵਿਅਕਤੀ ਨੇ ਪਿਸਤੌਲ ਆਪਣੇ ਡੱਬ ਵਿੱਚੋਂ ਕੱਢਿਆ ਤੇ ਇੱਕ ਤੋਂ ਵੱਧ ਫਾਇਰ ਕੀਤੇ। ਚੋਣ ਜਿੱਤਣ ਦੇ ਜਸ਼ਨਾਂ ਦੌਰਾਨ ਹਵਾਈ ਫਾਇਰਿੰਗ ਦੀ ਇਹ ਵੀਡੀਓ ਕਲਿੱਪ ਜੰਗਲ ਦੀ ਅੱਗ ਵਾਂਗ ਸ਼ਹਿਰ ਵਿੱਚ ਵਾਇਰਲ ਹੋਈ ਜਿਸ ਤੋਂ ਬਾਅਦ ਲੋਕ ਟਿੱਪਣੀਆਂ ‘ਚ ਕਈ ਤਰ੍ਹਾਂ ਦੇ ਸਵਾਲ ਕਰ ਰਹੇ ਹਨ ਕਿ ਜੇਕਰ ਚੋਣਾਂ ਦੌਰਾਨ ਪੰਜਾਬ ਪੁਲਿਸ ਵੱਲੋਂ ਅਸਲਾ ਜਮ੍ਹਾਂ ਕਰਵਾਇਆ ਗਿਆ ਤਾਂ ਇਸ ਵਿਅਕਤੀ ਕੋਲ ਅਸਲਾ ਕਿੱਥੋਂ ਆਇਆ ? ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹਵਾਈ ਫਾਇਰਿੰਗ ਦੀ ਇਸ ਵੀਡੀਓ ਕਲਿੱਪ ਸਬੰਧੀ ਜਦੋਂ ਬਰਨਾਲਾ ਦੇ ਡੀਐਸਪੀ ਸਤਬੀਰ ਸਿੰਘ ਬੈਂਸ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਸੰਬੰਧਿਤ ਵਿਅਕਤੀ ਦੇ ਖ਼ਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਚੋਣਾਂ ਜਿੱਤਣ ਦੇ ਜਸ਼ਨਾਂ ਦੌਰਾਨ ਸ਼ਰੇਆਮ ਹਵਾਈ ਫਾਇਰਿੰਗ ਕਰਨ ਵਾਲੇ ਇਸ ਵਿਅਕਤੀ ਦੀ ਵੀਡੀਓ ਕਲਿੱਪ ਅਤੇ ਤਸਵੀਰਾਂ ਦੇ ਅਧਾਰ ‘ਤੇ ਪੁਲਿਸ ਪਛਾਣ ਕਰ ਰਹੀ ਹੈ।









