Skip to main content

Gee 98News

ਨਗਰ ਨਿਗਮ ਚੋਣਾਂ : ਅਕਾਲੀ ਦਲ ਦੀ ਆਪ ਨੂੰ ਸਲਾਹ…ਪੁਲਿਸ ਦੇ ਕਿਸੇ ਵੱਡੇ ਅਫਸਰ ਨੂੰ ਬਣਾਓ ਮੇਅਰ…!

ਬਰਨਾਲਾ ,31 ਮਈ, Gee98 news service-

-ਸ਼੍ਰੋਮਣੀ ਅਕਾਲੀ ਦਲ ਨੇ ਨਗਰ ਨਿਗਮ ਬਰਨਾਲਾ ਦੀਆਂ ਚੋਣਾਂ ‘ਚ ਧਾਂਦਲੀਆਂ, ਧੱਕੇਸ਼ਾਹੀ ਅਤੇ ਗੁੰਡਾਗਰਦੀ ਦੇ ਦੋਸ਼ ਲਗਾਉਂਦੇ ਹੋਏ ਹੋਏ ਚੋਣਾਂ ਦੇ ਮਾਮਲੇ ਨੂੰ ਹਾਈਕੋਰਟ ਲਿਜਾਣ ਦਾ ਐਲਾਨ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਨੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਅਤੇ ਸੀਨੀਅਰ ਆਗੂ ਰੁਪਿੰਦਰ ਸਿੰਘ ਸੰਧੂ, ਸੰਜੀਵ ਸ਼ੋਰੀ, ਸੋਨੀ ਜਾਗਲ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਨਗਰ ਨਿਗਮ ਚੋਣਾਂ ਲੜ ਚੁੱਕੇ ਉਮੀਦਵਾਰਾਂ ਦੀ ਹਾਜ਼ਰੀ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਅਕਾਲੀ ਆਗੂਆਂ ਨੇ ਚੋਣਾਂ ਦੌਰਾਨ ਸ਼ਰੇਆਮ ਧੱਕੇਸ਼ਾਹੀ ਦੇ ਦੋਸ਼ ਲਗਾਏ। ਅਕਾਲੀ ਆਗੂਆਂ ਨੇ ਕਿਹਾ ਕਿ ਵੋਟਰ ਸੂਚੀਆਂ ਵਿੱਚ ਤਬਦੀਲੀਆਂ ਤੋਂ ਲੈ ਕੇ ਵੋਟਾਂ ਦੀ ਗਿਣਤੀ ਤੱਕ ਸਥਾਨਕ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੇ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਅਤੇ ਸੱਤਾਧਿਰ ਦੀ ਰੱਜ ਕੇ ਮਦਦ ਕੀਤੀ। ਅਕਾਲੀ ਆਗੂਆਂ ਨੇ ਬਰਨਾਲਾ ਦੇ ਡੀਐਸਪੀ ਅਤੇ ਸਿਟੀ ਥਾਣਾ ਦੇ ਇੰਚਾਰਜ ਦੀ ਚੋਣਾਂ ਦੌਰਾਨ ਭੂਮਿਕਾ ‘ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਚਾਹੀਦਾ ਹੈ ਕਿ ਉਹ ਡੀਐਸਪੀ ਅਤੇ ਐਸਐਚਓ ਵਿੱਚੋਂ ਕਿਸੇ ਇੱਕ ਅਫ਼ਸਰ ਨੂੰ ਨਗਰ ਨਿਗਮ ਦਾ ਮੇਅਰ ਬਣਾ ਦੇਵੇ। ਅਕਾਲੀ ਆਗੂਆਂ ਨੇ ਦੋਸ਼ ਲਗਾਇਆ ਕਿ ਡੀਐਸਪੀ ਤੇ ਐਸਐਚਓ ਸਿਟੀ ਨੇ ਵੋਟਾਂ ਵਾਲੇ ਦਿਨ ਸੱਤਾਧਿਰ ਦੇ ਹੱਕ ‘ਚ ਟੀਮ ਵਰਕ ਕੀਤਾ। ਅਕਾਲੀ ਆਗੂਆਂ ਨੇ ਸਥਾਨਕ ਪੁਲਿਸ ਤੇ ਬੂਥ ਕੈਪਚਰਿੰਗ ਵਰਗੇ ਗੰਭੀਰ ਦੋਸ਼ ਵੀ ਲਗਾਏ। ਉਨਾ ਦਾਅਵਾ ਕੀਤਾ ਕਿ ਪੋਲਿੰਗ ਬੂਥਾਂ ਅਤੇ ਸਟਰਾਂਗ ਰੂਮ ‘ਚ ਲੱਗੇ ਸੀਸੀਟੀਵੀ ਕੈਮਰੇ ਸਾਰੀ ਸੱਚਾਈ ਸਾਹਮਣੇ ਰੱਖਣਗੇ ਜਿਨਾਂ ਦੀ ਰਿਕਾਰਡਿੰਗ ਅਕਾਲੀ ਦਲ ਵੱਲੋਂ ਕਾਨੂੰਨੀ ਤੌਰ ‘ਤੇ ਮੰਗੀ ਜਾਵੇਗੀ ਅਤੇ ਸੀਸੀਟੀਵੀ ਕੈਮਰਿਆਂ ਦੀ ਇਹ ਰਿਕਾਰਡਿੰਗ ਮਾਨਯੋਗ ਹਾਈਕੋਰਟ ਦੇ ਸਾਹਮਣੇ ਵੀ ਰੱਖੀ ਜਾਵੇਗੀ। ਅਕਾਲੀ ਆਗੂਆਂ ਨੇ ਕਿਹਾ ਕਿ ਭਾਵੇ ਉਹਨਾਂ ਨੂੰ ਇਹਨਾਂ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਲੈਣ ਲਈ ਇੱਕ ਵੱਖਰੀ ਪਟੀਸ਼ਨ ਦਾਇਰ ਕਰਨੀ ਪਵੇ ਪਰੰਤੂ ਉਹ ਪੋਲਿੰਗ ਬੂਥਾਂ ਅਤੇ ਸਟਰਾਂਗ ਰੂਮ ਲੱਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਪ੍ਰਾਪਤ ਕਰਕੇ ਹੀ ਦਮ ਲੈਣਗੇ। ਆਗੂਆਂ ਨੇ ਦੋਸ਼ ਲਗਾਇਆ ਕਿ ਜ਼ਿਲ੍ਹੇ ਦੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਵਾਂਗ ਕੰਮ ਕੀਤਾ। ਨਗਰ ਨਿਗਮ ਚੋਣਾਂ ‘ਚ ਧਾਂਦਲੀ ਅਤੇ ਧੱਕੇਸ਼ਾਹੀ ਦੇ ਦੋਸ਼ ਲਗਾਉਂਦੇ ਹੋਏ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਅਤੇ ਵਾਰਡ ਨੰਬਰ 36 ਤੋਂ ਚੋਣ ਲੜ ਚੁੱਕੇ ਬਿੱਟੂ ਦੀਵਾਨਾ ਨੇ ਇੱਥੋਂ ਤੱਕ ਦਾਅਵਾ ਕਰ ਦਿੱਤਾ ਕਿ ਉਹਨਾਂ ਦੇ ਵਾਰਡ ਦੀ ਚੋਣ ਨਿਰਪੱਖ ਤੌਰ ‘ਤੇ ਦੁਬਾਰਾ ਕਰਵਾਈ ਜਾਵੇ ਅਤੇ ਨਤੀਜਾ ਵੀ ਮੌਕੇ ‘ਤੇ ਐਲਾਨ ਕੀਤਾ ਜਾਵੇ ਜੇਕਰ ਉਹ ਚੋਣ ਨਾ ਜਿੱਤੇ ਤਾਂ ਉਹ ਸਿਆਸਤ ਛੱਡ ਦੇਣਗੇ। ਅਕਾਲੀ ਆਗੂਆਂ ਨੇ ਕਿਹਾ ਕਿ ਉਹ ਚੋਣਾਂ ਦੇ ਐਲਾਨ ਤੋਂ ਲੈ ਕੇ ਵੋਟਰ ਸੂਚੀਆਂ ਦੀਆਂ ਤਬਦੀਲੀਆਂ ਲਈ ਜ਼ਿੰਮੇਵਾਰ ਅਧਿਕਾਰੀਆਂ ਅਤੇ ਚੋਣਾਂ ਵਾਲੇ ਦਿਨ ਅਤੇ ਗਿਣਤੀ ਵਾਲੇ ਦਿਨ ਜ਼ਿੰਮੇਵਾਰ ਅਧਿਕਾਰੀਆਂ ਨੂੰ ਹਾਈਕੋਰਟ ਤੱਕ ਲੈ ਕੇ ਜਾਵੇਗਾ। ਬਰਨਾਲਾ ਪੁਲਿਸ ਦੇ ਸੀਨੀਅਰ ਅਫ਼ਸਰਾਂ ‘ਤੇ ਅਕਾਲੀ ਦਲ ਦੇ ਸਿੱਧੇ ਦੋਸ਼ਾਂ ਤੋਂ ਬਾਅਦ ਇੱਕ ਵਾਰ ਫਿਰ ਬਰਨਾਲਾ ਪੁਲਿਸ ਸਵਾਲਾਂ ਦੇ ਘੇਰੇ ਵਿੱਚ ਹੈ। ਜ਼ਿਕਰਯੋਗ ਹੈ ਕਿ ਬਰਨਾਲਾ ਦੇ ਇਤਿਹਾਸ ਵਿੱਚ ਚੋਣਾਂ ਦੇ ਮਾਮਲੇ ‘ਚ ਇਹ ਪਹਿਲੀ ਵਾਰ ਹੋਇਆ ਹੈ ਕਿ ਪੁਲਿਸ ‘ਤੇ ਸਿੱਧੇ ਦੋਸ਼ ਲੱਗੇ ਹਨ।‌

error: Content is protected !!