ਬਰਨਾਲਾ,2 ਜੂਨ, ( ਨਿਰਮਲ ਸਿੰਘ ਪੰਡੋਰੀ )-
-ਨਗਰ ਨਿਗਮ ਬਰਨਾਲਾ ਦੀਆਂ ਚੋਣਾਂ ਦਾ ਪੂਰਾ ਅਮਲ ਸੰਪੰਨ ਹੋਣ ਤੋਂ ਬਾਅਦ ਵੀ ਸ਼ਹਿਰ ਦਾ ਸਿਆਸੀ ਕਲੇਸ਼ ਮੁੱਕਣ ਦਾ ਨਾਮ ਨਹੀਂ ਲੈ ਰਿਹਾ। ਸੱਤਾ ਵਿਰੋਧੀ ਪਾਰਟੀਆਂ ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਆਜ਼ਾਦ ਉਮੀਦਵਾਰਾਂ ਵੱਲੋਂ ਲਗਾਤਾਰ ਦੋਸ਼ ਲਗਾਏ ਜਾ ਰਹੇ ਹਨ ਕਿ ਚੋਣਾਂ ਦੌਰਾਨ ਸੱਤਾਧਾਰੀ ਪਾਰਟੀ ਨੇ ਪੁਲਿਸ ਅਤੇ ਪ੍ਰਸ਼ਾਸਨ ਦੀ ਮਦਦ ਨਾਲ ਧੱਕੇਸ਼ਾਹੀ ਕੀਤੀ। ਮੈਂਬਰ ਪਾਰਲੀਮੈਂਟ ਮੀਤ ਹੇਅਰ ਦੇ ਚੋਣਾਂ ਪਾਰਦਰਸ਼ੀ ਅਤੇ ਅਮਨ ਅਮਾਨ ਢੰਗ ਨਾਲ ਹੋਣ ਦੇ ਦਾਅਵੇ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਸਾਰੇ ਆਗੂ ਇਕ ਵਾਰ ਫੇਰ ਸਰਗਰਮ ਹੋ ਗਏ ਹਨ ਜਿਨਾਂ ਵੱਲੋਂ ਵੱਖੋ ਵੱਖਰੇ ਤੌਰ ‘ਤੇ ਪ੍ਰੈਸ ਕਾਨਫਰੰਸ ਕਰਕੇ ਮੈਂਬਰ ਪਾਰਲੀਮੈਂਟ ਮੀਤ ਹੇਅਰ ‘ਤੇ ਤਿੱਖੇ ਹਮਲੇ ਕੀਤੇ ਜਾ ਰਹੇ ਹਨ। ਸਥਾਨਕ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਵੀ ਇੱਕ ਪ੍ਰੈਸ ਕਾਨਫਰੰਸ ਕਰਕੇ ਮੈਂਬਰ ਪਾਰਲੀਮੈਂਟ ਮੀਤ ਹੇਅਰ ਦੇ ਚੋਣਾਂ ਪਾਰਦਰਸ਼ੀ ਢੰਗ ਨਾਲ ਹੋਣ ਦੇ ਦਾਅਵਿਆਂ ਨੂੰ ਨਿਰਾ ਝੂਠ ਦਾ ਪੁਲੰਦਾ ਦੱਸਿਆ ਹੈ। ਵਿਧਾਇਕ ਢਿੱਲੋਂ ਨੇ ਕਿਹਾ ਕਿ ਸ਼ਹਿਰ ਦਾ ਬੱਚਾ ਬੱਚਾ ਇਹ ਗੱਲ ਜਾਣਦਾ ਹੈ ਕਿ ਨਗਰ ਨਿਗਮ ਦੀਆਂ ਚੋਣਾਂ ਕਿਵੇਂ ਹੋਈਆਂ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਇਹ ਚੋਣਾਂ ਜਿੱਤੀਆਂ ਨਹੀਂ ਸਗੋਂ ਪੁਲਿਸ ਪ੍ਰਸ਼ਾਸਨ ਦੇ ਜ਼ੋਰ ‘ਤੇ ਲੁੱਟੀਆਂ ਹਨ। ਵਿਧਾਇਕ ਢਿੱਲੋਂ ਨੇ ਕਿਹਾ ਕਿ ਕਾਂਗਰਸ ਪਾਰਟੀ ਨਗਰ ਨਿਗਮ ਚੋਣਾਂ ਦੇ ਚੋਣ ਨਤੀਜਿਆਂ ਨੂੰ ਕਾਨੂੰਨੀ ਮੁਹਾਜ ‘ਤੇ ਤਾਂ ਲੈ ਕੇ ਜਾਵੇਗੀ ਹੀ ਪ੍ਰੰਤੂ ਫਿਰ ਵੀ ਜੇਕਰ ਮੈਂਬਰ ਪਾਰਲੀਮੈਂਟ ਮੀਤ ਹੇਅਰ ਨੂੰ ਪੂਰਾ ਭਰੋਸਾ ਹੈ ਕਿ ਚੋਣਾਂ ਪਾਰਦਰਸ਼ੀ ਢੰਗ ਨਾਲ ਹੋਇਆ ਹਨ ਤਾਂ ਉਹ ਜਦੋਂ ਮਰਜ਼ੀ ਚਾਹੁਣ ਤਾਂ ਪੂਰੇ ਪੰਜਾਬ ‘ਚ ਬਰਨਾਲੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਅੜੀਸਰ ਸਾਹਿਬ ਆ ਕੇ ਸਹੁੰ ਖਾ ਕੇ ਕਹਿ ਦੇਣ ਕਿ ਚੋਣਾਂ ਪਾਰਦਰਸ਼ੀ ਢੰਗ ਨਾਲ ਹੋਈਆਂ ਹਨ। ਵਿਧਾਇਕ ਢਿੱਲੋਂ ਵੱਲੋਂ ਮੈਂਬਰ ਪਾਰਲੀਮੈਂਟ ਮੀਤ ਹੇਅਰ ਨੂੰ ਦਿੱਤੇ ਇਸ ਧਾਰਮਿਕ ਚੈਲੰਜ ਤੋਂ ਬਾਅਦ ਸ਼ਹਿਰ ਵਿੱਚ ਇੱਕ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਅਕਸਰ ਸਿਆਸੀ ਲੀਡਰਾਂ ਵੱਲੋਂ ਆਪਣੇ ਵਿਰੋਧੀ ਸਿਆਸੀ ਲੀਡਰਾਂ ਨੂੰ ਸਿਆਸੀ ਜਾਂ ਵੱਧ ਤੋਂ ਵੱਧ ਕਾਨੂੰਨੀ ਮੁਹਾਜ਼ ‘ਤੇ ਹੀ ਘੇਰਿਆ ਜਾਂਦਾ ਹੈ ਪ੍ਰੰਤੂ ਇਹ ਪਹਿਲੀ ਵਾਰ ਹੈ ਕਿ ਸੱਤਾਧਾਰੀ ਪਾਰਟੀ ਦੇ ਵੱਡੇ ਲੀਡਰ ਨੂੰ ਵਿਰੋਧੀ ਪਾਰਟੀ ਦੇ ਲੀਡਰ ਨੇ ਧਾਰਮਿਕ ਮੁਹਾਜ਼ ‘ਤੇ ਆਉਣ ਲਈ ਵੰਗਾਰਿਆ ਹੈ। ਕੁੱਲ ਮਿਲਾ ਕੇ ਮੈਂਬਰ ਪਾਰਲੀਮੈਂਟ ਮੀਤ ਹੇਅਰ ਚੋਣਾਂ ‘ਚ ਧੱਕੇਸ਼ਾਹੀ ਦੇ ਮੁੱਦੇ ‘ਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਸਵਾਲਾਂ ‘ਚ ਬੁਰੀ ਤਰ੍ਹਾਂ ਘਿਰੇ ਹੋਏ ਹਨ, ਭਾਵੇਂ ਕਿ ਆਪਣੀ ਪ੍ਰੈਸ ਕਾਨਫਰੰਸ ਦੌਰਾਨ ਮੈਂਬਰ ਪਾਰਲੀਮੈਂਟ ਮੀਤ ਹੇਅਰ ਨੇ ਚੋਣਾਂ ਸਾਫ਼ ਸੁਥਰੀਆਂ ਹੋਣ ਦਾ ਦਾਅਵਾ ਕੀਤਾ ਪ੍ਰੰਤੂ ਨਗਰ ਨਿਗਮ ਦੀ ਬੇਤਰਤੀਬੀ ਵਾਰਡਬੰਦੀ ਅਤੇ ਵੋਟਰ ਸੂਚੀਆਂ ‘ਚ ਵਾਰ-ਵਾਰ ਤਬਦੀਲੀਆਂ ਦੇ ਸਵਾਲ ‘ਤੇ ਮੈਂਬਰ ਪਾਰਲੀਮੈਂਟ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ।









